ਟਰੰਪ ਨੇ ਵਿਦੇਸ਼ੀ ਫਿਲਮਾਂ 'ਤੇ 100% ਟੈਰਿਫ ਲਗਾਉਣ ਦਾ ਐਲਾਨ ਕੀਤਾ
ਅਮਰੀਕਾ, 1 ਅਕਤੂਬਰ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਆਪਣੀ ਸੋਸ਼ਲ ਮੀਡੀਆ ਪਲੇਟਫਾਰਮ ਟਰੂਥ ਸੋਸ਼ਲ ‘ਤੇ ਇੱਕ ਬਿਆਨ ਜਾਰੀ ਕਰਕੇ ਵੱਡਾ ਦਾਅਵਾ ਕੀਤਾ ਹੈ। ਟਰੰਪ ਨੇ ਕਿਹਾ ਕਿ ਉਹ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਬਣੀਆਂ ਸਾਰੀਆਂ ਫ਼ਿਲਮਾਂ ‘ਤੇ 100 ਫ਼ੀਸਦੀ ਟੈਰਿਫ ਲਗਾਉਣਗੇ। ਹਾਲਾਂਕਿ, ਇਸ ਟੈਰਿਫ ਦੇ ਲਾਗੂ ਹੋਣ ਦੀ ਤਾਰੀਖ ਜਾਂ ਇਸ ਦੇ ਤਰੀਕੇ ਬਾਰੇ ਉਸਨੇ ਕੋਈ ਵੀ ਸਪਸ਼ਟਤਾ ਨਹੀਂ ਦਿੱਤੀ।
ਜੇਕਰ ਟਰੰਪ ਆਪਣੀ ਧਮਕੀ ਨੂੰ ਹਕੀਕਤ ਵਿੱਚ ਬਦਲਦੇ ਹਨ, ਤਾਂ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਹ ਕਿਸੇ ਵਸਤੂ ਦੀ ਬਜਾਏ ਸੇਵਾ ਖੇਤਰ ਉੱਤੇ ਸਿੱਧਾ ਟੈਰਿਫ ਲਗਾਉਣਗੇ। ਟਰੰਪ ਨੇ ਸਭ ਤੋਂ ਪਹਿਲਾਂ ਮਈ ਮਹੀਨੇ ਵਿੱਚ ਇਸ ਗੱਲ ਦਾ ਸੰਕੇਤ ਦਿੱਤਾ ਸੀ ਕਿ ਵਿਦੇਸ਼ਾਂ ਵਿੱਚ ਬਣ ਰਹੀਆਂ ਫ਼ਿਲਮਾਂ ‘ਤੇ ਭਾਰੀ ਸ਼ੁਲਕ ਲਾਇਆ ਜਾ ਸਕਦਾ ਹੈ। ਉਸ ਸਮੇਂ ਉਸਦਾ ਤਰਕ ਸੀ ਕਿ ਹੋਰ ਦੇਸ਼ ਫ਼ਿਲਮ ਉਦਯੋਗ ਲਈ ਵੱਖ-ਵੱਖ ਕਰ ਛੋਟਾਂ ਦਿੰਦੇ ਹਨ, ਜਿਸ ਨਾਲ ਹਾਲੀਵੁੱਡ ਨਿਰਮਾਤਾ ਅਕਸਰ ਵਿਦੇਸ਼ਾਂ ਦਾ ਰੁਖ ਕਰਦੇ ਹਨ। ਸੋਮਵਾਰ ਨੂੰ ਕੀਤੀ ਤਾਜ਼ਾ ਪੋਸਟ ਵਿੱਚ ਟਰੰਪ ਨੇ ਕੈਲੀਫੋਰਨੀਆ ਦਾ ਖ਼ਾਸ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਰਾਜ "ਇਸ ਪ੍ਰਕਿਰਿਆ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ।"
ਯਾਦ ਰਹੇ ਕਿ ਕੈਲੀਫੋਰਨੀਆ ਅਤੇ ਹੋਰ ਅਮਰੀਕੀ ਸ਼ਹਿਰਾਂ ਵੱਲੋਂ ਵੀ ਆਪਣੇ ਪਾਸੇ ਟੈਕਸ ਨੂੰ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਰ ਉਦਯੋਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਦਾ ਇਹ ਫ਼ੈਸਲਾ ਲਾਗੂ ਕਰਨਾ ਆਸਾਨ ਨਹੀਂ ਹੋਵੇਗਾ। ਜਦੋਂ ਮਈ ਵਿੱਚ ਉਸਨੇ ਪਹਿਲੀ ਵਾਰ ਇਹ ਗੱਲ ਚੁੱਕੀ ਸੀ, ਤਾਂ ਹਾਲੀਵੁੱਡ ਵਿੱਚ ਹੈਰਾਨੀ ਦੀ ਲਹਿਰ ਦੌੜ ਗਈ ਸੀ। ਇੱਕ ਅੰਦਰੂਨੀ ਸਰੋਤ ਨੇ ਉਸ ਵੇਲੇ ਸੀਐਨਐਨ ਨੂੰ ਕਿਹਾ ਸੀ ਕਿ "ਇਹ ਸੁਣਕੇ ਲੱਗਦਾ ਹੈ ਜਿਵੇਂ ਸਾਰਾ ਉਤਪਾਦਨ ਰੁਕ ਜਾਵੇਗਾ, ਪਰ ਅਸਲ ਵਿੱਚ ਟਰੰਪ ਕੋਲ ਇਹ ਅਧਿਕਾਰ ਹੀ ਨਹੀਂ ਹੈ ਅਤੇ ਪ੍ਰਕਿਰਿਆ ਬਹੁਤ ਹੀ ਜਟਿਲ ਹੈ।"
ਫ਼ਿਲਮ ਉਦਯੋਗ ਦੇ ਵੱਡੇ ਖਿਡਾਰੀ ਮੰਨਦੇ ਹਨ ਕਿ ਅਮਰੀਕੀ ਅਦਾਕਾਰ ਅਤੇ ਨਿਰਦੇਸ਼ਕ ਆਪਣੇ ਘਰ ਦੇ ਨੇੜੇ ਕੰਮ ਕਰਨਾ ਪਸੰਦ ਕਰਦੇ ਹਨ। ਪਰ ਹਾਲੀਵੁੱਡ ਸਟੂਡੀਓਜ਼ ਲਈ ਵਿਦੇਸ਼ਾਂ ਵਿੱਚ ਸ਼ੂਟਿੰਗ ਕਰਨਾ ਵਿੱਤੀ ਪੱਖੋਂ ਕਾਫ਼ੀ ਸਸਤਾ ਪੈਂਦਾ ਹੈ। ਯੂਨਾਈਟਿਡ ਟੈਲੇਂਟ ਏਜੰਸੀ ਦੇ ਉਪ-ਚੇਅਰਮੈਨ ਜੇ ਸੁਰੇਸ ਨੇ ਮਈ ਵਿੱਚ ਕਿਹਾ ਸੀ ਕਿ "ਲੋਕਾਂ ਨੂੰ ਵਿਦੇਸ਼ ਭੇਜਣ ਲਈ ਟਿਕਟਾਂ ਤੇ ਹੋਟਲਾਂ ਦਾ ਖਰਚਾ ਚੁਕਾਉਣਾ ਵੀ ਅਮਰੀਕਾ ਦੇ ਅੰਦਰ ਕੰਮ ਕਰਨ ਨਾਲੋਂ ਸਸਤਾ ਹੈ, ਕਿਉਂਕਿ ਬਾਹਰ ਮਜ਼ਦੂਰੀ ਦੀ ਲਾਗਤ ਘੱਟ ਹੈ ਅਤੇ ਸਰਕਾਰਾਂ ਵੱਲੋਂ ਵੱਡੀਆਂ ਛੋਟਾਂ ਮਿਲਦੀਆਂ ਹਨ।"
ਟਰੰਪ ਦੇ ਤਾਜ਼ਾ ਐਲਾਨ ਦਾ ਅਸਰ ਫ਼ਿਲਮੀ ਕੰਪਨੀਆਂ ਦੇ ਸ਼ੇਅਰਾਂ ‘ਤੇ ਵੀ ਵੇਖਿਆ ਗਿਆ। Netflix ਦਾ ਸ਼ੇਅਰ ਸੋਮਵਾਰ ਸਵੇਰੇ 1 ਫ਼ੀਸਦੀ ਘਟ ਗਿਆ ਜਦਕਿ AMC ਅਤੇ ਡਿਜ਼ਨੀ ਸਮੇਤ ਹੋਰ ਕੰਪਨੀਆਂ ਦੇ ਸ਼ੇਅਰ ਚੜ੍ਹੇ। ਇਹ ਸਭ ਉਸ ਵੇਲੇ ਹੋ ਰਿਹਾ ਹੈ ਜਦੋਂ ਮਹਾਂਮਾਰੀ ਤੋਂ ਬਾਅਦ ਅਮਰੀਕੀ ਸਿਨੇਮਾਘਰਾਂ ਦੀ ਹਾਲਤ ਪਹਿਲਾਂ ਹੀ ਕਮਜ਼ੋਰ ਹੈ। 2018 ਵਿੱਚ ਬਾਕਸ ਆਫਿਸ ਦੀ ਆਮਦਨੀ 12 ਬਿਲੀਅਨ ਡਾਲਰ ਸੀ, ਜੋ ਕਿ 2020 ਵਿੱਚ 2 ਬਿਲੀਅਨ ਤੋਂ ਵੀ ਘੱਟ ਹੋ ਗਈ। ਹਾਲਾਂਕਿ ਕੁਝ ਸੁਧਾਰ ਆਇਆ ਹੈ, ਪਰ ਫ਼ਿਲਮ ਰਿਲੀਜ਼ਾਂ ਦੀ ਗਿਣਤੀ ਅਜੇ ਵੀ 2019 ਦੇ ਮੁਕਾਬਲੇ ਅੱਧੀ ਹੈ।
ਦੂਜੇ ਪਾਸੇ, ਵੱਡੀਆਂ ਫ਼ਿਲਮ ਕੰਪਨੀਆਂ ਗਲੋਬਲ ਪੱਧਰ ‘ਤੇ ਮਜ਼ਬੂਤੀ ਨਾਲ ਖੜ੍ਹੀਆਂ ਹਨ। ਵਾਰਨਰ ਬ੍ਰਦਰਜ਼ ਡਿਸਕਵਰੀ ਇਸ ਸਾਲ 4 ਬਿਲੀਅਨ ਡਾਲਰ ਦੀ ਗਲੋਬਲ ਬਾਕਸ ਆਫਿਸ ਕਮਾਈ ਕਰਨ ਵਾਲਾ ਪਹਿਲਾ ਸਟੂਡੀਓ ਬਣ ਗਿਆ ਹੈ।
ਫ਼ਿਲਮਾਂ ਤੋਂ ਇਲਾਵਾ, ਟਰੰਪ ਹੋਰ ਕਈ ਖੇਤਰਾਂ ਵਿੱਚ ਵੀ ਟੈਰਿਫ ਲਿਆਉਣ ਦੀ ਯੋਜਨਾ ਬਣਾ ਰਹੇ ਹਨ। ਰਿਪੋਰਟਾਂ ਮੁਤਾਬਕ, ਬ੍ਰਾਂਡੇਡ ਦਵਾਈਆਂ ‘ਤੇ 100% ਟੈਰਿਫ, ਭਾਰੀ ਟਰੱਕਾਂ ‘ਤੇ 25%, ਰਸੋਈ ਦੀਆਂ ਅਲਮਾਰੀਆਂ ‘ਤੇ 50% ਅਤੇ ਅਪਹੋਲਸਟਰਡ ਫਰਨੀਚਰ ‘ਤੇ 30% ਟੈਰਿਫ ਲਗਾਉਣ ਦੀ ਤਿਆਰੀ ਹੋ ਰਹੀ ਹੈ।
ਟਰੰਪ ਨੇ ਇੱਕ ਹੋਰ ਪੋਸਟ ਵਿੱਚ ਇਹ ਵੀ ਕਿਹਾ ਹੈ ਕਿ ਉਹ ਸੰਯੁਕਤ ਰਾਜ ਵਿੱਚ ਆਯਾਤ ਕੀਤੇ ਜਾਣ ਵਾਲੇ ਸਾਰੇ ਫਰਨੀਚਰ ‘ਤੇ "ਵੱਡੇ" ਟੈਰਿਫ ਲਗਾਉਣ ਦੀ ਯੋਜਨਾ ਰੱਖਦੇ ਹਨ। ਇਹ ਸਭ ਕੁਝ ਉਸਦੀ ਉਸ ਰਣਨੀਤੀ ਵੱਲ ਇਸ਼ਾਰਾ ਕਰਦਾ ਹੈ ਜਿਸਦਾ ਕੇਂਦਰ "ਅਮਰੀਕਾ ਪਹਿਲਾਂ" ਦੀ ਨੀਤੀ ਹੈ, ਪਰ ਇਸਦੇ ਪ੍ਰਭਾਵਾਂ ਬਾਰੇ ਚਰਚਾ ਜ਼ੋਰਾਂ ‘ਤੇ ਹੈ।