ਬਾਏ ਨਾਓ ਪੇ ਲੇਟਰ(Buy Now, Pay Later): ਯੂਏਈ ਵਿੱਚ ਕਿਸ਼ਤਾਂ ਤੇ ਖ਼ਰੀਦਦਾਰੀ ਦਾ ਨਵਾਂ ਰੁਝਾਨ

ਬਾਏ ਨਾਓ ਪੇ ਲੇਟਰ(Buy Now, Pay Later): ਯੂਏਈ ਵਿੱਚ ਕਿਸ਼ਤਾਂ ਤੇ ਖ਼ਰੀਦਦਾਰੀ ਦਾ ਨਵਾਂ ਰੁਝਾਨ

ਯੂਏਈ ਵਿੱਚ ਖਰੀਦਦਾਰੀ ਦੇ ਤਰੀਕੇ ਤੇਜ਼ੀ ਨਾਲ ਬਦਲ ਰਹੇ ਹਨ। ਪਹਿਲਾਂ ਲੋਕਾਂ ਨੂੰ ਕੋਈ ਵੱਡੀ ਚੀਜ਼ ਖਰੀਦਣ ਲਈ ਜਾਂ ਤਾਂ ਪੂਰੀ ਰਕਮ ਇਕੱਠੀ ਕਰਨੀ ਪੈਂਦੀ ਸੀ ਜਾਂ ਫਿਰ ਕ੍ਰੈਡਿਟ ਕਾਰਡ ਦੀ ਸਹਾਇਤਾ ਲੈਣੀ ਪੈਂਦੀ ਸੀ। ਪਰ ਹੁਣ ਬਾਜ਼ਾਰ ਵਿੱਚ "ਬਾਏ ਨਾਓ, ਪੇ ਲੇਟਰ" ਜਿਹੇ ਵਿਕਲਪ ਆਉਣ ਨਾਲ ਹਾਲਾਤ ਬਦਲ ਰਹੇ ਹਨ। ਇਹ ਤਰੀਕਾ ਲੋਕਾਂ ਨੂੰ ਆਪਣੀ ਲੋੜੀਂਦੀ ਜਾਂ ਪੰਸਦੀਦਾ ਚੀਜ਼ ਤੁਰੰਤ ਖਰੀਦਣ ਦਾ ਮੌਕਾ ਦਿੰਦਾ ਹੈ, ਜਿਸਦਾ ਭੁਗਤਾਨ ਬਾਅਦ ਵਿੱਚ ਕੁਝ ਮਹੀਨਿਆਂ ਵਿੱਚ ਕੀਤਾ ਜਾ ਸਕਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਭੁਗਤਾਨ ਸਮੇਂ ‘ਤੇ ਕਰ ਦਿੱਤਾ ਜਾਵੇ ਤਾਂ ਵਾਧੂ ਵਿਆਜ਼ ਨਹੀਂ ਲੱਗਦਾ।

 

ਲੋਕਾਂ ਦੀ ਰੁਚੀ ਇਸ ਵੱਲ ਵਧਣ ਦੇ ਕਈ ਕਾਰਨ ਹਨ। ਕੀਮਤਾਂ ਵਿੱਚ ਹੌਲੀ-ਹੌਲੀ ਵਾਧਾ, ਪਰਿਵਾਰਕ ਖਰਚੇ ਅਤੇ ਤੰਗ ਬਜਟ ਅਕਸਰ ਲੋਕਾਂ ਨੂੰ ਕਿਸ਼ਤਾਂ ਦਾ ਵਿਕਲਪ ਚੁਣਨ ਲਈ ਮਜਬੂਰ ਕਰ ਦਿੰਦੇ ਹਨ। ਨੌਜਵਾਨ ਪੀੜ੍ਹੀ, ਖ਼ਾਸ ਕਰਕੇ ਉਹ ਜੋ ਹਾਲ ਹੀ ਵਿੱਚ ਨੌਕਰੀਆਂ ਸ਼ੁਰੂ ਕਰ ਰਹੇ ਹਨ ਜਾਂ ਨਵੇਂ ਸ਼ਹਿਰਾਂ ਵਿੱਚ ਸੈਟਲ ਹੋ ਰਹੇ ਹਨ, ਇਸ ਤਰੀਕੇ ਨੂੰ ਵਧੀਆ ਵਿਕਲਪ ਮੰਨ ਰਹੇ ਹਨ। ਸਰਵੇਖਣ ਦੱਸਦੇ ਹਨ ਕਿ ਨੌਜਵਾਨਾਂ ਵਿਚੋਂ ਚਾਰ ਵਿੱਚੋਂ ਲਗਭਗ ਦੋ ਲੋਕ ਰੋਜ਼ਾਨਾ ਖਰੀਦਦਾਰੀ ਲਈ ਵੀ ਇਹ ਸਹੂਲਤ ਵਰਤ ਰਹੇ ਹਨ—ਚਾਹੇ ਉਹ ਗ੍ਰੋਸਰੀ ਖਰੀਦਣੀ ਹੋਵੇ, ਸਮਾਰਟਫੋਨ ਲੈਣਾ ਹੋਵੇ ਜਾਂ ਕਿਸੇ ਕਾਂਸਰਟ ਦਾ ਟਿਕਟ ਬੁੱਕ ਕਰਨਾ ਹੋਵੇ।

 

ਇਸ ਪ੍ਰਣਾਲੀ ਦਾ ਕਾਰਜਕ੍ਰਮ ਬਹੁਤ ਸੌਖਾ ਹੈ। ਜਦੋਂ ਕੋਈ ਗ੍ਰਾਹਕ ਆਨਲਾਈਨ ਜਾਂ ਸਟੋਰ ਵਿੱਚ ਚੀਜ਼ ਚੁਣਦਾ ਹੈ ਤਾਂ ਚੈਕਆਉਟ ‘ਤੇ "ਬਾਏ ਨਾਓ, ਪੇ ਲੇਟਰ" ਚੋਣ ਕਰ ਸਕਦਾ ਹੈ। ਫਿਰ ਕੁੱਲ ਰਕਮ ਨੂੰ 3 ਤੋਂ 6 ਮਹੀਨਿਆਂ ਦੀਆਂ ਕਿਸ਼ਤਾਂ ਵਿੱਚ ਵੰਡ ਦਿੱਤਾ ਜਾਂਦਾ ਹੈ। ਵਪਾਰੀ ਨੂੰ ਪੂਰੀ ਰਕਮ ਤੁਰੰਤ ਮਿਲ ਜਾਂਦੀ ਹੈ, ਪਰ ਗ੍ਰਾਹਕ ਆਪਣੀ ਸਹੂਲਤ ਅਨੁਸਾਰ ਕਿਸ਼ਤਾਂ ਭਰਦਾ ਹੈ। ਜੇ ਕਿਸ਼ਤ ਵਿੱਚ ਦੇਰੀ ਹੋਵੇ ਤਾਂ ਛੋਟਾ ਜਿਹਾ ਜੁਰਮਾਨਾ ਲੱਗਦਾ ਹੈ। ਯੂਏਈ ਵਿੱਚ ਕਈ ਫਿਨਟੈਕ ਕੰਪਨੀਆਂ ਨੇ ਬੈਂਕਾਂ ਨਾਲ ਮਿਲ ਕੇ ਇਹ ਸਹੂਲਤ ਦਿੱਤੀ ਹੈ, ਜਿਸ ਨਾਲ ਇਹ ਪ੍ਰਕਿਰਿਆ ਹੋਰ ਵੀ ਸੁਰੱਖਿਅਤ ਅਤੇ ਭਰੋਸੇਯੋਗ ਬਣ ਗਈ ਹੈ।

 

ਫਿਰ ਵੀ, ਇਹ ਯਾਦ ਰੱਖਣਾ ਜਰੂਰੀ ਹੈ ਕਿ ਇਹ ਇੱਕ ਵਧੀਆ ਸਾਧਨ ਹੈ ਪਰ ਇਸਦਾ ਜ਼ਿੰਮੇਵਾਰੀ ਨਾਲ ਵਰਤਣਾ ਲਾਜ਼ਮੀ ਹੈ। ਕਈ ਵਾਰ ਲੋਕ ਛੋਟੀਆਂ-ਛੋਟੀਆਂ ਕਿਸ਼ਤਾਂ ਦੇ ਕਾਰਨ ਲੋੜ ਤੋਂ ਵੱਧ ਖਰੀਦਦਾਰੀ ਕਰ ਲੈਂਦੇ ਹਨ। ਜੇ ਇਕੋ ਸਮੇਂ ਬਹੁਤ ਸਾਰੇ "ਬਾਏ ਨਾਓ, ਪੇ ਲੇਟਰ" ਯੋਜਨਾਵਾਂ ਚੱਲ ਰਹੀਆਂ ਹੋਣ ਤਾਂ ਉਨ੍ਹਾਂ ਦੀ ਗਿਣਤੀ ਰੱਖਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਛੋਟੀ ਗਲਤੀ ਵੀ ਵੱਡਾ ਵਿੱਤੀ ਬੋਝ ਬਣ ਸਕਦੀ ਹੈ। ਇਸ ਲਈ ਚੰਗਾ ਹੈ ਕਿ ਗ੍ਰਾਹਕ ਆਪਣੀਆਂ ਲੋੜਾਂ ਤੇ ਸ਼ੌਕ ਵਿੱਚ ਅੰਤਰ ਪਾ ਕੇ ਹੀ ਇਹ ਚੋਣ ਕਰਣ।

 

ਇਸ ਤਰੀਕੇ ਨਾਲ ਕੁਝ ਛੁਪੇ ਹੋਏ ਖ਼ਤਰੇ ਵੀ ਜੁੜੇ ਹਨ। ਜਿਵੇਂ ਕਿ ਕਈ ਵਾਰ ਸਮੇਂ ‘ਤੇ ਭੁਗਤਾਨ ਕਰਨ ਦੇ ਬਾਵਜੂਦ ਇਹ ਰਿਕਾਰਡ ਕ੍ਰੈਡਿਟ ਹਿਸਟਰੀ ਵਿੱਚ ਸ਼ਾਮਲ ਨਹੀਂ ਹੁੰਦਾ, ਜਿਸ ਕਰਕੇ ਗ੍ਰਾਹਕ ਦਾ ਸਕੋਰ ਨਹੀਂ ਵਧਦਾ। ਪਰ ਜੇ ਇਕ ਭੁਗਤਾਨ ਵੀ ਮਿਸ ਹੋ ਜਾਵੇ ਤਾਂ ਇਹ ਸਕੋਰ ਨੂੰ ਕਾਫ਼ੀ ਨੁਕਸਾਨ ਪਹੁੰਚਾ ਸਕਦਾ ਹੈ। ਰਿਟਰਨ ਨੀਤੀਆਂ ਵਿੱਚ ਵੀ ਗਲਤਫ਼ਹਮੀਆਂ ਪੈ ਸਕਦੀਆਂ ਹਨ ਕਿਉਂਕਿ ਵਸਤੂ ਵਾਪਸ ਕਰਨ ਦਾ ਮਤਲਬ ਇਹ ਨਹੀਂ ਕਿ ਕਿਸ਼ਤਾਂ ਰੁਕ ਜਾਂਦੀਆਂ ਹਨ। ਕਈ ਵਾਰ ਰਿਫੰਡ ਆਉਣ ਤੱਕ ਭੁਗਤਾਨ ਕਰਨਾ ਹੀ ਪੈਂਦਾ ਹੈ।

 

ਰੋਜ਼ਾਨਾ ਜ਼ਿੰਦਗੀ ਵਿੱਚ ਇਹ ਪ੍ਰਣਾਲੀ ਬਹੁਤ ਮਦਦਗਾਰ ਹੋ ਸਕਦੀ ਹੈ। ਜਿਵੇਂ ਕਿ ਕਿਸੇ ਮਹੀਨੇ ਗ੍ਰੋਸਰੀ ਦਾ ਖਰਚ ਜ਼ਿਆਦਾ ਹੋ ਗਿਆ ਹੋਵੇ, ਦਵਾਈਆਂ ਦੀ ਲੋੜ ਪੈ ਗਈ ਹੋਵੇ ਜਾਂ ਫਰਨੀਚਰ ਤੇ ਘਰੇਲੂ ਸਮਾਨ ਦੀ ਖਰੀਦ ਹੋਵੇ—ਹਰ ਸਥਿਤੀ ਵਿੱਚ ਇਹ ਢੰਗ ਬਜਟ ਨੂੰ ਸੰਭਾਲਣ ਵਿੱਚ ਮਦਦ ਕਰਦਾ ਹੈ। ਪਰ ਇਸਦਾ ਸਹੀ ਤਰੀਕੇ ਨਾਲ ਵਰਤਣਾ ਹੀ ਲਾਭਕਾਰੀ ਹੈ। ਛੋਟੀਆਂ-ਛੋਟੀਆਂ ਗਲਤੀਆਂ, ਜਿਵੇਂ ਕਿ ਕਿਸ਼ਤ ਭੁੱਲ ਜਾਣਾ ਜਾਂ ਬੇਲੋੜੇ ਖਰਚੇ ਕਰਨਾ, ਵਿੱਤੀ ਤਣਾਅ ਪੈਦਾ ਕਰ ਸਕਦੇ ਹਨ।

 

ਆਖ਼ਰ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ "ਬਾਏ ਨਾਓ, ਪੇ ਲੇਟਰ" ਯੂਏਈ ਦੇ ਖਰੀਦਦਾਰਾਂ ਲਈ ਇਕ ਲਚਕਦਾਰ ਤੇ ਆਧੁਨਿਕ ਵਿਕਲਪ ਹੈ। ਇਹ ਨਾ ਸਿਰਫ਼ ਵੱਡੀਆਂ ਚੀਜ਼ਾਂ ਲਈ, ਸਗੋਂ ਰੋਜ਼ਾਨਾ ਦੀਆਂ ਜ਼ਰੂਰਤਾਂ ਲਈ ਵੀ ਮਦਦਗਾਰ ਸਾਬਤ ਹੋ ਸਕਦਾ ਹੈ। ਪਰ ਇਸਨੂੰ ਜਾਦੂਈ ਹੱਲ ਸਮਝਣ ਦੀ ਬਜਾਏ ਇਕ ਸਹਾਇਕ ਸਾਧਨ ਮੰਨ ਕੇ ਵਰਤਣਾ ਹੀ ਸਭ ਤੋਂ ਸਮਝਦਾਰੀ ਭਰਿਆ ਕਦਮ ਹੋਵੇਗਾ।