ਯੂਏਈ ਵਿੱਚ $1 ਮਿਲੀਅਨ ਦਾ ਗਲੋਬਲ ਸਕੂਲ ਪ੍ਰਾਈਜ਼ ਸ਼ੁਰੂ, 10 ਸ਼੍ਰੇਣੀਆਂ ਵਿੱਚ ਨਵੀਨਤਾ ਨੂੰ ਮਿਲੇਗਾ ਸਨਮਾਨ

ਯੂਏਈ ਵਿੱਚ $1 ਮਿਲੀਅਨ ਦਾ ਗਲੋਬਲ ਸਕੂਲ ਪ੍ਰਾਈਜ਼ ਸ਼ੁਰੂ, 10 ਸ਼੍ਰੇਣੀਆਂ ਵਿੱਚ ਨਵੀਨਤਾ ਨੂੰ ਮਿਲੇਗਾ ਸਨਮਾਨ

ਯੂਏਈ, 11 ਸਤੰਬਰ- ਵਿੱਚ ਸਿੱਖਿਆ ਦੇ ਖੇਤਰ ‘ਚ ਇੱਕ ਨਵੀਂ ਇਤਿਹਾਸਕ ਪਹਿਲ ਸ਼ੁਰੂ ਹੋਈ ਹੈ। ਦੁਬਈ ਦੇ ਸਿੱਖਿਆ ਉਦਮੀ ਅਤੇ ਪਰਉਪਕਾਰੀ ਸੰਨੀ ਵਾਰਕੀ ਨੇ, ਯੂਨੈਸਕੋ ਦੇ ਸਹਿਯੋਗ ਨਾਲ, “ਗਲੋਬਲ ਸਕੂਲ ਪ੍ਰਾਈਜ਼” ਦਾ ਐਲਾਨ ਕੀਤਾ ਹੈ ਜੋ ਦੁਨੀਆ ਭਰ ਦੇ ਉਹਨਾਂ ਸਕੂਲਾਂ ਨੂੰ ਸਨਮਾਨਿਤ ਕਰੇਗਾ ਜੋ ਸਿੱਖਣ-ਸਿਖਾਉਣ ਦੇ ਤਰੀਕਿਆਂ ਵਿੱਚ ਨਵੀਨਤਾ ਲਿਆ ਰਹੇ ਹਨ। ਇਸ ਇਨਾਮ ਲਈ ਕੁੱਲ ਇੱਕ ਮਿਲੀਅਨ ਅਮਰੀਕੀ ਡਾਲਰ ਰੱਖੇ ਗਏ ਹਨ, ਜਦਕਿ ਹਰੇਕ ਸ਼੍ਰੇਣੀ ਦੇ ਜੇਤੂ ਨੂੰ 50 ਹਜ਼ਾਰ ਡਾਲਰ ਮਿਲਣਗੇ। ਇਨ੍ਹਾਂ ਵਿੱਚੋਂ ਸਭ ਤੋਂ ਸ਼ਾਨਦਾਰ ਪ੍ਰਯਾਸ ਕਰਨ ਵਾਲੇ ਸਕੂਲ ਨੂੰ 5 ਲੱਖ ਡਾਲਰ ਦੀ ਵੱਡੀ ਰਕਮ ਨਾਲ “ਸਰਵੋਤਮ ਗਲੋਬਲ ਸਕੂਲ” ਦਾ ਖ਼ਿਤਾਬ ਦਿੱਤਾ ਜਾਵੇਗਾ।

 

ਵਾਰਕੀ ਫਾਊਂਡੇਸ਼ਨ ਦੀ ਇਹ ਪਹਿਲਕਦਮੀ ਸਿੱਖਿਆ ਨੂੰ ਤੇਜ਼ੀ ਨਾਲ ਬਦਲਦੇ ਸੰਸਾਰ ਦੀਆਂ ਲੋੜਾਂ ਨਾਲ ਜੋੜਨ ਦੀ ਕੋਸ਼ਿਸ਼ ਹੈ। ਇਨਾਮ ਦੀਆਂ ਦਸ ਸ਼੍ਰੇਣੀਆਂ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਸਥਿਰਤਾ, STEM ਸਿੱਖਿਆ, ਏਆਈ ਬਦਲਾਅ, ਅਧਿਆਪਕ ਵਿਕਾਸ, ਸਿਹਤ ਅਤੇ ਤੰਦਰੁਸਤੀ, ਸਮਾਵੇਸ਼ੀ ਸਿੱਖਿਆ, ਗਲੋਬਲ ਨਾਗਰਿਕਤਾ ਅਤੇ ਸ਼ਾਂਤੀ ਨਿਰਮਾਣ, ਕਲਾ ਅਤੇ ਰਚਨਾਤਮਕਤਾ, ਚਰਿੱਤਰ-ਮੂਲਕ ਸਿੱਖਿਆ ਅਤੇ ਮੁਸ਼ਕਲ ਹਾਲਾਤ ‘ਤੇ ਕਾਬੂ ਪਾਉਣਾ ਸ਼ਾਮਲ ਹਨ। ਇਹ ਸਾਰੀਆਂ ਸ਼੍ਰੇਣੀਆਂ ਸਕੂਲਾਂ ਨੂੰ ਆਪਣੇ ਨਵੀਂ ਸੋਚ ਵਾਲੇ ਪ੍ਰੋਜੈਕਟਾਂ ਅਤੇ ਪਾਠਕ੍ਰਮਾਂ ਨੂੰ ਵਿਸ਼ਵ ਮੰਚ ‘ਤੇ ਲਿਆਂਦੇ ਜਾਣ ਦਾ ਮੌਕਾ ਦਿੰਦੀਆਂ ਹਨ।

 

ਉਦਘਾਟਨੀ ਸਮਾਗਮ ਵਿੱਚ ਸੰਨੀ ਵਾਰਕੀ ਨੇ ਕਿਹਾ ਕਿ ਇਹ ਸਿਰਫ਼ ਇੱਕ ਇਨਾਮ ਨਹੀਂ, ਸਗੋਂ ਇੱਕ ਅੰਦੋਲਨ ਹੈ ਜੋ ਸਿੱਖਣ ਦੀ ਪ੍ਰਕਿਰਿਆ ਨੂੰ ਦੁਬਾਰਾ ਪਰਿਭਾਸ਼ਿਤ ਕਰਨ ਲਈ ਹੈ। ਉਨ੍ਹਾਂ ਅਨੁਸਾਰ, ਜਦੋਂ ਸਕੂਲਾਂ ਨੂੰ ਆਪਣੀਆਂ ਨਵੀਂ ਸੋਚ ਵਾਲੀਆਂ ਕੋਸ਼ਿਸ਼ਾਂ ਲਈ ਮੰਚ ਮਿਲਦਾ ਹੈ, ਤਾਂ ਉਹ ਸਿੱਖਿਆ ਨੂੰ ਕਲਾਸਰੂਮ ਤੋਂ ਬਾਹਰ ਲੈ ਜਾ ਕੇ ਸਮਾਜਿਕ ਬਦਲਾਅ ਦਾ ਹਿੱਸਾ ਬਣਾਉਂਦੇ ਹਨ। ਯੂਨੈਸਕੋ ਦੀ ਸਹਾਇਕ ਡਾਇਰੈਕਟਰ ਜਨਰਲ ਸਟੇਫ਼ਾਨੀਆ ਜਿਆਨੀਨੀ ਨੇ ਵੀ ਜ਼ੋਰ ਦਿੱਤਾ ਕਿ ਇਹ ਇਨਾਮ ਦੁਨੀਆ ਭਰ ਦੇ ਸਕੂਲਾਂ ਵੱਲੋਂ ਕੀਤੇ ਜਾ ਰਹੇ ਪ੍ਰਯੋਗਾਂ ਅਤੇ ਸਫ਼ਲ ਮਾਡਲਾਂ ਨੂੰ ਉਜਾਗਰ ਕਰੇਗਾ, ਜਿਸ ਨਾਲ ਹੋਰ ਸੰਸਥਾਵਾਂ ਨੂੰ ਪ੍ਰੇਰਣਾ ਮਿਲੇਗੀ।

 

ਇਸ ਪ੍ਰਾਈਜ਼ ਲਈ ਇੱਕ ਖ਼ਾਸ ਕੌਂਸਲ ਬਣਾਈ ਗਈ ਹੈ ਜੋ ਤਕਨਾਲੋਜੀ, ਸਿੱਖਿਆ ਅਤੇ ਪਰਉਪਕਾਰ ਨਾਲ ਜੁੜੀਆਂ ਸ਼ਖ਼ਸੀਅਤਾਂ ਸ਼ਾਮਿਲ ਹਨ। ਇਹ ਕੌਂਸਲ ਨਾਂ ਕੇਵਲ ਜੇਤੂਆਂ ਦੀ ਚੋਣ ਕਰੇਗੀ, ਸਗੋਂ ਵਿਸ਼ਵ ਪੱਧਰ ‘ਤੇ ਨਵੀਨਤਾ ਨੂੰ ਅੱਗੇ ਵਧਾਉਣ ਲਈ ਰਣਨੀਤੀਆਂ ਵੀ ਤਿਆਰ ਕਰੇਗੀ। ਇਸਦੇ ਨਾਲ-ਨਾਲ, ਲੰਬੇ ਸਮੇਂ ਲਈ ਚੁਣੇ ਸਕੂਲਾਂ ਨੂੰ “ਗਲੋਬਲ ਸਕੂਲਜ਼ ਪ੍ਰਾਈਜ਼ ਬੈਜ” ਨਾਲ ਸਨਮਾਨਿਤ ਕੀਤਾ ਜਾਵੇਗਾ ਅਤੇ ਉਹਨਾਂ ਨੂੰ ਗਲੋਬਲ ਸਕੂਲ ਨੈੱਟਵਰਕ ਦਾ ਹਿੱਸਾ ਬਣਨ ਦਾ ਮੌਕਾ ਮਿਲੇਗਾ, ਜਿੱਥੇ ਉਹ ਹੋਰ ਪ੍ਰਮੁੱਖ ਸੰਸਥਾਵਾਂ ਨਾਲ ਸਾਂਝੇਦਾਰੀ ਅਤੇ ਸਿੱਖਣ-ਸਿਖਾਉਣ ਦੇ ਨਵੇਂ ਤਜਰਬੇ ਪ੍ਰਾਪਤ ਕਰ ਸਕਣਗੇ।

 

ਪਹਿਲੀ ਵਾਰ ਲਈ ਦਰਖ਼ਾਸਤਾਂ ਖੁੱਲ੍ਹਣ ਨਾਲ, ਇਹ ਇਨਾਮ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਦੌਰ ਸ਼ੁਰੂ ਕਰਦਾ ਹੈ। ਇਹ ਯਾਦ ਦਿਵਾਉਂਦਾ ਹੈ ਕਿ ਸਕੂਲ ਸਿਰਫ਼ ਗਿਆਨ ਦੇ ਕੇਂਦਰ ਨਹੀਂ, ਸਗੋਂ ਨਵੀਨਤਾ ਅਤੇ ਰਚਨਾਤਮਕ ਸੋਚ ਦੇ ਕੇਂਦਰ ਵੀ ਹਨ ਜੋ ਭਵਿੱਖ ਦੀਆਂ ਪੀੜ੍ਹੀਆਂ ਨੂੰ ਸਮਾਜਿਕ ਅਤੇ ਤਕਨਾਲੋਜੀਕ ਤਬਦੀਲੀਆਂ ਲਈ ਤਿਆਰ ਕਰ ਸਕਦੇ ਹਨ।