ਡਿਲੀਵਰੀ ਪੋਰਟਲ ਕੀਟਾ ਯੂਏਈ ਵਿੱਚ ਹੈੱਡਕੁਆਰਟਰ ਸਥਾਪਤ ਕਰੇਗਾ, 350 ਨੌਕਰੀਆਂ ਪੈਦਾ ਕਰੇਗਾ

ਡਿਲੀਵਰੀ ਪੋਰਟਲ ਕੀਟਾ ਯੂਏਈ ਵਿੱਚ ਹੈੱਡਕੁਆਰਟਰ ਸਥਾਪਤ ਕਰੇਗਾ, 350 ਨੌਕਰੀਆਂ ਪੈਦਾ ਕਰੇਗਾ

ਦੁਬਈ, 1 ਅਕਤੂਬਰ- ਯੂਏਈ ਦੇ ਨਿਵੇਸ਼ ਮੰਤਰਾਲੇ ਨੇ ਚੀਨ ਦੀ ਪ੍ਰਸਿੱਧ ਕੰਪਨੀ ਮੀਟੂਆਨ ਦੀ ਅੰਤਰਰਾਸ਼ਟਰੀ ਸਹਾਇਕ ਇਕਾਈ ਕੀਟਾ ਨਾਲ ਇੱਕ ਮਹੱਤਵਪੂਰਨ ਸਮਝੌਤਾ ਪੱਤਰ ‘ਤੇ ਦਸਤਖ਼ਤ ਕੀਤੇ ਹਨ। ਇਸ ਸਮਝੌਤੇ ਅਧੀਨ ਕੀਟਾ ਆਪਣੇ ਖੇਤਰੀ ਹੈੱਡਕੁਆਰਟਰ ਦੀ ਸਥਾਪਨਾ ਯੂਏਈ ਵਿੱਚ ਕਰੇਗੀ ਅਤੇ ਡਿਜ਼ਿਟਲ ਕਾਮਰਸ ਨਾਲ ਨਾਲ ਏਆਈ-ਸੰਚਾਲਿਤ ਲੌਜਿਸਟਿਕ ਸੇਵਾਵਾਂ ਨੂੰ ਵਧਾਉਣ ਲਈ ਵੱਡੇ ਪੱਧਰ ‘ਤੇ ਨਿਵੇਸ਼ ਲਿਆਵੇਗੀ।

 

ਕੀਟਾ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ ਤਿੰਨ ਤੋਂ ਪੰਜ ਸਾਲਾਂ ਵਿੱਚ ਉਹ ਯੂਏਈ ਵਿੱਚ ਸੈਂਕੜੇ ਮਿਲੀਅਨ ਡਾਲਰ ਦੀ ਰਕਮ ਲਗਾਏਗੀ। ਇਸ ਯੋਜਨਾ ਰਾਹੀਂ 350 ਤੋਂ ਵੱਧ ਉੱਚ-ਹੁਨਰਮੰਦ ਰੁਜ਼ਗਾਰ ਦੇ ਮੌਕੇ ਬਣਣਗੇ, ਜੋ ਸਥਾਨਕ ਜਵਾਨਾਂ ਅਤੇ ਪੇਸ਼ੇਵਰਾਂ ਲਈ ਇੱਕ ਵੱਡਾ ਫਾਇਦਾ ਸਾਬਤ ਹੋਣਗੇ। ਇਸਦੇ ਨਾਲ ਹੀ, ਕੰਪਨੀ ਆਪਣੀ ਡਿਲੀਵਰੀ ਸੇਵਾਵਾਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਡਰੋਨ ਅਤੇ ਆਟੋਨੋਮਸ ਵਾਹਨਾਂ ਦੀ ਵਰਤੋਂ ਕਰੇਗੀ। ਇਹ ਉਪਰਾਲਾ ਨਾ ਸਿਰਫ਼ ਡਿਲੀਵਰੀ ਦੇ ਸਮੇਂ ਨੂੰ ਘਟਾਏਗਾ ਬਲਕਿ ਸੁਰੱਖਿਆ ਅਤੇ ਭਰੋਸੇਯੋਗਤਾ ਵਿੱਚ ਵੀ ਵਾਧਾ ਕਰੇਗਾ।

 

ਇਸੇ ਤਰ੍ਹਾਂ, ਕੀਟਾ ਨੇ 5,000 ਤੋਂ ਵੱਧ ਯੂਏਈ-ਅਧਾਰਤ ਛੋਟੀ ਅਤੇ ਦਰਮਿਆਨੀ ਦਰਜੇ ਦੀਆਂ ਕੰਪਨੀਆਂ (SMEs) ਨੂੰ ਆਪਣੇ ਪਲੇਟਫਾਰਮ ਨਾਲ ਜੋੜਨ ਦੀ ਯੋਜਨਾ ਵੀ ਬਣਾਈ ਹੈ। ਇਹ ਛੋਟੇ ਵਪਾਰੀਆਂ ਲਈ ਇੱਕ ਸੁਨਹਿਰਾ ਮੌਕਾ ਹੋਵੇਗਾ, ਕਿਉਂਕਿ ਉਨ੍ਹਾਂ ਨੂੰ ਇੱਕ ਵੱਡੇ ਡਿਜ਼ਿਟਲ ਨੈੱਟਵਰਕ ਰਾਹੀਂ ਨਵੇਂ ਗਾਹਕ ਮਿਲਣਗੇ ਅਤੇ ਉਨ੍ਹਾਂ ਦੀ ਵਿਕਰੀ ਵਧੇਗੀ। ਨਾਲ ਹੀ ਗਿਆਨ ਸਾਂਝਾ ਕਰਨ ਦੇ ਉਦੇਸ਼ ਨਾਲ ਨਵੀਆਂ ਸਿਖਲਾਈਆਂ ਅਤੇ ਇਨੋਵੇਸ਼ਨ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ, ਤਾਂ ਜੋ ਸਥਾਨਕ ਤਕਨੀਕੀ ਤਾਕਤ ਨੂੰ ਮਜ਼ਬੂਤ ਕੀਤਾ ਜਾ ਸਕੇ।

 

ਇਸ ਸਮਝੌਤੇ ‘ਤੇ ਦਸਤਖ਼ਤ ਯੂਏਈ ਦੇ ਨਿਵੇਸ਼ ਮੰਤਰੀ ਮੁਹੰਮਦ ਹਸਨ ਅਲਸੁਵੈਦੀ ਅਤੇ ਮੀਟੂਆਨ ਵਿਖੇ ਅੰਤਰਰਾਸ਼ਟਰੀ ਵਪਾਰ ਦੇ ਉਪ ਪ੍ਰਧਾਨ ਅਤੇ ਕੀਟਾ ਦੇ ਸੀਈਓ ਟੋਨੀ ਕਿਊ ਵੱਲੋਂ ਕੀਤੇ ਗਏ। ਮੰਤਰੀ ਅਲਸੁਵੈਦੀ ਨੇ ਕਿਹਾ ਕਿ ਇਹ ਭਾਈਵਾਲੀ ਯੂਏਈ ਦੇ ਵਿਸ਼ਵ ਪੱਧਰੀ ਨਿਵੇਸ਼ ਕੇਂਦਰ ਵਜੋਂ ਵਧਦੇ ਪ੍ਰਭਾਵ ਨੂੰ ਦਰਸਾਉਂਦੀ ਹੈ। ਉਨ੍ਹਾਂ ਅਨੁਸਾਰ, ਇਹ ਸੌਦਾ ਰਾਸ਼ਟਰੀ ਨਿਵੇਸ਼ ਰਣਨੀਤੀ 2031 ਨਾਲ ਨਾਲ ਦੇਸ਼ ਦੇ ਆਰਥਿਕ ਵਿਭਿੰਨਤਾ ਮਿਸ਼ਨ ਨੂੰ ਵੀ ਅੱਗੇ ਵਧਾਏਗਾ।

 

ਕੀਟਾ ਦੇ ਮੁਖੀ ਟੋਨੀ ਕਿਊ ਨੇ ਵੀ ਇਸ ਸਹਿਯੋਗ ਨੂੰ ਆਪਣੀ ਕੰਪਨੀ ਦੇ ਵਿਸ਼ਵਵਿਆਪੀ ਸਫ਼ਰ ਦਾ “ਇੱਕ ਅਹਿਮ ਮੋੜ” ਕਰਾਰ ਦਿੱਤਾ। ਉਨ੍ਹਾਂ ਨੇ ਯੂਏਈ ਨੂੰ ਨਵੀਨਤਾ, ਤਕਨੀਕ ਅਤੇ ਵਪਾਰ ਲਈ ਇੱਕ ਖੇਤਰੀ ਤੇ ਵਿਸ਼ਵ ਪੱਧਰੀ ਕੇਂਦਰ ਵਜੋਂ ਮੰਨਿਆ ਅਤੇ ਕਿਹਾ ਕਿ ਕੀਟਾ ਦੀਆਂ ਸੇਵਾਵਾਂ ਇਥੇ ਦੇ ਕਾਰੋਬਾਰਾਂ ਲਈ ਨਵੀਆਂ ਸੰਭਾਵਨਾਵਾਂ ਖੋਲ੍ਹਣਗੀਆਂ।

 

ਦੁਬਈ ਪਹਿਲਾਂ ਹੀ ਵਿਦੇਸ਼ੀ ਨਿਵੇਸ਼ ਅਤੇ ਤਕਨੀਕੀ ਕੰਪਨੀਆਂ ਨੂੰ ਖਿੱਚਣ ਵਿੱਚ ਅੱਗੇ ਹੈ। ਕੀਟਾ ਦੇ ਯੂਏਈ ਵਿੱਚ ਪ੍ਰਵੇਸ਼ ਨਾਲ ਇਹ ਸ਼ਹਿਰ ਹੋਰ ਵੀ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਸ ਭਾਈਵਾਲੀ ਰਾਹੀਂ ਨਾ ਸਿਰਫ਼ ਸਥਾਨਕ ਬਾਜ਼ਾਰ ਨੂੰ ਮਜ਼ਬੂਤ ਕੀਤਾ ਜਾਵੇਗਾ, ਸਗੋਂ ਭਵਿੱਖ ਲਈ ਤਿਆਰ ਇੱਕ ਹਾਈ ਟ੍ਰੇਨਡ ਕਾਰਜਬਲ ਵੀ ਖੜ੍ਹਾ ਹੋਵੇਗਾ।

 

ਇਸ ਸੌਦੇ ਨਾਲ ਯੂਏਈ ਦੀ “ਸ਼ਤਾਬਦੀ 2071 ਵਿਜ਼ਨ” ਅਤੇ ਰਾਸ਼ਟਰੀ ਡਿਜ਼ਿਟਲ ਆਰਥਿਕਤਾ ਰਣਨੀਤੀ ਨੂੰ ਨਵੀਂ ਰਫ਼ਤਾਰ ਮਿਲੇਗੀ। ਉਮੀਦ ਹੈ ਕਿ ਕੀਟਾ ਦੀ ਆਮਦ ਸਥਾਨਕ ਕਾਰੋਬਾਰਾਂ ਨੂੰ ਹੋਰ ਮਜ਼ਬੂਤ ਕਰੇਗੀ ਅਤੇ ਯੂਏਈ ਨੂੰ ਡਿਜ਼ਿਟਲ ਕਾਮਰਸ ਤੇ ਲੌਜਿਸਟਿਕ ਖੇਤਰ ਵਿੱਚ ਅਗਵਾਈ ਕਰਨ ਵਾਲੇ ਦੇਸ਼ਾਂ ਵਿੱਚ ਸ਼ਾਮਲ ਕਰੇਗੀ।