ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਜ਼ਿੰਦਾ ਸੜ ਗਈ, ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ

ਨੇਪਾਲ ਦੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਜ਼ਿੰਦਾ ਸੜ ਗਈ, ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਘਰ ਨੂੰ ਅੱਗ ਲਗਾ ਦਿੱਤੀ

ਨੇਪਾਲ, 10 ਸਤੰਬਰ- ਕਾਠਮੰਡੂ ਦੇ ਡੱਲੂ ਇਲਾਕੇ ਵਿੱਚ ਮੰਗਲਵਾਰ ਸ਼ਾਮ ਨੂੰ ਘਟਿਤ ਘਟਨਾ ਨੇ ਪੂਰੇ ਨੇਪਾਲ ਨੂੰ ਹਿਲਾ ਕੇ ਰੱਖ ਦਿੱਤਾ। ਪ੍ਰਦਰਸ਼ਨਕਾਰੀ, ਜੋ ਕਿ ਜ਼ੈਨ-ਜ਼ੀ ਦੀ ਅਗਵਾਈ ਹੇਠ ਸੜਕਾਂ ‘ਤੇ ਉਤਰੇ ਹੋਏ ਸਨ, ਹਿੰਸਕ ਹੋ ਗਏ ਅਤੇ ਸਾਬਕਾ ਪ੍ਰਧਾਨ ਮੰਤਰੀ ਝਲਨਾਥ ਖਨਾਲ ਦੇ ਘਰ ਨੂੰ ਅੱਗ ਲਗਾ ਦਿੱਤੀ। ਇਸ ਘਰ ਵਿੱਚ ਉਸ ਸਮੇਂ ਉਨ੍ਹਾਂ ਦੀ ਪਤਨੀ ਰਾਜਲਕਸ਼ਮੀ ਚਿੱਤਰਕਾਰ ਮੌਜੂਦ ਸਨ, ਜਿਹਨਾਂ ਨੂੰ ਅੱਗ ਨੇ ਘੇਰ ਲਿਆ। ਪਰਿਵਾਰਕ ਸਰੋਤਾਂ ਦੇ ਮੁਤਾਬਕ, ਉਨ੍ਹਾਂ ਨੂੰ ਤੁਰੰਤ ਕੀਰਤੀਪੁਰ ਬਰਨ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਬਾਅਦ ਵਿੱਚ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।

 

ਇਹ ਸਾਰੀ ਸਥਿਤੀ ਉਸ ਵੇਲੇ ਬਣੀ ਜਦੋਂ ਸਰਕਾਰ ਨੇ ਕੁਝ ਸਮੇਂ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ — ਫੇਸਬੁੱਕ, ਯੂਟਿਊਬ ਅਤੇ ਐਕਸ ,‘ਤੇ ਪਾਬੰਦੀ ਲਗਾ ਦਿੱਤੀ। ਸਰਕਾਰ ਦੀ ਦਲੀਲ ਸੀ ਕਿ ਇਹ ਕੰਪਨੀਆਂ ਸਰਕਾਰੀ ਨਿਯਮਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹੀਆਂ ਹਨ। ਪਰ ਨੌਜਵਾਨਾਂ ਦੇ ਗੁੱਸੇ ਨੂੰ ਇਸ ਪਾਬੰਦੀ ਨੇ ਹੋਰ ਭੜਕਾ ਦਿੱਤਾ।

 

ਸੂਤਰਾਂ ਦੇ ਅਨੁਸਾਰ, ਪ੍ਰਦਰਸ਼ਨਾਂ ਦੌਰਾਨ ਹਾਲਾਤ ਇੰਨੇ ਬੇਕਾਬੂ ਹੋ ਗਏ ਕਿ ਸੁਰੱਖਿਆ ਬਲਾਂ ਨੂੰ ਗੋਲੀਆਂ ਚਲਾਉਣੀਆਂ ਪਈਆਂ। ਇਸ ਕਾਰਵਾਈ ਵਿੱਚ 19 ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਬਾਅਦ ਭਾਵੇਂ ਸਰਕਾਰ ਨੇ ਸੋਸ਼ਲ ਮੀਡੀਆ ‘ਤੇ ਲੱਗੀ ਰੋਕ ਹਟਾ ਦਿੱਤੀ, ਪਰ ਗੁੱਸਾ ਠੰਢਾ ਨਾ ਹੋਇਆ।

 

ਕਈ ਮੰਤਰੀਆਂ ਦੇ ਘਰਾਂ, ਸੰਸਦ ਭਵਨ ਅਤੇ ਸਰਕਾਰੀ ਇਮਾਰਤਾਂ ਨੂੰ ਭੀੜ ਨੇ ਅੱਗ ਹਵਾਲੇ ਕਰ ਦਿੱਤਾ। ਨੇਪਾਲ ਦੇ ਵਿੱਤ ਮੰਤਰੀ ਬਿਸ਼ਨੁ ਪ੍ਰਸਾਦ ਪੌਡੇਲ ਦਾ ਤਾਂ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹਨਾਂ ਨੂੰ ਸੜਕਾਂ ‘ਤੇ ਭੱਜਦਿਆਂ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਕੁੱਟਮਾਰ ਖਾਂਦਿਆਂ ਦਿਖਾਇਆ ਗਿਆ। ਇਹ ਤਸਵੀਰਾਂ ਨੇਪਾਲ ਦੀ ਰਾਜਨੀਤਿਕ ਹਕੀਕਤ ਦਾ ਇਕ ਭਿਆਨਕ ਚਿਹਰਾ ਬਿਆਨ ਕਰਦੀਆਂ ਹਨ।

 

ਮੌਜੂਦਾ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਵੀ ਪ੍ਰਦਰਸ਼ਨਾਂ ਦੇ ਘੇਰੇ ਵਿੱਚ ਆ ਗਏ। ਉਨ੍ਹਾਂ ਦੇ ਘਰ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਵਧ ਰਹੀ ਹਿੰਸਾ ਅਤੇ ਸਰਕਾਰ ‘ਤੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਕਾਰਨ, ਅੰਤ ਵਿੱਚ ਓਲੀ ਨੇ ਮੰਗਲਵਾਰ ਨੂੰ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ।

 

ਨੇਪਾਲ ਵਿੱਚ ਭ੍ਰਿਸ਼ਟਾਚਾਰ ਅਤੇ “ਨੇਪੋ ਕਿਡਜ਼” ਨੂੰ ਮਿਲ ਰਹੀਆਂ ਸੁਵਿਧਾਵਾਂ ਵੀ ਪ੍ਰਦਰਸ਼ਨਕਾਰੀਆਂ ਦੇ ਗੁੱਸੇ ਦਾ ਕਾਰਨ ਬਣੀਆਂ। ਜਵਾਨਾਂ ਦਾ ਕਹਿਣਾ ਹੈ ਕਿ ਸਿਆਸਤਦਾਨਾਂ ਦੇ ਬੱਚੇ ਵਿਦੇਸ਼ੀ ਸਿੱਖਿਆ, ਮਹਿੰਗੀਆਂ ਗੱਡੀਆਂ ਅਤੇ ਸ਼ਾਨਦਾਰ ਜ਼ਿੰਦਗੀ ਦਾ ਆਨੰਦ ਮਾਣ ਰਹੇ ਹਨ ਜਦਕਿ ਆਮ ਨੌਜਵਾਨਾਂ ਲਈ ਰੋਜ਼ਗਾਰ ਹੀ ਸਭ ਤੋਂ ਵੱਡੀ ਚੁਣੌਤੀ ਹੈ।

 

ਸਥਿਤੀ ਇਸ ਹੱਦ ਤੱਕ ਗੰਭੀਰ ਹੋ ਚੁੱਕੀ ਹੈ ਕਿ ਕਾਠਮੰਡੂ ਏਅਰਪੋਰਟ ਨੂੰ ਵੀ ਬੰਦ ਕਰਨਾ ਪਿਆ। ਏਅਰ ਇੰਡੀਆ, ਇੰਡੀਗੋ ਅਤੇ ਨੇਪਾਲ ਏਅਰਲਾਈਨਜ਼ ਵੱਲੋਂ ਦਿੱਲੀ ਤੋਂ ਕਾਠਮੰਡੂ ਜਾਣ ਵਾਲੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਭਾਰਤ ਸਰਕਾਰ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਹਾਲਾਤ ਸਧਾਰਨ ਹੋਣ ਤੱਕ ਨੇਪਾਲ ਯਾਤਰਾ ਤੋਂ ਬਚਣ।

 

ਪ੍ਰਦਰਸ਼ਨ ਹੁਣ ਸਿਰਫ਼ ਸੋਸ਼ਲ ਮੀਡੀਆ ਪਾਬੰਦੀ ਤੱਕ ਸੀਮਿਤ ਨਹੀਂ ਰਹੇ, ਸਗੋਂ ਇਹ ਜਨਰੇਸ਼ਨ ਜ਼ੈੱਡ ਦੇ ਗੁੱਸੇ, ਬੇਰੋਜ਼ਗਾਰੀ, ਸਰਕਾਰੀ ਭ੍ਰਿਸ਼ਟਾਚਾਰ ਅਤੇ ਅਸਮਾਨਤਾ ਦੇ ਵੱਡੇ ਮੁੱਦਿਆਂ ਵਿੱਚ ਤਬਦੀਲ ਹੋ ਗਏ ਹਨ।

 

ਨੇਪਾਲ ਦੇ ਰਾਜਨੀਤਿਕ ਮੰਡਲ ਨੂੰ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਲੋਕਾਂ ਦਾ ਭਰੋਸਾ ਮੁੜ ਕਿਵੇਂ ਜਿੱਤਿਆ ਜਾਵੇ। ਅੰਤਰਰਾਸ਼ਟਰੀ ਭਾਈਚਾਰੇ ਦੀਆਂ ਨਜ਼ਰਾਂ ਵੀ ਹੁਣ ਨੇਪਾਲ ‘ਤੇ ਟਿਕੀਆਂ ਹੋਈਆਂ ਹਨ ਕਿਉਂਕਿ ਹਿੰਸਾ ਦੀ ਇਹ ਲਹਿਰ ਪੂਰੇ ਖੇਤਰ ਵਿੱਚ ਅਸਥਿਰਤਾ ਦਾ ਸੰਕੇਤ ਦੇ ਰਹੀ ਹੈ।

 

ਹਾਲਾਂਕਿ ਸਰਕਾਰ ਨੇ ਕਈ ਮੰਤਰੀਆਂ ਨੂੰ ਸੁਰੱਖਿਆ ਦੇ ਤਹਿਤ ਹੈਲੀਕਾਪਟਰਾਂ ਰਾਹੀਂ ਸੁਰੱਖਿਅਤ ਥਾਵਾਂ ‘ਤੇ ਭੇਜਿਆ ਹੈ, ਪਰ ਰਾਜਨੀਤਿਕ ਭਵਿੱਖ ਬਾਰੇ ਅਸਪਸ਼ਟਤਾ ਕਾਇਮ ਹੈ। ਲੋਕਾਂ ਦੀ ਮੰਗ ਹੈ ਕਿ ਨਵੀਂ ਸਰਕਾਰ ਸਿਰਫ਼ ਨੇਤ੍ਰਿਤਵ ਦੀ ਬਦਲੀ ਨਾ ਕਰੇ, ਸਗੋਂ ਸਿਸਟਮ ਵਿੱਚ ਵੀ ਸੁਧਾਰ ਲਿਆਏ।