“ਫਲੱਡ ਟੂਰਿਜ਼ਮ” ਨਹੀਂ, ਪੰਜਾਬ ਨੂੰ 20,000 ਕਰੋੜ ਦਾ ਵਿੱਤੀ ਪੈਕੇਜ ਚਾਹੀਦਾ”: ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਪੀਲ

“ਫਲੱਡ ਟੂਰਿਜ਼ਮ” ਨਹੀਂ, ਪੰਜਾਬ ਨੂੰ 20,000 ਕਰੋੜ ਦਾ ਵਿੱਤੀ ਪੈਕੇਜ ਚਾਹੀਦਾ”: ਆਮ ਆਦਮੀ ਪਾਰਟੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕੀਤੀ ਅਪੀਲ

ਚੰਡੀਗੜ੍ਹ, 9 ਸਤੰਬਰ- ਪੰਜਾਬ ਵਿੱਚ ਹੜ੍ਹਾਂ ਕਾਰਨ ਪੈਦਾ ਹੋਈ ਤਬਾਹੀ ਦੇ ਦਰਮਿਆਨ ਹੁਣ ਰਾਜਨੀਤਿਕ ਹਲਚਲ ਵੀ ਤੇਜ਼ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਤੋਂ ਪਹਿਲਾਂ, ਰਾਜ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕੇਂਦਰ ਤੋਂ 20 ਹਜ਼ਾਰ ਕਰੋੜ ਰੁਪਏ ਦੇ ਰਾਹਤ ਪੈਕੇਜ ਦੀ ਮੰਗ ਕੀਤੀ ਹੈ। ਪਾਰਟੀ ਦਾ ਸਾਫ਼ ਕਹਿਣਾ ਹੈ ਕਿ ਕੇਵਲ ਦੌਰੇ ਤੇ ਤਸਵੀਰਾਂ ਲਈ ਆਉਣਾ "ਫ਼ਲੱਡ ਟੂਰਿਜ਼ਮ" ਹੋਵੇਗਾ, ਜਿਸ ਨਾਲ ਹੜ੍ਹ-ਪ੍ਰਭਾਵਿਤ ਲੋਕਾਂ ਨੂੰ ਕੋਈ ਅਸਲ ਸਹਾਰਾ ਨਹੀਂ ਮਿਲੇਗਾ।

 

ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਹੋਈ ਜਿਸ ਵਿੱਚ ਰਾਜ ਦੇ ਉੱਚ ਮਤਰੀਆਂ ਵੱਲੋਂ ਗੱਲ ਕੀਤੀ ਗਈ ਕਿ “ਅਸੀਂ ਪ੍ਰਧਾਨ ਮੰਤਰੀ ਦਾ ਸੁਆਗਤ ਕਰਦੇ ਹਾਂ, ਪਰ ਉਨ੍ਹਾਂ ਨੂੰ ਸਿਰਫ਼ ਹਾਲਾਤ ਦੇਖਣ ਤੇ ਤਸਵੀਰਾਂ ਖਿਚਵਾਉਣ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੀਦਾ। ਜੇ ਉਹ ਸੱਚਮੁੱਚ ਪੰਜਾਬ ਨੂੰ ਦੇਸ਼ ਦਾ ਹਿੱਸਾ ਮੰਨਦੇ ਹਨ ਤਾਂ ਫਿਰ ਲੋਕਾਂ ਲਈ ਵੱਡਾ ਰਾਹਤ ਪੈਕੇਜ ਲੈ ਕੇ ਆਉਣ।” ਕਿਹਾ ਗਿਆ ਕਿ ਕੇਂਦਰੀ ਮੰਤਰੀ ਅਤੇ ਰਾਜ ਦੇ ਬੀਜੇਪੀ ਨੇਤਾ ਪਹਿਲਾਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਕੇਵਲ ਫੋਟੋ ਸੈਸ਼ਨਾਂ ਨਾਲ ਲੋਕਾਂ ਦੀ ਭਾਵਨਾ ਨਾਲ ਖੇਡ ਚੁੱਕੇ ਹਨ।

 

ਪੰਜਾਬ ਦੇ ਕਿਸਾਨਾਂ ਅਤੇ ਮਜ਼ਦੂਰਾਂ ਦੇ ਨੁਕਸਾਨ ਦਾ ਹਵਾਲਾ ਦਿੰਦਿਆਂ ਆਪ ਨੇਤਾ ਨੇ ਕਿਹਾ ਕਿ ਪੰਜਾਬ ਸਦਾ ਹੀ ਦੇਸ਼ ਦੀ ਖੁਰਾਕੀ ਸੁਰੱਖਿਆ ਦਾ ਕੇਂਦਰ ਰਿਹਾ ਹੈ। “ਜੇ ਖੇਤਾਂ ਨੂੰ ਮੁੜ ਸੰਭਾਲਣ ਲਈ ਮਾਲੀ ਸਹਾਇਤਾ ਨਹੀਂ ਮਿਲੀ ਤਾਂ ਸਿਰਫ਼ ਪੰਜਾਬ ਹੀ ਨਹੀਂ ਸਗੋਂ ਦੇਸ਼ ਦੀ ਅਨਾਜ ਨੀਤੀ ਵੀ ਡਗਮਗਾ ਸਕਦੀ ਹੈ,” ਉਨ੍ਹਾਂ ਨੇ ਕਿਹਾ।

 

ਦੂਜੇ ਪਾਸੇ, ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਕੇਂਦਰੀ ਕਾਨੂੰਨ ਮੰਤਰੀ ਅਸ਼ਵਨੀ ਕੁਮਾਰ ਨੇ ਵੀ ਪ੍ਰਧਾਨ ਮੰਤਰੀ ਤੋਂ ਦਿਲ ਖੋਲ੍ਹ ਕੇ ਵਿੱਤੀ ਮਦਦ ਦੇ ਐਲਾਨ ਦੀ ਉਮੀਦ ਜ਼ਾਹਰ ਕੀਤੀ ਹੈ। ਉਨ੍ਹਾਂ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ “ਇਹ ਸਮਾਂ ਸਿਆਸੀ ਵੰਡ ਤੋਂ ਉੱਪਰ ਉੱਠ ਕੇ ਲੋਕਾਂ ਦੇ ਨਾਲ ਖੜ੍ਹਨ ਦਾ ਹੈ। ਜੇ ਮੋਦੀ ਜੀ ਦਾ ਦੌਰਾ ਸਿਰਫ਼ ਰਸਮੀ ਨਹੀਂ ਬਲਕਿ ਹਕੀਕਤੀ ਹੋਣਾ ਹੈ ਤਾਂ ਉਸਦੇ ਤੁਰੰਤ ਬਾਅਦ ਕੇਂਦਰ ਸਰਕਾਰ ਵੱਲੋਂ ਵਿਸ਼ੇਸ਼ ਪੈਕੇਜ ਦਾ ਐਲਾਨ ਹੋਣਾ ਚਾਹੀਦਾ ਹੈ।”

 

ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦਿਆਂ ਵੀ ਕੇਂਦਰ ਨੂੰ ਸਚੇਤ ਕੀਤਾ ਕਿ ਪੰਜਾਬ ਇੱਕ ਸਰਹੱਦੀ ਰਾਜ ਹੈ ਅਤੇ ਇੱਥੇ ਦੀ ਭੌਤਿਕ ਸੰਰਚਨਾ ਅਤੇ ਆਫ਼ਤ ਪ੍ਰਬੰਧਨ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ।ਰਾਜ ਸਰਕਾਰ ਦੇ ਆਪਣੇ ਸਰੋਤ ਸੀਮਿਤ ਹਨ। ਇਸ ਲਈ ਹੁਣ ਨਜ਼ਰਾਂ ਕੇਂਦਰ ਸਰਕਾਰ ’ਤੇ ਹੀ ਟਿਕੀਆਂ ਹਨ ਕਿ ਉਹ ਇਸ ਮੁਸ਼ਕਲ ਵੇਲੇ ਪੰਜਾਬ ਦੇ ਲੋਕਾਂ ਦੇ ਨਾਲ ਕਿਵੇਂ ਖੜ੍ਹਦੀ ਹੈ

 

ਇਹ ਪਹਿਲੀ ਵਾਰ ਨਹੀਂ ਕਿ ਕੇਂਦਰ ਸਰਕਾਰ ਤੋਂ ਵੱਡੇ ਪੈਕੇਜ ਦੀ ਮੰਗ ਕੀਤੀ ਗਈ ਹੈ। ਹੜ੍ਹਾਂ ਕਾਰਨ ਪੰਜਾਬ ਦੀ ਅਰਥਵਿਵਸਥਾ ’ਤੇ ਭਾਰੀ ਝਟਕਾ ਪਿਆ ਹੈ। ਕਿਸਾਨਾਂ ਦੀ ਖੇਤੀ ਤਬਾਹ ਹੋ ਗਈ ਹੈ, ਘਰ-ਮਕਾਨ ਬਰਬਾਦ ਹੋਏ ਹਨ ਅਤੇ ਲੱਖਾਂ ਲੋਕ ਅਜੇ ਵੀ ਰਾਹਤ ਕੈਂਪਾਂ ਵਿੱਚ ਪਨਾਹ ਲੈਣ ਲਈ ਮਜਬੂਰ ਹਨ। ਇਨ੍ਹਾਂ ਹਾਲਾਤਾਂ ਵਿੱਚ, ਲੋਕਾਂ ਦੀ ਉਮੀਦ ਹੈ ਕਿ ਪ੍ਰਧਾਨ ਮੰਤਰੀ ਸਿਰਫ਼ ਹਾਲਾਤ ਦਾ ਜਾਇਜ਼ਾ ਲੈਣ ਨਹੀਂ ਸਗੋਂ ਹਕੀਕਤੀ ਸਹਾਇਤਾ ਦੇਣ ਲਈ ਆਉਣਗੇ।

 

ਆਪ ਮੰਤਰੀ ਨੇ ਸਪਸ਼ਟ ਕੀਤਾ ਕਿ ਸਰਕਾਰ ਕੇਂਦਰ ਨਾਲ ਟੱਕਰ ਨਹੀਂ ਲੈਣਾ ਚਾਹੁੰਦੀ, ਪਰ ਜਦੋਂ ਹਾਲਾਤ ਇੰਨੇ ਭਿਆਨਕ ਹਨ ਤਾਂ ਪੰਜਾਬ ਦੇ ਹਿੱਤਾਂ ਲਈ ਖੁੱਲ੍ਹ ਕੇ ਆਵਾਜ਼ ਬੁਲੰਦ ਕਰਨੀ ਪਏਗੀ। “ਇਹ ਲੋਕਾਂ ਦੀ ਜ਼ਿੰਦਗੀ ਦਾ ਸਵਾਲ ਹੈ, ਨਾ ਕਿ ਕਿਸੇ ਰਾਜਨੀਤਿਕ ਅੰਕੜੇਬਾਜ਼ੀ ਦਾ,” ਉਨ੍ਹਾਂ ਨੇ ਕਿਹਾ।

 

ਹੁਣ ਦੇਖਣਾ ਇਹ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਨਾਲ ਕੀ ਸਿਰਫ਼ ਸਿਆਸੀ ਸੰਦੇਸ਼ ਮਿਲੇਗਾ ਜਾਂ ਸੱਚਮੁੱਚ ਉਹ ਪੈਕੇਜ ਐਲਾਨਿਆ ਜਾਵੇਗਾ ਜਿਸਦੀ ਪੰਜਾਬ ਨੂੰ ਇਸ ਵੇਲੇ ਸਖ਼ਤ ਲੋੜ ਹੈ। ਰਾਜਨੀਤਿਕ ਪਾਰਟੀਆਂ, ਕਿਸਾਨ ਜਥੇਬੰਦੀਆਂ ਅਤੇ ਆਮ ਲੋਕਾਂ ਦੀਆਂ ਨਜ਼ਰਾਂ ਹੁਣ ਪੂਰੀ ਤਰ੍ਹਾਂ ਕੇਂਦਰ ਦੇ ਅਗਲੇ ਕਦਮ ’ਤੇ ਟਿਕੀਆਂ ਹੋਈਆਂ ਹਨ।