ਹੀਰੋ ਤਿਲਕ ਵਰਮਾ, ਭਾਰਤ ਨੇ ਜ਼ਬਰਦਸਤ ਮੁਕਾਬਲੇ ਵਿੱਚ ਪਾਕਿਸਤਾਨ ਨੂੰ 5 ਦੌੜਾਂ ਨਾਲ ਹਰਾ ਕੇ 9ਵੀਂ ਵਾਰ ਏਸ਼ੀਆ ਕੱਪ ਜਿੱਤਿਆ ਰਚਿਆ ਇਤਿਹਾਸ

ਹੀਰੋ ਤਿਲਕ ਵਰਮਾ, ਭਾਰਤ ਨੇ ਜ਼ਬਰਦਸਤ ਮੁਕਾਬਲੇ ਵਿੱਚ ਪਾਕਿਸਤਾਨ ਨੂੰ 5 ਦੌੜਾਂ ਨਾਲ ਹਰਾ ਕੇ 9ਵੀਂ ਵਾਰ ਏਸ਼ੀਆ ਕੱਪ ਜਿੱਤਿਆ ਰਚਿਆ ਇਤਿਹਾਸ

ਦੁਬਈ, 29 ਸਤੰਬਰ- ਕ੍ਰਿਕਟ ਜਗਤ ਵਿੱਚ 'ਕਲਾਸਿਕ' ਮੰਨੇ ਜਾਣ ਵਾਲੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ 2025 ਦਾ ਫਾਈਨਲ ਮੁਕਾਬਲਾ ਟੀਮ ਇੰਡੀਆ ਦੇ ਨਾਂ ਰਿਹਾ। ਐਤਵਾਰ, 28 ਸਤੰਬਰ ਨੂੰ ਦੁਬਈ ਵਿੱਚ ਖੇਡੇ ਗਏ ਇਸ ਟੀ-20 ਫਾਰਮੈਟ ਦੇ ਫਾਈਨਲ ਵਿੱਚ ਭਾਰਤ ਨੇ ਆਪਣੇ ਚਿਰ-ਵਿਰੋਧੀ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾ ਕੇ 9ਵੀਂ ਵਾਰ ਏਸ਼ੀਆ ਕੱਪ ਦੀ ਟਰਾਫੀ ਚੁੱਕੀ। ਇਸ ਜਿੱਤ ਨਾਲ ਭਾਰਤ ਨੇ ਇੱਕ ਵੱਡਾ ਰਿਕਾਰਡ ਵੀ ਆਪਣੇ ਨਾਂ ਕੀਤਾ ਹੈ, ਜਿਸ ਨਾਲ ਉਹ ਏਸ਼ੀਆ ਕੱਪ ਦੇ ਇਤਿਹਾਸ ਵਿੱਚ ਪਹਿਲੀ ਟੀਮ ਬਣ ਗਈ ਹੈ ਜਿਸ ਨੇ ਵਨ-ਡੇ ਅਤੇ ਟੀ-20 ਦੋਵੇਂ ਫਾਰਮੈਟਾਂ ਵਿੱਚ ਘੱਟੋ-ਘੱਟ ਦੋ-ਦੋ ਵਾਰ ਇਹ ਖਿਤਾਬ ਜਿੱਤਿਆ ਹੈ।

 

ਪਾਕਿਸਤਾਨ ਦੀ ਪਾਰੀ

ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ, ਜਿਸ ਨੂੰ ਪਾਕਿਸਤਾਨੀ ਸਲਾਮੀ ਬੱਲੇਬਾਜ਼ਾਂ ਸਾਹਿਬਜ਼ਾਦਾ ਫਰਹਾਨ ਅਤੇ ਫਖਰ ਜ਼ਮਾਂ ਨੇ ਸ਼ੁਰੂਆਤ ਵਿੱਚ ਚੁਣੌਤੀ ਦਿੱਤੀ। ਦੋਹਾਂ ਨੇ 84 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਫਰਹਾਨ ਨੇ ਸ਼ਾਨਦਾਰ ਅਰਧ ਸੈਂਕੜਾ (57) ਜੜਿਆ ਅਤੇ ਫਖਰ ਜ਼ਮਾਂ ਨੇ 46 ਦੌੜਾਂ ਦਾ ਯੋਗਦਾਨ ਦਿੱਤਾ। ਪਰ ਇਸ ਤੋਂ ਬਾਅਦ ਜਿਵੇਂ ਹੀ ਭਾਰਤੀ ਸਪਿਨਰ ਮੈਦਾਨ ਵਿੱਚ ਆਏ, ਪਾਕਿਸਤਾਨ ਦੀ ਪਾਰੀ ਤਾਸ਼ ਦੇ ਪੱਤਿਆਂ ਵਾਂਗ ਖਿੱਲਰ ਗਈ।

ਖਾਸ ਤੌਰ 'ਤੇ ਕੁਲਦੀਪ ਯਾਦਵ ਨੇ ਆਪਣੀ ਜਾਦੂਈ ਗੇਂਦਬਾਜ਼ੀ ਨਾਲ ਪਾਕਿਸਤਾਨ ਦੀ ਕਮਰ ਤੋੜ ਦਿੱਤੀ। ਕੁਲਦੀਪ ਨੇ ਸਿਰਫ਼ 30 ਦੌੜਾਂ ਦੇ ਕੇ 4 ਅਹਿਮ ਵਿਕਟਾਂ ਲਈਆਂ, ਜਿਨ੍ਹਾਂ ਵਿੱਚੋਂ ਤਿੰਨ ਵਿਕਟਾਂ ਇੱਕੋ ਓਵਰ ਵਿੱਚ ਆਈਆਂ। ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ ਅਤੇ ਅਕਸ਼ਰ ਪਟੇਲ ਨੇ ਵੀ 2-2 ਵਿਕਟਾਂ ਲੈ ਕੇ ਪਾਕਿਸਤਾਨ ਨੂੰ 19.1 ਓਵਰਾਂ ਵਿੱਚ ਸਿਰਫ਼ 146 ਦੌੜਾਂ 'ਤੇ ਢੇਰ ਕਰ ਦਿੱਤਾ।

 

ਭਾਰਤ ਦੀ ਬੱਲੇਬਾਜ਼ੀ

147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਦੀ ਸ਼ੁਰੂਆਤ ਬਹੁਤ ਨਿਰਾਸ਼ਾਜਨਕ ਰਹੀ। ਚੋਟੀ ਦੇ ਤਿੰਨ ਬੱਲੇਬਾਜ਼, ਅਭਿਸ਼ੇਕ ਸ਼ਰਮਾ (5), ਕਪਤਾਨ ਸੂਰਯਕੁਮਾਰ ਯਾਦਵ (1) ਅਤੇ ਸ਼ੁਭਮਨ ਗਿੱਲ (12), ਥੋੜ੍ਹੀਆਂ ਦੌੜਾਂ ਬਣਾ ਕੇ ਹੀ ਪੈਵੇਲੀਅਨ ਪਰਤ ਗਏ। ਸਿਰਫ਼ 20 ਦੌੜਾਂ 'ਤੇ 3 ਵਿਕਟਾਂ ਗੁਆ ਕੇ ਟੀਮ ਮੁਸ਼ਕਲ ਵਿੱਚ ਸੀ।

ਪਰ ਇਸ ਨਾਜ਼ੁਕ ਮੋੜ 'ਤੇ ਤਿਲਕ ਵਰਮਾ ਨੇ ਕਮਾਲ ਕਰ ਦਿਖਾਇਆ। ਉਨ੍ਹਾਂ ਨੇ ਪਹਿਲਾਂ ਸੰਜੂ ਸੈਮਸਨ (24 ਦੌੜਾਂ) ਨਾਲ ਮਿਲ ਕੇ 57 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਫਿਰ ਸ਼ਿਵਮ ਦੂਬੇ (33 ਦੌੜਾਂ) ਨਾਲ 60 ਦੌੜਾਂ ਦੀ ਮਹੱਤਵਪੂਰਨ ਸਾਂਝੇਦਾਰੀ ਬਣਾ ਕੇ ਮੈਚ ਨੂੰ ਭਾਰਤ ਦੇ ਹੱਕ ਵਿੱਚ ਮੋੜ ਦਿੱਤਾ। ਤਿਲਕ ਵਰਮਾ ਨੇ ਦਬਾਅ ਹੇਠ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ 53 ਗੇਂਦਾਂ ਵਿੱਚ ਨਾਬਾਦ 69 ਦੌੜਾਂ ਬਣਾਈਆਂ, ਜਿਸ ਵਿੱਚ 3 ਚੌਕੇ ਅਤੇ 4 ਛੱਕੇ ਸ਼ਾਮਲ ਸਨ।

ਆਖਰੀ ਓਵਰ ਵਿੱਚ ਭਾਰਤ ਨੂੰ 10 ਦੌੜਾਂ ਦੀ ਲੋੜ ਸੀ। ਤਿਲਕ ਵਰਮਾ ਨੇ ਪਹਿਲੀਆਂ ਤਿੰਨ ਗੇਂਦਾਂ 'ਤੇ ਇੱਕ ਡਬਲ, ਇੱਕ ਛੱਕਾ ਅਤੇ ਇੱਕ ਸਿੰਗਲ ਲੈ ਕੇ ਜਿੱਤ ਨੂੰ ਯਕੀਨੀ ਬਣਾ ਦਿੱਤਾ। ਰਿੰਕੂ ਸਿੰਘ ਨੇ ਅਗਲੀ ਹੀ ਗੇਂਦ 'ਤੇ ਚੌਕਾ ਲਗਾ ਕੇ ਭਾਰਤ ਨੂੰ ਪੰਜ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਿਵਾਈ। ਤਿਲਕ ਵਰਮਾ ਨੂੰ ਉਨ੍ਹਾਂ ਦੀ ਬੇਮਿਸਾਲ ਪਾਰੀ ਲਈ 'ਮੈਨ ਆਫ਼ ਦਾ ਮੈਚ' ਚੁਣਿਆ ਗਿਆ।

ਇਸ ਜਿੱਤ ਨਾਲ ਸੂਰਯਕੁਮਾਰ ਯਾਦਵ ਏਸ਼ੀਆ ਕੱਪ ਜਿੱਤਣ ਵਾਲੇ ਭਾਰਤ ਦੇ ਛੇਵੇਂ ਕਪਤਾਨ ਬਣ ਗਏ ਹਨ, ਅਤੇ ਭਾਰਤ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਏਸ਼ੀਆਈ ਕ੍ਰਿਕਟ ਦਾ ਅਸਲੀ ਬਾਦਸ਼ਾਹ ਹੈ।