ਦੁਬਈ ਦੇ ਮਾਲਾਬਾਰ ਗੋਲਡ ਨੇ ਭਾਰਤ ‘ਚ ਔਨਲਾਈਨ ਝੂਠੇ ਦਾਵਿਆਂ 'ਤੇ ਹਾਈ ਕੋਰਟ ਵਿਚ ਕੇਸ ਜਿੱਤਿਆ
ਭਾਰਤ, 3 ਅਕਤੂਬਰ- ਦੁਬਈ ਅਧਾਰਤ ਮਸ਼ਹੂਰ ਜਵੈਲਰੀ ਬ੍ਰਾਂਡ ਮਾਲਾਬਾਰ ਗੋਲਡ ਐਂਡ ਡਾਇਮੰਡਸ ਨੇ ਭਾਰਤ ਵਿੱਚ ਆਪਣੀ ਸਾਖ ਨਾਲ ਜੁੜੇ ਇਕ ਮਹੱਤਵਪੂਰਨ ਕਾਨੂੰਨੀ ਮਾਮਲੇ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਬੰਬੇ ਹਾਈ ਕੋਰਟ ਨੇ ਆਪਣੇ ਫ਼ੈਸਲੇ ਵਿੱਚ ਸੋਸ਼ਲ ਮੀਡੀਆ ਅਤੇ ਇੰਟਰਨੈੱਟ ਪਲੇਟਫਾਰਮਾਂ—ਜਿਵੇਂ ਕਿ ਗੂਗਲ ਅਤੇ ਫੇਸਬੁੱਕ—ਨੂੰ ਹੁਕਮ ਦਿੱਤਾ ਹੈ ਕਿ ਉਹ ਮਾਲਾਬਾਰ ਬ੍ਰਾਂਡ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਸਭ ਗਲਤ ਅਤੇ ਗੁੰਮਰਾਹ ਕਰਨ ਵਾਲੀਆਂ ਪੋਸਟਾਂ ਤੁਰੰਤ ਹਟਾਉਣ।
ਇਹ ਮਾਮਲਾ ਤਦ ਉਭਰਿਆ ਜਦੋਂ ਪਾਕਿਸਤਾਨੀ ਮੂਲ ਦੀ ਬ੍ਰਿਟਿਸ਼ ਸੋਸ਼ਲ ਮੀਡੀਆ ਇੰਫਲੂਐਂਸਰ ਅਲੀਸ਼ਬਾ ਖਾਲਿਦ ਨੇ ਬਰਮਿੰਘਮ, ਯੂਕੇ ਵਿੱਚ ਮਾਲਾਬਾਰ ਗੋਲਡ ਐਂਡ ਡਾਇਮੰਡਸ ਦੇ ਨਵੇਂ ਸ਼ੋਰੂਮ ਦੇ ਉਦਘਾਟਨ ਸਮਾਰੋਹ ਨਾਲ ਜੁੜੀਆਂ ਵੀਡੀਓਜ਼ ਪੋਸਟ ਕੀਤੀਆਂ। 6 ਸਤੰਬਰ ਨੂੰ ਹੋਏ ਇਸ ਸਮਾਗਮ ਵਿੱਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਮਾਲਾਬਾਰ ਦੀ ਬ੍ਰਾਂਡ ਅੰਬੈਸਡਰ ਕਰੀਨਾ ਕਪੂਰ ਨੇ ਸ਼ਿਰਕਤ ਕੀਤੀ ਸੀ। ਸਮਾਗਮ ਦੀ ਸ਼ੋਭਾ ਵਧਾਉਣ ਲਈ ਬਰਮਿੰਘਮ ਦੇ ਮੇਅਰ, ਭਾਰਤ ਦੇ ਕੌਂਸਲੇਟ-ਜਨਰਲ, ਸੰਸਦ ਮੈਂਬਰ ਅਤੇ ਹੋਰ ਕਈ ਪ੍ਰਮੁੱਖ ਹਸਤੀਆਂ ਵੀ ਮੌਜੂਦ ਸਨ। 10,000 ਤੋਂ ਵੱਧ ਲੋਕਾਂ ਦੀ ਹਾਜ਼ਰੀ ਅਤੇ 100 ਤੋਂ ਵੱਧ ਇੰਫਲੂਐਂਸਰਾਂ ਦੀ ਸ਼ਮੂਲੀਅਤ ਨੇ ਇਸ ਉਦਘਾਟਨ ਨੂੰ ਸ਼ਾਨਦਾਰ ਸਫਲਤਾ ਬਣਾਇਆ ਸੀ।
ਪਰ ਸਮਾਰੋਹ ਤੋਂ ਬਾਅਦ ਕੁਝ ਸੋਸ਼ਲ ਮੀਡੀਆ ਪੋਸਟਾਂ ਵਿੱਚ ਮਾਲਾਬਾਰ ਬਾਰੇ ਗਲਤ ਜਾਣਕਾਰੀਆਂ ਫੈਲਾਈਆਂ ਗਈਆਂ। ਕੁਝ ਲੋਕਾਂ ਨੇ ਤਾਂ ਇਸਨੂੰ 'ਪਾਕਿਸਤਾਨ ਹਮਦਰਦ' ਬ੍ਰਾਂਡ ਤੱਕ ਕਰਾਰ ਦੇ ਦਿੱਤਾ। ਹਾਲਾਂਕਿ ਹਕੀਕਤ ਇਹ ਸੀ ਕਿ ਉਸ ਇੰਫਲੂਐਂਸਰ ਦਾ ਕੰਪਨੀ ਨਾਲ ਕੋਈ ਅਧਿਕਾਰਕ ਸਬੰਧ ਨਹੀਂ ਸੀ ਅਤੇ ਨਾ ਹੀ ਉਹ ਮਾਲਾਬਾਰ ਦੇ ਮੁੱਲਾਂ ਜਾਂ ਸਿਧਾਂਤਾਂ ਦੀ ਪ੍ਰਤੀਨਿਧਤਾ ਕਰਦੀ ਸੀ। ਉਹ ਸਿਰਫ਼ ਹਜ਼ਾਰਾਂ ਮਹਿਮਾਨਾਂ ਵਿੱਚੋਂ ਇੱਕ ਸੀ ਜੋ ਉਦਘਾਟਨ ਸਮਾਗਮ ਵਿੱਚ ਮੌਜੂਦ ਸਨ।
ਮਾਲਾਬਾਰ ਗੋਲਡ ਦੇ ਅੰਤਰਰਾਸ਼ਟਰੀ ਸੰਚਾਲਨ ਦੇ ਪ੍ਰਬੰਧ ਨਿਰਦੇਸ਼ਕ ਅਨੁਸਾਰ ਇਹ ਇਕ ਬੇਮਿਸਾਲ ਸਮਾਗਮ ਸੀ, ਜਿਸਨੂੰ ਦੁਨੀਆ ਭਰ ਦੇ ਪ੍ਰਮੁੱਖ ਮੀਡੀਆ ਪਲੇਟਫਾਰਮਾਂ 'ਤੇ ਸਕਾਰਾਤਮਕ ਕਵਰੇਜ ਮਿਲੀ। ਪਰ ਕੁਝ ਅਫ਼ਵਾਹਾਂ ਅਤੇ ਝੂਠੇ ਦਾਵਿਆਂ ਨੇ ਨਾ ਸਿਰਫ਼ ਬ੍ਰਾਂਡ ਦੀ ਇਮੈਜ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਸਗੋਂ ਲੋਕਾਂ ਨੂੰ ਗੁੰਮਰਾਹ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਮਾਲਾਬਾਰ ਵੱਲੋਂ ਕੀਤੀ ਗਈ ਕਾਨੂੰਨੀ ਕਾਰਵਾਈ ਤੋਂ ਬਾਅਦ, ਬੰਬੇ ਹਾਈ ਕੋਰਟ ਨੇ 29 ਸਤੰਬਰ ਨੂੰ ਆਪਣੇ ਆਦੇਸ਼ ਵਿੱਚ ਸਭ ਅਪਮਾਨਜਨਕ ਪੋਸਟਾਂ ਨੂੰ ਤੁਰੰਤ ਹਟਾਉਣ ਦਾ ਫ਼ਰਮਾਨ ਜਾਰੀ ਕੀਤਾ। ਇਹ ਵੀ ਜ਼ੋਰ ਦਿੱਤਾ ਕਿ ਸੋਸ਼ਲ ਮੀਡੀਆ ‘ਤੇ ਫੈਲ ਰਹੀ ਇਹ ਗਲਤ ਸਮੱਗਰੀ ਮੁੱਖ ਤੌਰ 'ਤੇ ਅਜਿਹੇ ਲੋਕਾਂ ਤੋਂ ਆ ਰਹੀ ਹੈ ਜਿਨ੍ਹਾਂ ਨੂੰ ਪੂਰਾ ਸੱਚ ਪਤਾ ਨਹੀਂ ਹੁੰਦਾ ਅਤੇ ਜੋ ਸਿਰਫ਼ ਅਟਕਲਾਂ ਜਾਂ ਤੋੜਮਰੋੜ ਕਰਕੇ ਪੇਸ਼ ਕੀਤੇ ਗਏ ਵੀਡੀਓ-ਕਲਿੱਪਾਂ 'ਤੇ ਨਿਰਭਰ ਕਰਦੇ ਹਨ।
ਉਨਾਂ ਨੇ ਇਸ ਗੱਲ ਦੀ ਵੀ ਯਾਦ ਦਿਵਾਈ ਕਿ ਬਰਮਿੰਘਮ ਸਟੋਰ ਦਾ ਉਦਘਾਟਨ ਪਹਿਲਾਂ 25 ਮਈ ਨੂੰ ਹੋਣਾ ਸੀ, ਪਰ 22 ਅਪ੍ਰੈਲ ਨੂੰ ਹੋਏ ਅੱਤਵਾਦੀ ਹਮਲਿਆਂ ਕਾਰਨ ਇਸਨੂੰ ਮੁਲਤਵੀ ਕਰਨਾ ਪਿਆ। ਇਸ ਦੇ ਬਾਵਜੂਦ, ਜਦੋਂ ਸਮਾਗਮ ਆਯੋਜਿਤ ਕੀਤਾ ਗਿਆ ਤਾਂ ਇਸਨੂੰ ਲੋਕਾਂ ਦੀ ਬੇਹੱਦ ਸਮਰਥਨ ਅਤੇ ਪਿਆਰ ਮਿਲਿਆ।
ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਕਿ ਅਜਿਹੀਆਂ ਝੂਠੀਆਂ ਕਹਾਣੀਆਂ ਅਤੇ ਗੁੰਮਰਾਹਕੁੰਨ ਸਮੱਗਰੀ ਤੋਂ ਬਚਣ ਲਈ ਸਿਰਫ਼ ਪ੍ਰਮਾਣਿਤ ਅਤੇ ਭਰੋਸੇਯੋਗ ਸਰੋਤਾਂ 'ਤੇ ਹੀ ਭਰੋਸਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬ੍ਰਾਂਡ ਦੀ ਸਾਖ ਨੂੰ ਖਰਾਬ ਕਰਨ ਦੀਆਂ ਇਹ ਕੋਸ਼ਿਸ਼ਾਂ ਨਵੀਆਂ ਨਹੀਂ ਹਨ, ਪਰ ਮਾਲਾਬਾਰ ਨੇ ਹਮੇਸ਼ਾਂ ਸਚਾਈ ਅਤੇ ਪਾਰਦਰਸ਼ਤਾ ਨੂੰ ਹੀ ਆਪਣੀ ਤਾਕਤ ਬਣਾਇਆ ਹੈ।
ਇਸ ਤਾਜ਼ਾ ਅਦਾਲਤੀ ਫ਼ੈਸਲੇ ਨਾਲ ਨਾ ਸਿਰਫ਼ ਮਾਲਾਬਾਰ ਦੀ ਸਾਖ ਮਜ਼ਬੂਤ ਹੋਈ ਹੈ, ਸਗੋਂ ਸੋਸ਼ਲ ਮੀਡੀਆ ‘ਤੇ ਫੈਲ ਰਹੀ ਬੇਬੁਨਿਆਦ ਸਮੱਗਰੀ ਵਿਰੁੱਧ ਕੰਪਨੀਆਂ ਦੇ ਹੱਕ ਵਿੱਚ ਇਕ ਵੱਡਾ ਸੁਨੇਹਾ ਵੀ ਗਿਆ ਹੈ।