ਯੂਏਈ ਵੀਜ਼ਾ ਨਿਯਮਾਂ ਵਿੱਚ ਨਵੀਂ ਸ਼ਰਤ: ਪਾਸਪੋਰਟ ਕਵਰ ਪੇਜ ਦੀ ਕਾਪੀ ਹੁਣ ਲਾਜ਼ਮੀ

ਯੂਏਈ ਵੀਜ਼ਾ ਨਿਯਮਾਂ ਵਿੱਚ ਨਵੀਂ ਸ਼ਰਤ: ਪਾਸਪੋਰਟ ਕਵਰ ਪੇਜ ਦੀ ਕਾਪੀ ਹੁਣ ਲਾਜ਼ਮੀ

ਦੁਬਈ, 26 ਸਤੰਬਰ- ਦੁਬਈ ਤੋਂ ਮਿਲ ਰਹੀ ਤਾਜ਼ਾ ਜਾਣਕਾਰੀ ਅਨੁਸਾਰ, ਯੂਏਈ ਦੇ ਐਂਟਰੀ ਪਰਮਿਟ ਪ੍ਰਕਿਰਿਆ ਵਿੱਚ ਇੱਕ ਨਵਾਂ ਨਿਯਮ ਸ਼ਾਮਲ ਕੀਤਾ ਗਿਆ ਹੈ ਜਿਸ ਅਧੀਨ ਸੈਲਾਨੀਆਂ ਨੂੰ ਹੁਣ ਆਪਣੀ ਵੀਜ਼ਾ ਅਰਜ਼ੀ ਦੇ ਨਾਲ ਪਾਸਪੋਰਟ ਦਾ ਬਾਹਰੀ ਕਵਰ ਪੇਜ ਵੀ ਜਮ੍ਹਾਂ ਕਰਨਾ ਲਾਜ਼ਮੀ ਹੋ ਗਿਆ ਹੈ। ਇਹ ਤਬਦੀਲੀ ਪਿਛਲੇ ਹਫ਼ਤੇ ਤੋਂ ਹੀ ਲਾਗੂ ਹੋ ਚੁੱਕੀ ਹੈ ਅਤੇ ਟ੍ਰੈਵਲ ਏਜੰਸੀਆਂ ਨਾਲ ਨਾਲ ਅਮੀਰਾਤ ਦੇ ਆਮਰ ਸੈਂਟਰਾਂ ਨੂੰ ਵੀ ਇਸ ਬਾਰੇ ਸੂਚਿਤ ਕੀਤਾ ਜਾ ਚੁੱਕਾ ਹੈ।

 

ਆਮਰ ਸੈਂਟਰਾਂ ਦੇ ਪ੍ਰਤੀਨਿਧੀਆਂ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੋਂ ਬਿਨੈਕਾਰਾਂ ਨੂੰ ਆਪਣੀ ਪਾਸਪੋਰਟ ਕਾਪੀ, ਸਪਸ਼ਟ ਪਾਸਪੋਰਟ-ਆਕਾਰ ਦੀ ਤਸਵੀਰ, ਹੋਟਲ ਬੁਕਿੰਗ ਦਾ ਸਬੂਤ, ਆਉਣ-ਜਾਣ ਦੀ ਉਡਾਣ ਟਿਕਟ ਅਤੇ ਪਾਸਪੋਰਟ ਕਵਰ ਪੇਜ ਜ਼ਰੂਰ ਅਪਲੋਡ ਕਰਨਾ ਪਵੇਗਾ। ਇਨ੍ਹਾਂ ਦਸਤਾਵੇਜ਼ਾਂ ਦੇ ਬਿਨਾ ਐਂਟਰੀ ਪਰਮਿਟ ਜਾਰੀ ਨਹੀਂ ਹੋਵੇਗਾ।

 

ਇੱਕ ਟ੍ਰੈਵਲ ਏਜੰਟ ਨੇ ਦੱਸਿਆ ਕਿ ਉਨ੍ਹਾਂ ਨੂੰ ਪਿਛਲੇ ਹਫ਼ਤੇ ਇੱਕ ਈਮੇਲ ਰਾਹੀਂ ਅਧਿਕਾਰਤ ਹੁਕਮ ਮਿਲਿਆ ਸੀ ਅਤੇ ਉਸ ਤੋਂ ਬਾਅਦ ਉਹ ਹਰ ਅਰਜ਼ੀ ਦੇ ਨਾਲ ਕਵਰ ਪੇਜ ਜੋੜ ਰਹੇ ਹਨ। ਉਹ ਕਹਿੰਦੇ ਹਨ, “ਹੁਣ ਇਹ ਸ਼ਰਤ ਅਟੱਲ ਹੈ, ਜੇਕਰ ਪਾਸਪੋਰਟ ਕਵਰ ਦੀ ਕਾਪੀ ਨਹੀਂ ਦਿੱਤੀ ਜਾਂਦੀ ਤਾਂ ਵੀਜ਼ਾ ਪ੍ਰਕਿਰਿਆ ਅੱਗੇ ਨਹੀਂ ਵੱਧ ਸਕਦੀ।”

 

ਹਾਲਾਂਕਿ ਇਸ ਸੋਧ ਦੇ ਪਿੱਛੇ ਦਾ ਸਪਸ਼ਟ ਕਾਰਨ ਸਰਕਾਰੀ ਤੌਰ 'ਤੇ ਸਾਹਮਣੇ ਨਹੀਂ ਆਇਆ, ਪਰ ਯਾਤਰਾ ਮਾਹਰਾਂ ਦਾ ਮੰਨਣਾ ਹੈ ਕਿ ਇਹ ਕਦਮ ਵੀਜ਼ਾ ਪ੍ਰਕਿਰਿਆ ਵਿੱਚ ਪਾਰਦਰਸ਼ਤਾ ਅਤੇ ਸਪਸ਼ਟਤਾ ਲਿਆਉਣ ਲਈ ਉਠਾਇਆ ਗਿਆ ਹੈ। ਕਈ ਵਾਰ ਅਰਜ਼ੀਕਾਰ ਆਪਣੇ ਪਾਸਪੋਰਟ 'ਤੇ ਦਰਜ ਕੌਮੀਅਤ ਦੀ ਗਲਤ ਜਾਣਕਾਰੀ ਦਿੰਦੇ ਹਨ ਜਾਂ ਕੁਝ ਪਾਸਪੋਰਟਾਂ 'ਤੇ ਕੌਮੀਅਤ ਬਹੁਤ ਛੋਟੇ ਅੱਖਰਾਂ ਵਿੱਚ ਦਰਜ ਹੋਣ ਕਰਕੇ ਪਛਾਣਨਾ ਮੁਸ਼ਕਲ ਹੋ ਜਾਂਦਾ ਹੈ। ਇਸ ਸਥਿਤੀ ਵਿੱਚ ਪਾਸਪੋਰਟ ਦਾ ਬਾਹਰੀ ਕਵਰ ਪੇਜ, ਜੋ ਸਿੱਧੀ ਤੌਰ 'ਤੇ ਦੇਸ਼ ਦੀ ਪਛਾਣ ਕਰਾਉਂਦਾ ਹੈ, ਅਧਿਕਾਰੀਆਂ ਲਈ ਮਦਦਗਾਰ ਸਾਬਤ ਹੋਵੇਗਾ।

 

ਇਕ ਹੋਰ ਟ੍ਰੈਵਲ ਏਜੰਟ ਨੇ ਦੱਸਿਆ, “ਕਈ ਵਾਰ ਬਿਨੈਕਾਰ ਆਪਣੀ ਕੌਮੀਅਤ ਜਾਣ-ਬੁੱਝ ਕੇ ਜਾਂ ਅਣਜਾਣੇ ਵਿੱਚ ਗਲਤ ਭਰ ਦਿੰਦੇ ਹਨ। ਇਸ ਨਾਲ ਅਧਿਕਾਰੀਆਂ ਲਈ ਉਲਝਣ ਪੈਦਾ ਹੁੰਦੀ ਹੈ। ਪਾਸਪੋਰਟ ਕਵਰ ਪੇਜ ਦੇਣ ਨਾਲ ਇਹ ਗਲਤਫ਼ਹਿਮੀਆਂ ਦੂਰ ਹੋ ਜਾਣਗੀਆਂ।”

 

ਇਸ ਤਾਜ਼ਾ ਤਬਦੀਲੀ ਤੋਂ ਬਾਅਦ ਟ੍ਰੈਵਲ ਏਜੰਸੀਜ਼ ਨੂੰ ਆਪਣੇ ਗਾਹਕਾਂ ਨੂੰ ਨਵੀਂ ਲੋੜ ਬਾਰੇ ਸੂਚਿਤ ਕਰਨਾ ਪੈ ਰਿਹਾ ਹੈ ਤਾਂ ਜੋ ਅਰਜ਼ੀਆਂ ਵਾਪਸ ਨਾ ਆਉਣ ਜਾਂ ਰੱਦ ਨਾ ਕੀਤੀਆਂ ਜਾਣ। ਯਾਤਰਾ ਉਦਯੋਗ ਨਾਲ ਜੁੜੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਨਿਯਮ ਬਿਨੈਕਾਰਾਂ ਅਤੇ ਅਧਿਕਾਰੀਆਂ ਦੋਵਾਂ ਲਈ ਸੁਵਿਧਾਜਨਕ ਹੋਵੇਗਾ ਕਿਉਂਕਿ ਇਸ ਨਾਲ ਪਛਾਣ ਸੰਬੰਧੀ ਮੁੱਦੇ ਘੱਟ ਹੋ ਜਾਣਗੇ।

 

ਖਲੀਜ ਟਾਈਮਜ਼ ਨੇ ਇਸ ਮਾਮਲੇ ਵਿੱਚ ਵਧੇਰੇ ਜਾਣਕਾਰੀ ਲਈ ਜਨਰਲ ਡਾਇਰੈਕਟੋਰੇਟ ਆਫ਼ ਰੈਜ਼ੀਡੈਂਸੀ ਐਂਡ ਫੌਰਨਰਜ਼ ਅਫੇਅਰਜ਼ (GDRFA) ਅਤੇ ਫੈਡਰਲ ਅਥਾਰਟੀ ਫਾਰ ਆਈਡੈਂਟਿਟੀ ਐਂਡ ਸਿਟੀਜ਼ਨਸ਼ਿਪ (ICP) ਨਾਲ ਸੰਪਰਕ ਕੀਤਾ ਹੈ। ਹਾਲਾਂਕਿ, ਅਧਿਕਾਰਤ ਟਿੱਪਣੀ ਅਜੇ ਤੱਕ ਸਾਹਮਣੇ ਨਹੀਂ ਆਈ।

 

ਫਿਲਹਾਲ ਯਕੀਨੀ ਹੈ ਕਿ ਯੂਏਈ ਵਿੱਚ ਦਾਖ਼ਲਾ ਲੈਣ ਲਈ ਹੁਣ ਸੈਲਾਨੀਆਂ ਨੂੰ ਪਹਿਲਾਂ ਨਾਲੋਂ ਵੱਧ ਦਸਤਾਵੇਜ਼ਾਂ ਦੀ ਲੋੜ ਪਏਗੀ। ਇਹ ਨਵਾਂ ਨਿਯਮ, ਜਿੱਥੇ ਕਈਆਂ ਲਈ ਵਾਧੂ ਮੁਸ਼ਕਲ ਬਣ ਸਕਦਾ ਹੈ, ਉੱਥੇ ਹੀ ਅਧਿਕਾਰੀਆਂ ਲਈ ਪ੍ਰਕਿਰਿਆ ਨੂੰ ਆਸਾਨ ਅਤੇ ਪਾਰਦਰਸ਼ੀ ਬਣਾਉਣ ਵਿੱਚ ਮਹੱਤਵਪੂਰਨ ਸਾਬਤ ਹੋ ਸਕਦਾ ਹੈ।