ਦੁਬਈ ਆਰਟੀਏ ਨੇ ਸ਼ੁੱਕਰਵਾਰ ਨੂੰ ਪੈਗੰਬਰ ਮੁਹੰਮਦ ਦੇ ਜਨਮਦਿਨ ਦੀ ਛੁੱਟੀ ਲਈ ਸੇਵਾ ਦੇ ਸਮੇਂ ਦਾ ਐਲਾਨ ਕੀਤਾ

ਦੁਬਈ ਆਰਟੀਏ ਨੇ ਸ਼ੁੱਕਰਵਾਰ ਨੂੰ ਪੈਗੰਬਰ ਮੁਹੰਮਦ ਦੇ ਜਨਮਦਿਨ ਦੀ ਛੁੱਟੀ ਲਈ ਸੇਵਾ ਦੇ ਸਮੇਂ ਦਾ ਐਲਾਨ ਕੀਤਾ

ਦੁਬਈ, 5 ਸਤੰਬਰ- ਦੁਬਈ ਦੀ ਸੜਕ ਅਤੇ ਆਵਾਜਾਈ ਅਥਾਰਟੀ ਨੇ ਐਲਾਨ ਕੀਤਾ ਹੈ ਕਿ ਪੈਗੰਬਰ ਮੁਹੰਮਦ ਦੇ ਜਨਮ ਦਿਵਸ ਦੇ ਮੌਕੇ ‘ਤੇ ਆਉਣ ਵਾਲੇ ਸ਼ੁੱਕਰਵਾਰ, 5 ਸਤੰਬਰ ਨੂੰ ਸ਼ਹਿਰ ਵਿੱਚ ਵੱਖ-ਵੱਖ ਆਵਾਜਾਈ ਅਤੇ ਸੇਵਾ ਪ੍ਰਣਾਲੀਆਂ ਦੇ ਸਮੇਂ ‘ਚ ਤਬਦੀਲੀ ਕੀਤੀ ਜਾਵੇਗੀ। ਇਸ ਤਬਦੀਲੀ ਦਾ ਪ੍ਰਭਾਵ ਗਾਹਕ ਖੁਸ਼ੀ ਕੇਂਦਰਾਂ, ਪਾਰਕਿੰਗ ਜ਼ੋਨਾਂ, ਜਨਤਕ ਬੱਸਾਂ, ਮੈਟਰੋ ਅਤੇ ਟਰਾਮ ਸੇਵਾਵਾਂ, ਸਮੁੰਦਰੀ ਆਵਾਜਾਈ ਅਤੇ ਵਾਹਨ ਜਾਂਚ ਕੇਂਦਰਾਂ ‘ਤੇ ਪਵੇਗਾ।

 

ਆਰਟੀਏ ਵੱਲੋਂ ਜਾਰੀ ਕੀਤੀ ਜਾਣਕਾਰੀ ਮੁਤਾਬਕ, ਸਾਰੇ ਗਾਹਕ ਕੇਂਦਰ ਉਸ ਦਿਨ ਬੰਦ ਰਹਿਣਗੇ, ਪਰ ਉਮ ਰਾਮੂਲ, ਅਲ ਬਰਸ਼ਾ, ਦੀਰਾ, ਅਲ ਤਵਾਰ ਅਤੇ ਆਰਟੀਏ ਦੇ ਮੁੱਖ ਦਫ਼ਤਰ ਵਿਚਲੇ ਸਮਾਰਟ ਸੈਂਟਰ 24 ਘੰਟੇ ਖੁਲੇ ਰਹਿਣਗੇ ਤਾਂ ਜੋ ਨਿਵਾਸੀਆਂ ਅਤੇ ਯਾਤਰੀਆਂ ਨੂੰ ਸਹੂਲਤ ਮਿਲ ਸਕੇ।

 

ਦੁਬਈ ਮੈਟਰੋ ਦੀਆਂ ਰੈੱਡ ਅਤੇ ਗ੍ਰੀਨ ਲਾਈਨਾਂ ਲਈ ਵੀ ਖ਼ਾਸ ਤੌਰ ‘ਤੇ ਵਾਧੂ ਸਮਾਂ ਰੱਖਿਆ ਗਿਆ ਹੈ। ਇਹ ਟ੍ਰੇਨਾਂ ਸਵੇਰੇ 5 ਵਜੇ ਤੋਂ ਲਗਾਤਾਰ ਰਾਤ 1 ਵਜੇ ਤੱਕ ਚੱਲਣਗੀਆਂ, ਜਿਸ ਨਾਲ ਲੋਕਾਂ ਨੂੰ ਛੁੱਟੀ ਦੇ ਦਿਨ ਵੀ ਆਵਾਜਾਈ ਦੀ ਸਹੂਲਤ ਆਸਾਨੀ ਨਾਲ ਉਪਲਬਧ ਹੋਵੇਗੀ। ਟਰਾਮ ਅਤੇ ਜਨਤਕ ਬੱਸਾਂ ਦੇ ਰੂਟਾਂ ਵਿੱਚ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ ਤਾਂ ਜੋ ਲੋਕਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਕੋਈ ਮੁਸ਼ਕਿਲ ਨਾ ਆਵੇ।

 

ਭੁਗਤਾਨ ਵਾਲੇ ਪਾਰਕਿੰਗ ਜ਼ੋਨਾਂ ਲਈ ਵੀ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਲੋਕਾਂ ਨੂੰ ਪਹਿਲਾਂ ਹੀ ਜਾਣਕਾਰੀ ਦੇਣ ਦਾ ਉਦੇਸ਼ ਇਹ ਹੈ ਕਿ ਛੁੱਟੀ ਦੌਰਾਨ ਕਿਸੇ ਵੀ ਤਰ੍ਹਾਂ ਦੀ ਗਲਤਫ਼ਹਮੀ ਜਾਂ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਸਮੁੰਦਰੀ ਆਵਾਜਾਈ ਦੀਆਂ ਸੇਵਾਵਾਂ ਵੀ ਨਵੇਂ ਸਮਾਂ-ਸਾਰਣੀ ਮੁਤਾਬਕ ਚਲਾਈਆਂ ਜਾਣਗੀਆਂ, ਤਾਂ ਜੋ ਯਾਤਰੀਆਂ ਨੂੰ ਵਿਕਲਪਕ ਰਸਤੇ ਪ੍ਰਦਾਨ ਕੀਤੇ ਜਾ ਸਕਣ।

 

ਇਸ ਮੌਕੇ ਤੇ ਦੁਬਈ ਸਰਕਾਰ ਨੇ ਵੀ ਸਰਕਾਰੀ ਤੌਰ ‘ਤੇ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਯੂਏਈ ਦੇ ਨਿਵਾਸੀ ਅਤੇ ਪ੍ਰਵਾਸੀ ਦੋਵੇਂ ਹੀ ਲੰਮੇ ਵੀਕਐਂਡ ਦਾ ਅਨੰਦ ਮਾਣ ਸਕਣਗੇ। ਕਈ ਨਿਵਾਸੀਆਂ ਲਈ ਇਹ ਮੌਕਾ ਪਰਿਵਾਰ ਨਾਲ ਸਮਾਂ ਬਿਤਾਉਣ, ਯਾਤਰਾ ਕਰਨ ਜਾਂ ਛੁੱਟੀ ਦੀਆਂ ਯੋਜਨਾਵਾਂ ਨੂੰ ਅੱਗੇ ਵਧਾਉਣ ਲਈ ਸੁਨੇਹਰਾ ਸਮਾਂ ਹੋਵੇਗਾ।

 

ਆਰਟੀਏ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਨਿਵਾਸੀਆਂ ਅਤੇ ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਕੀਤੀਆਂ ਗਈਆਂ ਹਨ। ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਛੁੱਟੀ ਵਾਲੇ ਦਿਨ ਆਪਣੇ ਯਾਤਰਾ ਪਲਾਨ ਪਹਿਲਾਂ ਹੀ ਬਣਾਉਣ ਤਾਂ ਜੋ ਬਾਅਦ ਵਿੱਚ ਹੋਣ ਵਾਲੀ ਕਿਸੇ ਵੀ  ਦੇਰੀ ਤੋਂ ਬਚਿਆ ਜਾ ਸਕੇ।

 

ਦੁਬਈ ਵਿੱਚ ਛੁੱਟੀਆਂ ਹਮੇਸ਼ਾਂ ਹੀ ਵਿਸ਼ੇਸ਼ ਰੰਗ ਲਿਆਉਂਦੀਆਂ ਹਨ ਅਤੇ ਆਰਟੀਏ ਦੇ ਇਹ ਪ੍ਰਬੰਧ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਸ਼ਹਿਰ ਹਰ ਸਮੇਂ ਆਪਣੇ ਨਿਵਾਸੀਆਂ ਅਤੇ ਯਾਤਰੀਆਂ ਦੀਆਂ ਜ਼ਰੂਰਤਾਂ ਨੂੰ ਪਹਿਲ ਦਿੱਤੀ ਜਾਂਦੀ ਹੈ।