ਗ੍ਰੇਟਰ ਨੋਇਡਾ ‘ਚ ਦਹੇਜ ਦੀ ਅੱਗ: ਵਹੁਟੀ ਨੂੰ ਪਤੀ ਨੇ ਸ਼ਰੇਆਮ ਸਾੜਿਆ

ਗ੍ਰੇਟਰ ਨੋਇਡਾ ‘ਚ ਦਹੇਜ ਦੀ ਅੱਗ: ਵਹੁਟੀ ਨੂੰ ਪਤੀ ਨੇ ਸ਼ਰੇਆਮ ਸਾੜਿਆ

ਗ੍ਰੇਟਰ ਨੋਇਡਾ ਦੇ ਸਿਰਸਾ ਪਿੰਡ ਤੋਂ ਇੱਕ ਦਹਿਸ਼ਤਨਾਕ ਖ਼ਬਰ ਸਾਹਮਣੇ ਆਈ ਹੈ ਜਿਸ ਨੇ ਮਨੁੱਖਤਾ ਨੂੰ ਝੰਝੋੜ ਦਿੱਤਾ ਹੈ। ਦਹੇਜ ਦੀ ਮੰਗ ਪੂਰੀ ਨਾ ਹੋਣ ਕਾਰਨ ਇੱਕ ਵਹੁਟੀ ਨੂੰ ਉਸਦੇ ਹੀ ਪਤੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਅੱਗ ਲਗਾ ਕੇ ਮਾਰ ਦਿੱਤਾ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ਵਿੱਚ ਔਰਤ ਨੂੰ ਸੜਦੀ ਹਾਲਤ ਵਿੱਚ ਸੀੜੀਆਂ ਤੋਂ ਹੇਠਾਂ ਉਤਰਦਿਆਂ ਵੇਖਿਆ ਜਾ ਸਕਦਾ ਹੈ।

 

ਨਿੱਕੀ (ਨਾਂ ਬਦਲਿਆ ਗਿਆ) ਦੀ ਸ਼ਾਦੀ 2016 ਵਿੱਚ ਹੋਈ ਸੀ। ਉਸਦੀ ਵੱਡੀ ਭੈਣ ਕੰਚਨ ਵੀ ਇਸੇ ਘਰ ਵਿੱਚ ਵਿਆਹੀ ਗਈ ਸੀ। ਕੰਚਨ ਨੇ ਰੋ-ਰੋ ਕੇ ਦੱਸਿਆ ਕਿ ਵਿਆਹ ਤੋਂ ਸਿਰਫ਼ ਛੇ ਮਹੀਨੇ ਬਾਅਦ ਹੀ ਦੋਵੇਂ ਭੈਣਾਂ ਨੂੰ ਦਹੇਜ ਲਈ ਤੰਗ ਕੀਤਾ ਜਾਣ ਲੱਗ ਪਿਆ। ਸੋਹਰਿਆਂ ਵੱਲੋਂ 36 ਲੱਖ ਰੁਪਏ ਦੀ ਮੰਗ ਕੀਤੀ ਜਾਂਦੀ ਸੀ। ਉਹ ਅਕਸਰ ਮਾਰ-ਕੁਟ ਕਰਦੇ, ਗਾਲਾਂ ਕੱਢਦੇ ਅਤੇ ਤਾਨੇ ਮਾਰਦੇ ਕਿ ਇੱਕ ਧੀ ਤੋਂ ਤਾਂ ਕੁਝ ਮਿਲਿਆ ਹੈ ਪਰ ਦੂਜੀ ਤੋਂ ਨਹੀਂ ਮਿਲਿਆ। ਕੰਚਨ ਨੇ ਕਿਹਾ ਕਿ ਉਹ ਖੁ

ਸ਼ਰੇਆਮ ਕਹਿੰਦੇ ਸਨ ਕਿ ਤੁਸੀਂ ਮਰ ਜਾਓ, ਅਸੀਂ ਫਿਰ ਨਵੀਆਂ ਵਿਆਹ ਲੈ ਆਵਾਂਗੇ।

 

ਘਟਨਾ ਵਾਲੇ ਦਿਨ ਰਾਤ ਭਰ ਦੋਵੇਂ ਭੈਣਾਂ ਨੂੰ ਤੰਗ ਕੀਤਾ ਗਿਆ। ਕੰਚਨ ਨੇ ਦੱਸਿਆ ਕਿ ਉਸਨੂੰ ਰਾਤ 1:30 ਤੋਂ 4 ਵਜੇ ਤੱਕ ਮਾਰਿਆ-ਕੁੱਟਿਆ ਗਿਆ, ਜਿਸ ਕਾਰਨ ਉਹ ਬੇਹੋਸ਼ੀ ਵਾਲੀ ਹਾਲਤ ਵਿੱਚ ਰਹੀ। ਉਸੇ ਦਿਨ ਸ਼ਾਮ ਨੂੰ ਨਿੱਕੀ ‘ਤੇ ਤਰਲ ਪਦਾਰਥ ਸੁੱਟ ਕੇ ਅੱਗ ਲਗਾ ਦਿੱਤੀ ਗਈ। ਘਰ ਦੇ ਅੰਦਰ ਮੌਜੂਦ ਨਿੱਕੀ ਦਾ ਪੁੱਤਰ ਰੌਦਾਂ ਰਿਹਾ ਕਿ ਉਸਦੀ ਮੰਮੀ ਨੂੰ ਪੈਟਰੋਲ ਵਰਗਾ ਕੁਝ ਪਾ ਕੇ ਲਾਈਟਰ ਨਾਲ ਅੱਗ ਲਾਈ ਗਈ।

 

ਵੀਡੀਓ ਕਲਿੱਪਾਂ ਵਿੱਚ ਸਪਸ਼ਟ ਤੌਰ ‘ਤੇ ਨਿੱਕੀ ਦਾ ਪਤੀ ਵਿਪਿਨ ਦਿੱਸਦਾ ਹੈ ਜੋ ਬਿਨਾਂ ਕਮੀਜ਼ ਦੇ ਸੀ। ਉਸਦੇ ਸਰੀਰ ‘ਤੇ ਵੀ ਖਰੋਚਾਂ ਅਤੇ ਖੂਨ ਦੇ ਨਿਸ਼ਾਨ ਦਿੱਸ ਰਹੇ ਸਨ। ਇੱਕ ਹੋਰ ਔਰਤ ਵੀ ਨਿੱਕੀ ਦੇ ਵਾਲ ਖਿੱਚਦੀ ਦਿੱਸੀ। ਉਸ ਤੋਂ ਬਾਅਦ ਹੋਰ ਦ੍ਰਿਸ਼ਾਂ ਵਿੱਚ ਨਿੱਕੀ ਨੂੰ ਪੌੜੀਆ ਤੋਂ ਹੌਲੀ-ਹੌਲੀ ਹੇਠਾਂ ਉਤਰਦਿਆਂ ਵੇਖਿਆ ਜਾ ਸਕਦਾ ਹੈ ਜਦੋਂ ਉਸਦਾ ਸਾਰਾ ਸਰੀਰ ਅੱਗ ਨਾਲ ਸੜ ਰਿਹਾ ਸੀ। ਕੁਝ ਲੋਕਾਂ ਨੇ ਉਸ ‘ਤੇ ਪਾਣੀ ਸੁੱਟ ਕੇ ਬੁਝਾਉਣ ਦੀ ਕੋਸ਼ਿਸ਼ ਵੀ ਕੀਤੀ, ਪਰ ਉਸਦੇ ਜ਼ਖ਼ਮ ਬਹੁਤ ਗੰਭੀਰ ਸਨ।

 

ਨਿੱਕੀ ਨੂੰ ਸਭ ਤੋਂ ਪਹਿਲਾਂ ਸਥਾਨਕ ਹਸਪਤਾਲ ਵਿੱਚ ਲਿਜਾਇਆ ਗਿਆ ਪਰ ਉਥੇ ਡਾਕਟਰਾਂ ਨੇ ਉਸਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਭੇਜ ਦਿੱਤਾ। ਦੁੱਖ ਦੀ ਗੱਲ ਹੈ ਕਿ ਰਾਹ ਵਿੱਚ ਹੀ ਉਸਦੀ ਮੌਤ ਹੋ ਗਈ। ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਆ ਚੁੱਕੀ ਹੈ ਅਤੇ ਉਸਦੇ ਬਿਆਨ ਅਧਾਰ ‘ਤੇ ਮੁੱਖ ਦੋਸ਼ੀ ਉਸਦਾ ਪਤੀ ਵਿਪਿਨ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹਾਲਾਂਕਿ ਸੱਸ, ਸੋਹਰਾ ਅਤੇ ਦੇਵਰ ਅਜੇ ਵੀ ਫਰਾਰ ਹਨ ਅਤੇ ਉਨ੍ਹਾਂ ਦੀ ਤਲਾਸ਼ ਜਾਰੀ ਹੈ।

 

ਕੰਚਨ ਨੇ ਮੀਡੀਆ ਅੱਗੇ ਬਿਆਨ ਦਿੰਦੇ ਹੋਏ ਕਿਹਾ ਕਿ ਉਸਨੇ ਆਪਣੀ ਅੱਖਾਂ ਨਾਲ ਭੈਣ ਨੂੰ ਸੜਦਿਆਂ ਦੇਖਿਆ। ਉਸਨੇ ਰੋਂਦਿਆਂ ਕਿਹਾ ਕਿ ਮੈਂ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਬੇਹੋਸ਼ ਹੋ ਗਈ। ਉਹ ਕਹਿੰਦੀ ਹੈ ਕਿ ਹੁਣ ਮੈਂ ਸਿਰਫ਼ ਇਨਸਾਫ਼ ਚਾਹੁੰਦੀ ਹਾਂ। ਜਿਨ੍ਹਾਂ ਨੇ ਮੇਰੀ ਭੈਣ ਨੂੰ ਤੜਪਾ ਕੇ ਮਾਰਿਆ ਹੈ, ਉਹਨਾਂ ਨੂੰ ਵੀ ਓਹੀ ਦਰਦ ਮਿਲਣਾ ਚਾਹੀਦਾ ਹੈ।

 

ਇਹ ਮਾਮਲਾ ਇੱਕ ਵਾਰ ਫਿਰ ਦਿਖਾਉਂਦਾ ਹੈ ਕਿ ਦਹੇਜ ਪ੍ਰਥਾ ਅਜੇ ਵੀ ਸਾਡੇ ਸਮਾਜ ਵਿੱਚ ਕਿਸ ਤਰ੍ਹਾਂ ਜ਼ਹਿਰ ਵਾਂਗ ਫੈਲੀ ਹੋਈ ਹੈ। ਕਾਨੂੰਨੀ ਪਾਬੰਦੀਆਂ ਹੋਣ ਦੇ ਬਾਵਜੂਦ ਲੋਕਾਂ ਦੀ ਸੋਚ ਨਹੀਂ ਬਦਲੀ। ਵਿਆਹ ਨੂੰ ਲੈ ਕੇ ਅਜੇ ਵੀ ਕਈ ਪਰਿਵਾਰ ਇਸਨੂੰ ਕਾਰੋਬਾਰ ਬਣਾਈ ਬੈਠੇ ਹਨ। ਜਿੱਥੇ ਬੇਟੀਆਂ ਨੂੰ ਬੋਝ ਸਮਝਿਆ ਜਾਂਦਾ ਹੈ ਉੱਥੇ ਇਹ ਘਟਨਾਵਾਂ ਰੁਕਣ ਵਾਲੀਆਂ ਨਹੀਂ।

 

ਸਮਾਜ ਸ਼ਾਸਤਰੀਆਂ ਅਤੇ ਮਹਿਲਾ ਅਧਿਕਾਰ ਕਾਰਕੁਨਾਂ ਦਾ ਮੰਨਣਾ ਹੈ ਕਿ ਦਹੇਜ ਦੀ ਜੜ੍ਹ ਸਿਰਫ਼ ਲਾਲਚ ਨਹੀਂ ਸਗੋਂ ਦਿਖਾਵੇ ਦੀ ਸੋਚ ਵੀ ਹੈ। ਲੋਕ ਆਪਣੀ ਔਕਾਤ ਤੋਂ ਵੱਧ ਖਰਚ ਕਰਦੇ ਹਨ ਤਾਂ ਕਿ ਸਮਾਜ ਅੱਗੇ ਆਪਣੀ “ਇੱਜ਼ਤ” ਦਿਖਾ ਸਕਣ। ਪਰ ਫਿਰ ਵੀ ਲਾਲਚੀ ਮੁੰਡੇ ਵਾਲੇ ਕਦੇ ਸੰਤੁਸ਼ਟ ਨਹੀਂ ਹੁੰਦੇ ਅਤੇ ਕੁੜੀਆਂ ਦੀ ਜ਼ਿੰਦਗੀ ਨਰਕ ਬਣਾਉਂਦੇ ਹਨ।

 

ਨਿੱਕੀ ਦੀ ਦਰਦਨਾਕ ਮੌਤ ਨੇ ਹਰ ਕਿਸੇ ਨੂੰ ਸੋਚਣ ‘ਤੇ ਮਜਬੂਰ ਕੀਤਾ ਹੈ ਕਿ ਕੀ ਵਾਕਈ ਸਾਡੇ ਕਾਨੂੰਨ ਕਾਫ਼ੀ ਸਖ਼ਤ ਹਨ ਜਾਂ ਨਹੀਂ? ਜੇ ਹਨ, ਤਾਂ ਫਿਰ ਵੀ ਇਨ੍ਹਾਂ ਘਟਨਾਵਾਂ ਵਿੱਚ ਕਮੀ ਕਿਉਂ ਨਹੀਂ ਆ ਰਹੀ? ਇਹ ਕੇਵਲ ਇੱਕ ਪਰਿਵਾਰ ਦੀ ਤ੍ਰਾਸਦੀ ਨਹੀਂ, ਸਗੋਂ ਪੂਰੇ ਸਮਾਜ ਦੇ ਮੱਥੇ ‘ਤੇ ਇੱਕ ਕਾਲਾ ਧੱਬਾ ਹੈ।