ਵੈਸਟ ਮਿਡਲੈਂਡਜ਼ ਵਿੱਚ ਸਿੱਖ ਔਰਤ ਨਾਲ ਹੋਏ ਕਥਿਤ ਬਲਾਤਕਾਰ ਨੂੰ ਨਫ਼ਰਤ ਅਪਰਾਧ ਵਜੋਂ ਮੰਨਿਆ ਜਾ ਰਿਹਾ ਹੈ
ਲੰਡਨ, 15 ਸਤੰਬਰ- ਲੰਡਨ ਦੇ ਵੈਸਟ ਮਿਡਲੈਂਡਜ਼ ਵਿੱਚ ਇੱਕ ਸਿੱਖ ਔਰਤ ‘ਤੇ ਦਿਨ-ਦਿਹਾੜੇ ਹੋਏ ਬੇਹੱਦ ਖ਼ੌਫਨਾਕ ਤਰੀਕੇ ਨਾਲ ਬਲਾਤਕਾਰ ਨੇ ਸਿੱਖ ਭਾਈਚਾਰੇ ਹੀ ਨਹੀਂ, ਸਗੋਂ ਸਾਰੇ ਬ੍ਰਿਟੇਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਜਾਣਕਾਰੀ ਅਨੁਸਾਰ, ਇੱਕ ਨੌਜਵਾਨ ਸਿੱਖ ਔਰਤ ‘ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਤੇ ਉਸ ਨਾਲ ਜਿਨਸੀ ਦੁਰਵਿਵਹਾਰ ਕੀਤਾ ਗਿਆ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਉਹ ਆਪਣੇ ਰੋਜ਼ਾਨਾ ਦੇ ਕੰਮ ਲਈ ਬਾਹਰ ਨਿਕਲੀ ਸੀ।
ਸਥਾਨਕ ਪੁਲਿਸ ਨੇ ਕਿਹਾ ਹੈ ਕਿ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਵਧਾਏ ਗਏ ਹਨ ਅਤੇ ਵਾਧੂ ਗਸ਼ਤ ਤੈਨਾਤ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਦੇ ਮਨ ਵਿੱਚ ਭਰੋਸਾ ਬਣਾਇਆ ਜਾ ਸਕੇ। ਜਾਂਚ ਜਾਰੀ ਹੈ ਅਤੇ ਕਿਸੇ ਵੀ ਕਿਸਮ ਦੀ ਜਾਣਕਾਰੀ ਵਾਲਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ 9 ਸਤੰਬਰ ਦੇ ਲਾਗ ਨੰਬਰ 798 ਦਾ ਹਵਾਲਾ ਦਿੰਦਿਆਂ 101 ‘ਤੇ ਸੰਪਰਕ ਕਰਨ। ਪੁਲਿਸ ਅਧਿਕਾਰੀਆਂ ਦੇ ਮਤਾਬਕ, ਲੋਕਾਂ ਦੀ ਸਹਿਯੋਗ ਨਾਲ ਹੀ ਇਸ ਅਪਰਾਧ ਦੇ ਦੋਸ਼ੀਆਂ ਨੂੰ ਜਲਦੀ ਕਾਨੂੰਨ ਦੇ ਘੇਰੇ ਵਿੱਚ ਲਿਆਇਆ ਜਾ ਸਕਦਾ ਹੈ।
ਸਿੱਖ ਫੈਡਰੇਸ਼ਨ ਯੂਕੇ ਦੇ ਦਬਿੰਦਰਜੀਤ ਸਿੰਘ ਨੇ ਘਟਨਾ ਨੂੰ ਬੇਹੱਦ ਚਿੰਤਾਜਨਕ ਦੱਸਦਿਆਂ ਕਿਹਾ ਕਿ ਇਹ ਸਿਰਫ ਇੱਕ ਵਿਅਕਤੀ ‘ਤੇ ਹਮਲਾ ਨਹੀਂ, ਸਗੋਂ ਸਮਾਜਿਕ ਸੁਰੱਖਿਆ ਤੇ ਸਿੱਧਾ ਪ੍ਰਸ਼ਨ ਚਿੰਨ੍ਹ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਨਸਲਵਾਦੀ ਅਤੇ ਵਿਦੇਸ਼ੀ ਵਿਰੋਧੀ ਰਾਜਨੀਤਿਕ ਹਾਲਾਤ ਇਸ ਕਿਸਮ ਦੇ ਜੁਰਮਾਂ ਨੂੰ ਹੋਸਲਾ ਦੇ ਰਹੇ ਹਨ। ਉਨ੍ਹਾਂ ਨੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਅਪੀਲ ਕੀਤੀ ਕਿ ਉਹ ਨਸਲੀ ਹਿੰਸਾ ਅਤੇ ਜਿਨਸੀ ਅਪਰਾਧਾਂ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਦਿਖਾਉਣ। “ਇਹ ਜ਼ਰੂਰੀ ਹੈ ਕਿ ਸਾਰੇ ਪੱਖਾਂ ਦੇ ਸਿਆਸਤਦਾਨ ਖੁੱਲ੍ਹ ਕੇ ਇਸ ਬੇਰਹਿਮ ਹਮਲੇ ਦੀ ਨਿੰਦਾ ਕਰਨ, ਤਾਂ ਜੋ ਸਮਾਜ ਵਿੱਚ ਸਪਸ਼ਟ ਸੁਨੇਹਾ ਜਾਵੇ ਕਿ ਅਜਿਹੀਆਂ ਹਰਕਤਾਂ ਬੇਹੱਦ ਘਿਨਾਉਣੀਆਂ ਹਨ ਅਤੇ ਕਦੇ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ,” ਉਨ੍ਹਾਂ ਕਿਹਾ।
ਸਿੱਖ ਯੂਥ ਯੂਕੇ ਨੇ ਵੀ ਇਸ ਘਟਨਾ ਤੋਂ ਬਾਅਦ ਆਪਣੀ ਚਿੰਤਾ ਜ਼ਾਹਰ ਕੀਤੀ ਹੈ। ਸੰਸਥਾ ਨੇ ਸਮਾਜਕ ਮੈਂਬਰਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ, ਖ਼ਾਸ ਕਰਕੇ ਮਹਿਲਾਵਾਂ ਅਤੇ ਨੌਜਵਾਨਾਂ ਦੀ ਸੁਰੱਖਿਆ ਵਾਸਤੇ ਵਾਧੂ ਕਦਮ ਚੁੱਕਣ ਲਈ ਪ੍ਰੇਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰ ਕੋਈ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਸੁਰੱਖਿਆ ਦੇ ਉਪਾਵਾਂ ਨੂੰ ਮਜ਼ਬੂਤ ਕਰੇ, ਤਾਂ ਜੋ ਐਸੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ।
ਇਸ ਘਟਨਾ ਨੇ ਇੱਕ ਵਾਰ ਫਿਰ ਇੰਗਲੈਂਡ ਵਿੱਚ ਨਸਲਵਾਦ ਅਤੇ ਸਮਾਜਕ ਨਫਰਤ ਬਾਰੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਕਈ ਸਮਾਜਿਕ ਨੇਤਾ ਕਹਿੰਦੇ ਹਨ ਕਿ ਹਾਲੀਆ ਦੌਰ ਵਿੱਚ ਕੁਝ ਰਾਜਨੀਤਿਕ ਚਰਚਾਵਾਂ ਨੇ ਨਫਰਤ ਨੂੰ ਹੋਰ ਵਧਾਇਆ ਹੈ। ਮਸ਼ਹੂਰ ਹੋਣ ਦੀ ਦੌੜ ਵਿੱਚ ਕੁਝ ਰਾਜਨੀਤਿਕ ਪਾਰਟੀਆਂ ਨੇ ਵਿਦੇਸ਼ੀ ਵਿਰੋਧੀ ਅਤੇ ਨਸਲਵਾਦੀ ਰੁਝਾਨਾਂ ਨੂੰ ਚੁੱਪਚਾਪ ਜਾਂ ਖੁੱਲ੍ਹ ਕੇ ਵਧਾਇਆ ਹੈ, ਜਿਸਦਾ ਨਤੀਜਾ ਐਸੀਆਂ ਹਿੰਸਕ ਘਟਨਾਵਾਂ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ।
ਸਮਾਜਕ ਸੰਸਥਾਵਾਂ ਦਾ ਕਹਿਣਾ ਹੈ ਕਿ ਇਸ ਵੇਲੇ ਭਾਈਚਾਰੇ ਨੂੰ ਇਕੱਠੇ ਹੋ ਕੇ ਨਾ ਸਿਰਫ ਪੀੜਤਾ ਲਈ ਨਿਆਂ ਦੀ ਮੰਗ ਕਰਨੀ ਚਾਹੀਦੀ ਹੈ, ਸਗੋਂ ਸੁਰੱਖਿਆ ਪ੍ਰਬੰਧਾਂ ਵਿੱਚ ਸੁਧਾਰ ਲਈ ਵੀ ਆਵਾਜ਼ ਉਠਾਉਣੀ ਚਾਹੀਦੀ ਹੈ। ਉਹ ਇਹ ਵੀ ਮੰਗ ਕਰ ਰਹੇ ਹਨ ਕਿ ਸਰਕਾਰ ਐਸੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਾਨੂੰਨੀ ਕਦਮ ਚੁੱਕੇ ਅਤੇ ਸਿੱਖਿਆ ਪ੍ਰਣਾਲੀ ਵਿੱਚ ਵੀ ਨਸਲਵਾਦ ਵਿਰੋਧੀ ਪ੍ਰੋਗਰਾਮਾਂ ਨੂੰ ਮਜ਼ਬੂਤ ਕਰੇ।
ਹਾਲਾਂਕਿ, ਸਾਰੇ ਦੁੱਖ ਦੇ ਦਰਮਿਆਨ ਇਹ ਗੱਲ ਵੀ ਉਮੀਦ ਜਗਾਉਂਦੀ ਹੈ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ਅਤੇ ਸਥਾਨਕ ਸੱਥਾਂ ਰਾਹੀਂ ਪੀੜਤਾ ਦੇ ਹੱਕ ਵਿੱਚ ਸਮਰਥਨ ਦਿਖਾਇਆ ਹੈ। ਕਈਆਂ ਨੇ ਫੰਡਰੇਜ਼ਰ ਸ਼ੁਰੂ ਕੀਤੇ ਹਨ ਤਾਂ ਜੋ ਉਸਦੇ ਇਲਾਜ ਅਤੇ ਕਾਨੂੰਨੀ ਮਦਦ ਲਈ ਸਹਾਇਤਾ ਕੀਤੀ ਜਾ ਸਕੇ।
ਇਹ ਘਟਨਾ ਸਿਰਫ ਇੱਕ ਅਪਰਾਧ ਨਹੀਂ, ਸਗੋਂ ਸਮਾਜ ਲਈ ਚੇਤਾਵਨੀ ਹੈ ਕਿ ਨਫਰਤ ਦੀ ਅੱਗ ਜੇਕਰ ਰੋਕੀ ਨਾ ਗਈ ਤਾਂ ਉਹ ਹਰ ਕਿਸੇ ਲਈ ਖ਼ਤਰਾ ਬਣ ਸਕਦੀ ਹੈ। ਸਿਆਸਤਦਾਨਾਂ, ਪੁਲਿਸ, ਸਮਾਜਿਕ ਸੰਸਥਾਵਾਂ ਅਤੇ ਆਮ ਲੋਕਾਂ — ਸਭ ਨੂੰ ਮਿਲ ਕੇ ਇੱਕ ਅਜਿਹਾ ਵਾਤਾਵਰਣ ਬਣਾਉਣ ਦੀ ਲੋੜ ਹੈ, ਜਿੱਥੇ ਹਰ ਕੋਈ ਆਪਣੇ ਆਪ ਨੂੰ ਸੁਰੱਖਿਅਤ ਅਤੇ ਸਨਮਾਨਿਤ ਮਹਿਸੂਸ ਕਰੇ।