ਬੱਦੀ ਵਿੱਚ ਬਾਈਕ ਹਾਦਸੇ ਤੋਂ ਬਾਅਦ ਪੰਜਾਬੀ ਗਾਇਕ ਰਾਜਵੀਰ ਜਵੰਦਾ 'ਗੰਭੀਰ’
ਪੰਜਾਬ, 28 ਸਤੰਬਰ- ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਇੱਕ ਮਸ਼ਹੂਰ ਤੇ ਮਾਣਯੋਗ ਨਾਮ ਬਣ ਚੁੱਕੇ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਧਾ ਇਸ ਵੇਲੇ ਜ਼ਿੰਦਗੀ ਦੀ ਸਭ ਤੋਂ ਵੱਡੀ ਲੜਾਈ ਲੜ ਰਹੇ ਹਨ। ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਬੱਦੀ ਇਲਾਕੇ ਵਿੱਚ ਵਾਪਰੇ ਇੱਕ ਭਿਆਨਕ ਹਾਦਸੇ ਨੇ ਉਹਨਾਂ ਨੂੰ ਗੰਭੀਰ ਸੱਟਾਂ ਨਾਲ ਜੂਝਣ ਲਈ ਮਜਬੂਰ ਕਰ ਦਿੱਤਾ। ਹਾਦਸੇ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਨੇੜਲੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦੱਸਿਆ ਕਿ ਰਾਜਵੀਰ ਦੇ ਸਿਰ ਅਤੇ ਰੀੜ੍ਹ ਦੀ ਹੱਡੀ ’ਤੇ ਗੰਭੀਰ ਚੋਟਾਂ ਹਨ। ਇਸ ਨਾਲ ਨਾਲ, ਹਾਦਸੇ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ। ਹਾਲਤ ਦੀ ਨਾਜ਼ੁਕੀ ਨੂੰ ਵੇਖਦੇ ਹੋਏ, ਉਨ੍ਹਾਂ ਨੂੰ ਫ਼ੌਰੀ ਤੌਰ ’ਤੇ ਮੋਹਾਲੀ ਦੇ ਫੋਰਟਿਸ ਹਸਪਤਾਲ ਭੇਜਿਆ ਗਿਆ, ਜਿੱਥੇ ਉਹ ਇਸ ਸਮੇਂ "ਐਡਵਾਂਸਡ ਲਾਈਫ ਸਪੋਰਟ" ’ਤੇ ਹਨ।
ਪੁਲਿਸ ਰਿਪੋਰਟ ਅਨੁਸਾਰ, ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਜਵੰਧਾ ਦੀ ਮੋਟਰਸਾਈਕਲ ਸੜਕ ’ਤੇ ਅਚਾਨਕ ਆਏ ਅਵਾਰਾ ਪਸ਼ੂਆਂ ਨਾਲ ਟਕਰਾ ਗਈ। ਸੜਕ ’ਤੇ ਬੇਸਹਾਰਾ ਪਸ਼ੂਆਂ ਦੀ ਮੌਜੂਦਗੀ ਕਾਰਨ ਨਾ ਸਿਰਫ਼ ਜਾਨਾਂ ਨੂੰ ਖ਼ਤਰਾ ਰਹਿੰਦਾ ਹੈ, ਸਗੋਂ ਕਈ ਪਰਿਵਾਰ ਅਜਿਹੀਆਂ ਘਟਨਾਵਾਂ ਨਾਲ ਝੱਲਦੇ ਵੀ ਹਨ। ਰਾਜਵੀਰ ਦਾ ਹਾਦਸਾ ਇਸ ਸਮੱਸਿਆ ਨੂੰ ਇਕ ਵਾਰ ਫਿਰ ਸਾਹਮਣੇ ਲੈ ਆਇਆ ਹੈ।
35 ਸਾਲਾ ਰਾਜਵੀਰ ਜਵੰਧਾ ਸਿਰਫ਼ ਇੱਕ ਗਾਇਕ ਹੀ ਨਹੀਂ, ਸਗੋਂ ਇੱਕ ਐਸਾ ਕਲਾਕਾਰ ਹੈ ਜਿਸਨੇ ਸਟੇਜ ’ਤੇ ਆਪਣੇ ਜੋਸ਼ੀਲੇ ਪ੍ਰਦਰਸ਼ਨਾਂ ਨਾਲ ਲੋਕਾਂ ਦੇ ਦਿਲ ਜਿੱਤੇ ਹਨ। ਉਸਦੀ ਸ਼ਖ਼ਸੀਅਤ ਸਿਰਫ਼ ਗੀਤਾਂ ਤੱਕ ਸੀਮਿਤ ਨਹੀਂ ਸੀ; ਉਹ ਪੰਜਾਬੀ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਮੋਹ ਚੁੱਕਾ ਹੈ। ਰਾਜਵੀਰ ਦੀ ਇੱਕ ਹੋਰ ਵੱਖਰੀ ਪਹਿਚਾਣ ਉਸਦਾ ਸਾਈਕਲਿੰਗ ਪ੍ਰਤੀ ਜਨੂੰਨ ਸੀ। ਉਹ ਅਕਸਰ ਪਹਾੜੀ ਇਲਾਕਿਆਂ ਵਿੱਚੋਂ ਆਪਣੀਆਂ ਸਵਾਰੀਆਂ ਦੀਆਂ ਵੀਡੀਓਆਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦਾ ਸੀ। ਇਨ੍ਹਾਂ ਰਾਈਡਾਂ ਦੌਰਾਨ ਉਸਦੇ ਚਿਹਰੇ ’ਤੇ ਛੱਲਕਦਾ ਉਤਸ਼ਾਹ ਉਸਦੀ ਜ਼ਿੰਦਗੀ ਪ੍ਰਤੀ ਮੁਹੱਬਤ ਦਾ ਸਬੂਤ ਸੀ। ਹਾਦਸੇ ਤੋਂ ਸਿਰਫ਼ ਇੱਕ ਦਿਨ ਪਹਿਲਾਂ ਵੀ ਉਸਨੇ ਆਪਣੇ ਨਵੇਂ ਗੀਤ ਦੀ ਪ੍ਰਮੋਸ਼ਨ ਕਰਦਿਆਂ ਇੱਕ ਵੀਡੀਓ ਇੰਸਟਾਗ੍ਰਾਮ ’ਤੇ ਅੱਪਲੋਡ ਕੀਤੀ ਸੀ।
ਰਾਜਵੀਰ ਜਵੰਧਾ ਦੇ ਹਾਦਸੇ ਨੇ ਪੂਰੇ ਪੰਜਾਬ ਹੀ ਨਹੀਂ, ਸਗੋਂ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਵੀ ਹਿਲਾ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਉਸਦੀ ਸਿਹਤ ਲਈ ਅਰਦਾਸ ਕੀਤੀ। ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਵੀ ਉਸਦੀ ਜਲਦੀ ਤੰਦਰੁਸਤੀ ਦੀ ਕਾਮਨਾ ਕੀਤੀ। ਪੰਜਾਬੀ ਸੰਗੀਤ ਜਗਤ ਦੇ ਹੋਰ ਕਲਾਕਾਰ ਵੀ ਉਸਦੇ ਨਾਲ ਖੜੇ ਨਜ਼ਰ ਆ ਰਹੇ ਹਨ। ਗਾਇਕ ਕੁਲਵਿੰਦਰ ਬਿੱਲਾ ਤੇ ਕੰਵਰ ਗਰੇਵਾਲ ਹਸਪਤਾਲ ਵਿੱਚ ਉਸਨੂੰ ਮਿਲਣ ਗਏ, ਜਦਕਿ ਮਨਕੀਰਤ ਔਲਖ ਨੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਕਿ ਸਭ ਮਿਲਕੇ ਅਰਦਾਸ ਕਰੋ—ਕਿਉਂਕਿ ਇਹ ਅਰਦਾਸਾਂ ਹੀ ਚਮਤਕਾਰ ਬਣ ਸਕਦੀਆਂ ਹਨ।
ਸੋਸ਼ਲ ਮੀਡੀਆ ’ਤੇ ਹਜ਼ਾਰਾਂ ਸੁਨੇਹੇ ਉਸਦੀ ਸਿਹਤ ਲਈ ਅਰਪਿਤ ਕੀਤੇ ਜਾ ਰਹੇ ਹਨ। ਲੋਕ ਆਪਣੇ-ਆਪਣੇ ਢੰਗ ਨਾਲ ਉਸਦੀ ਜਲਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੇ ਹਨ। ਕਿਸੇ ਨੇ ਉਸਦੀ ਗਾਇਕੀ ਦੀ ਸ਼ਲਾਘਾ ਕੀਤੀ, ਕਿਸੇ ਨੇ ਉਸਦੀ ਮਿੱਠੀ ਬੋਲੀ ਦਾ ਜ਼ਿਕਰ ਕੀਤਾ। ਕਈਆਂ ਲਈ ਉਹ ਇੱਕ ਕਲਾਕਾਰ ਹੀ ਨਹੀਂ, ਸਗੋਂ ਇਕ ਪ੍ਰੇਰਣਾ ਦਾ ਸਰੋਤ ਵੀ ਹੈ। ਉਹਨਾਂ ਦਾ ਕਹਿਣਾ ਹੈ ਕਿ ਰਾਜਵੀਰ ਉਹਨਾਂ ਵਿਰਲਿਆਂ ਵਿੱਚੋਂ ਇੱਕ ਹੈ ਜੋ ਨਾ ਸਿਰਫ਼ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ਵਿੱਚ ਵੱਸਦਾ ਹੈ, ਸਗੋਂ ਆਪਣੇ ਸੁਭਾਵ ਤੇ ਚਰਿੱਤਰ ਰਾਹੀਂ ਵੀ ਲੋਕਾਂ ਦੀਆਂ ਦੁਆਵਾਂ ਹਾਸਲ ਕਰਦਾ ਹੈ।
ਕਹਾਵਤ ਹੈ—ਕੁਝ ਲੋਕ ਨੋਟ ਕਮਾਉਂਦੇ ਹਨ, ਕੁਝ ਲੋਕ, ਲੋਕ ਕਮਾਉਂਦੇ ਹਨ, ਪਰ ਰਾਜਵੀਰ ਜਵੰਧਾ ਉਹਨਾਂ ਵਿਰਲਿਆਂ ਵਿੱਚੋਂ ਇੱਕ ਹੈ ਜਿਸਨੇ ਦੋਵੇਂ ਕਮਾਏ। ਉਸਦੇ ਗੀਤਾਂ ਦੀਆਂ ਧੁਨਾਂ ਵਾਂਗ ਉਸਦੀ ਹੰਸਦੀ-ਖੇਡਦੀ ਸ਼ਖ਼ਸੀਅਤ ਲੋਕਾਂ ਦੇ ਮਨਾਂ ਵਿੱਚ ਵੱਸ ਗਈ। ਅੱਜ ਜਦ ਉਹ ਹਸਪਤਾਲ ਦੇ ਬਿਸਤਰੇ ’ਤੇ ਸਾਹ ਲੈਣ ਲਈ ਮਸ਼ੀਨ ’ਤੇ ਨਿਰਭਰ ਤਾਂ ਹੈ, ਪਰ ਇਸ ਵਕਤ ਪੂਰਾ ਪੰਜਾਬ ਉਸਦੀ ਤੰਦਰੁਸਤੀ ਲਈ ਅਰਦਾਸਾਂ ਕਰ ਰਿਹਾ ਹੈ।