ਕਾਂਗੋ ਵਿੱਚ ਇਬੋਲਾ ਦਾ ਨਵਾਂ ਖ਼ਤਰਾ, 15 ਲੋਕਾਂ ਦੀ ਮੌਤ
ਅਫ਼ਰੀਕਾ, 6 ਸਤੰਬਰ- ਅਫ਼ਰੀਕੀ ਦੇਸ਼ ਡੈਮੋਕ੍ਰੈਟਿਕ ਰਿਪਬਲਿਕ ਆਫ਼ ਕਾਂਗੋ ਇੱਕ ਵਾਰ ਫਿਰ ਇਬੋਲਾ ਵਾਇਰਸ ਦੇ ਸਾਏ ਹੇਠ ਆ ਗਿਆ ਹੈ। ਦੇਸ਼ ਦੇ ਸਿਹਤ ਮੰਤਰਾਲੇ ਨੇ ਪੁਸ਼ਟੀ ਕੀਤੀ ਹੈ ਕਿ ਦੱਖਣੀ ਕਸਾਈ ਸੂਬੇ ਦੇ ਬੁਲਾਪੇ ਇਲਾਕੇ ਵਿੱਚ ਵਾਇਰਸ ਦਾ ਨਵਾਂ ਪ੍ਰਕੋਪ ਸਾਹਮਣੇ ਆਇਆ ਹੈ। ਹੁਣ ਤੱਕ 28 ਸ਼ੱਕੀ ਮਰੀਜ਼ਾਂ ਦੀ ਪਛਾਣ ਹੋ ਚੁੱਕੀ ਹੈ, ਜਿਨ੍ਹਾਂ ਵਿੱਚੋਂ 15 ਦੀ ਮੌਤ ਹੋ ਚੁੱਕੀ ਹੈ। ਅੰਕੜਿਆਂ ਮੁਤਾਬਕ, ਮੌਤ ਦੀ ਦਰ ਲਗਭਗ 53.6 ਫ਼ੀਸਦੀ ਹੈ, ਜੋ ਕਿ ਹਾਲਾਤਾਂ ਦੀ ਗੰਭੀਰਤਾ ਦਰਸਾਉਂਦੀ ਹੈ।
ਸਿਹਤ ਮੰਤਰੀ ਨੇ ਦੱਸਿਆ ਕਿ ਸਭ ਤੋਂ ਪਹਿਲਾ ਪੱਕਾ ਮਾਮਲਾ ਇੱਕ 34 ਸਾਲ ਦੀ ਗਰਭਵਤੀ ਔਰਤ ਦਾ ਸੀ, ਜਿਸਦੀ ਜਾਂਚ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਬਾਅਦ ਹੋਰ ਸ਼ੱਕੀ ਮਾਮਲਿਆਂ ਵਿੱਚ ਵੀ ਬੁਖ਼ਾਰ, ਉਲਟੀਆਂ, ਦਸਤ ਅਤੇ ਭਾਰੀ ਖੂਨ ਵਗਣ ਵਰਗੇ ਲੱਛਣ ਪਾਏ ਗਏ ਹਨ। ਮ੍ਰਿਤਕਾਂ ਵਿੱਚੋਂ 14 ਬੁਲਾਪੇ ਤੋਂ ਹਨ ਅਤੇ ਇੱਕ ਮਵੈਕਾ ਇਲਾਕੇ ਤੋਂ ਹੈ। ਚਿੰਤਾ ਦੀ ਗੱਲ ਇਹ ਹੈ ਕਿ ਚਾਰ ਸਿਹਤ ਕਰਮਚਾਰੀ ਵੀ ਇਸਦੀ ਲਪੇਟ ਵਿੱਚ ਆ ਚੁੱਕੇ ਹਨ।
ਵਿਸ਼ਵ ਸਿਹਤ ਸੰਸਥਾ (ਡਬਲਿਊ.ਐੱਚ.ਓ.) ਨੇ ਤੁਰੰਤ ਕਾਰਵਾਈ ਕਰਦਿਆਂ ਆਪਣੇ ਮਾਹਿਰਾਂ ਦੀ ਟੀਮ ਕਸਾਈ ਭੇਜੀ ਹੈ। ਇਹ ਟੀਮ ਕਾਂਗੋ ਦੀ ਰੈਪਿਡ ਰਿਸਪਾਂਸ ਯੂਨਿਟ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਨਵੇਂ ਮਾਮਲਿਆਂ ਦੀ ਨਿਗਰਾਨੀ ਹੋ ਸਕੇ, ਮਰੀਜ਼ਾਂ ਦਾ ਇਲਾਜ ਕੀਤਾ ਜਾਵੇ ਅਤੇ ਹਸਪਤਾਲਾਂ ਵਿੱਚ ਇਨਫੈਕਸ਼ਨ ਕੰਟਰੋਲ ਮਜ਼ਬੂਤ ਬਣਾਇਆ ਜਾਵੇ। ਨਾਲ ਹੀ ਡਬਲਿਊ.ਐੱਚ.ਓ. ਵੱਲੋਂ ਜ਼ਰੂਰੀ ਸਮੱਗਰੀ, ਜਿਵੇਂ ਕਿ ਪਰਸਨਲ ਪ੍ਰੋਟੈਕਟਿਵ ਇਕੁਪਮੈਂਟ, ਮੋਬਾਇਲ ਲੈਬ ਦੇ ਸਾਧਨ ਅਤੇ ਹੋਰ ਦਵਾਈਆਂ ਵੀ ਭੇਜੀਆਂ ਜਾ ਰਹੀਆਂ ਹਨ।
ਡਬਲਿਊ.ਐੱਚ.ਓ. ਦੇ ਅਫ਼ਰੀਕੀ ਖੇਤਰ ਦੇ ਡਾਇਰੈਕਟਰ ਨੇ ਕਿਹਾ, “ਅਸੀਂ ਪੂਰੇ ਦ੍ਰਿੜ ਨਿਸ਼ਚੇ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਇਸ ਵਾਇਰਸ ਦੇ ਫੈਲਾਅ ਨੂੰ ਜਲਦੀ ਤੋਂ ਜਲਦੀ ਰੋਕਿਆ ਜਾ ਸਕੇ ਅਤੇ ਸਥਾਨਕ ਭਾਈਚਾਰੇ ਦੀ ਜ਼ਿੰਦਗੀ ਬਚਾਈ ਜਾ ਸਕੇ।”
ਕਾਂਗੋ ਵਿੱਚ ਇਬੋਲਾ ਦੇ ਇਲਾਜ ਲਈ ਕੁਝ ਦਵਾਈਆਂ ਦਾ ਸਟਾਕ ਮੌਜੂਦ ਹੈ। ਇਸ ਤੋਂ ਇਲਾਵਾ, ਉਥੇ ‘ਐਰਵੇਬੋ’ ਨਾਮਕ ਇਬੋਲਾ ਟੀਕੇ ਦੀ ਵੀ ਭੰਡਾਰਾ ਉਪਲਬਧ ਹੈ, ਜੋ ਕਿ ਪਿਛਲੇ ਕੁਝ ਸਾਲਾਂ ਵਿੱਚ ਕਈ ਪ੍ਰਕੋਪਾਂ ਦੌਰਾਨ ਲਾਭਕਾਰੀ ਸਾਬਤ ਹੋਇਆ ਹੈ।
ਇਬੋਲਾ ਵਾਇਰਸ ਬਹੁਤ ਤੇਜ਼ੀ ਨਾਲ ਫੈਲਣ ਵਾਲਾ ਰੋਗ ਹੈ ਜੋ ਸਰੀਰ ਦੇ ਤਰਲ ਪਦਾਰਥਾਂ — ਜਿਵੇਂ ਖ਼ੂਨ, ਪਸੀਨਾ, ਉਲਟੀ ਜਾਂ ਵੀਰਜ — ਰਾਹੀਂ ਇਕ ਵਿਅਕਤੀ ਤੋਂ ਦੂਜੇ ਨੂੰ ਲੱਗ ਸਕਦਾ ਹੈ। ਇਹ ਬੀਮਾਰੀ ਬਹੁਤ ਘੱਟ ਹੀ ਪਾਈ ਜਾਂਦੀ ਹੈ, ਪਰ ਜਦੋਂ ਵੀ ਕਿਸੇ ਖੇਤਰ ਵਿੱਚ ਉਭਰਦੀ ਹੈ, ਉੱਥੇ ਜਾਨਾਂ ਲਈ ਵੱਡਾ ਖ਼ਤਰਾ ਬਣ ਜਾਂਦੀ ਹੈ।
ਇਹ ਕਾਂਗੋ ਵਿੱਚ ਇਬੋਲਾ ਦਾ 16ਵਾਂ ਪ੍ਰਕੋਪ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸਥਾਨਕ ਸਰਕਾਰ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀ ਕੋਸ਼ਿਸ਼ ਰਹੇਗੀ ਕਿ ਰੋਗ ਨੂੰ ਸ਼ੁਰੂਆਤੀ ਪੱਧਰ ’ਤੇ ਹੀ ਰੋਕਿਆ ਜਾਵੇ। ਪਰ ਮੌਜੂਦਾ ਹਾਲਾਤਾਂ ਦੇਖਦੇ ਹੋਏ ਇਹ ਸਪੱਸ਼ਟ ਹੈ ਕਿ ਕਸਾਈ ਸੂਬੇ ਵਿੱਚ ਲੋਕਾਂ ਦੀ ਸਿਹਤ ਤੇ ਜਾਨ ਨੂੰ ਗੰਭੀਰ ਖ਼ਤਰਾ ਬਣਿਆ ਹੋਇਆ ਹੈ।