ਅਫਗਾਨਿਸਤਾਨ ਵਿੱਚ ਭੂਚਾਲ ਦੀ ਤਬਾਹੀ: 800 ਤੋਂ ਵੱਧ ਮੌਤਾਂ, ਯੂਏਈ ਵੱਲੋਂ ਤੁਰੰਤ ਮਦਦ ਭੇਜੀ ਗਈ

ਅਫਗਾਨਿਸਤਾਨ ਵਿੱਚ ਭੂਚਾਲ ਦੀ ਤਬਾਹੀ: 800 ਤੋਂ ਵੱਧ ਮੌਤਾਂ, ਯੂਏਈ ਵੱਲੋਂ ਤੁਰੰਤ ਮਦਦ ਭੇਜੀ ਗਈ

ਕਾਬੁਲ/ਜਲਾਲਾਬਾਦ, 2 ਸਤੰਬਰ- ਪੂਰਬੀ ਅਫਗਾਨਿਸਤਾਨ ਸੋਮਵਾਰ ਰਾਤ ਇੱਕ ਵੱਡੇ ਭੂਚਾਲ ਨਾਲ ਹਿੱਲ ਗਿਆ। ਕੰਧਾਰ ਤੋਂ ਕਾਬੁਲ ਤੱਕ ਲੋਕ ਇਸ ਝਟਕੇ ਨੂੰ ਮਹਿਸੂਸ ਕਰਦੇ ਰਹੇ। ਸਭ ਤੋਂ ਵੱਧ ਤਬਾਹੀ ਕੁਨੜ ਅਤੇ ਨੰਗਰਹਾਰ ਸੂਬਿਆਂ ਵਿੱਚ ਦਰਜ ਕੀਤੀ ਗਈ ਹੈ। ਸਰਕਾਰੀ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਹੁਣ ਤੱਕ 800 ਤੋਂ ਵੱਧ ਲੋਕ ਆਪਣੀ ਜਾਨ ਗੁਆ ਬੈਠੇ ਹਨ, ਜਦਕਿ ਘੱਟੋ-ਘੱਟ 2,800 ਲੋਕ ਜ਼ਖਮੀ ਹਨ।

 

ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6 ਦਰਜ ਕੀਤੀ ਗਈ ਹੈ। ਇਹ ਝਟਕੇ ਅੱਧੀ ਰਾਤ ਦੇ ਸਮੇਂ ਲੱਗੇ, ਜਿਸ ਕਾਰਨ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਸੌਂ ਰਹੇ ਸਨ। ਇਸੀ ਕਰਕੇ ਮੌਤਾਂ ਦੀ ਗਿਣਤੀ ਵੱਧ ਹੋ ਗਈ। ਕਈ ਪਿੰਡ ਪੂਰੀ ਤਰ੍ਹਾਂ ਜ਼ਮੀਨ ਵਿੱਚ ਦੱਬੇ ਗਏ ਹਨ।

 

ਮਦਦ ਲਈ ਦੌੜ

 

ਤਬਾਹੀ ਦੀ ਖ਼ਬਰ ਮਿਲਦੇ ਹੀ ਯੂਏਈ ਵੱਲੋਂ ਤੁਰੰਤ ਖੋਜ ਤੇ ਬਚਾਅ ਟੀਮਾਂ ਭੇਜਣ ਦੇ ਹੁਕਮ ਜਾਰੀ ਕੀਤੇ। ਅਬੂਧਾਬੀ ਸਿਵਲ ਡਿਫੈਂਸ ਅਤੇ ਨੈਸ਼ਨਲ ਗਾਰਡ ਦੀਆਂ ਟੀਮਾਂ ਤੁਰੰਤ ਰਾਹਤ ਕਾਰਜਾਂ ਲਈ ਪਹੁੰਚ ਗਈਆਂ ਹਨ। ਖਾਣ-ਪੀਣ ਦਾ ਸਮਾਨ, ਦਵਾਈਆਂ ਅਤੇ ਟੈਂਟ ਵੀ ਜ਼ਰੂਰਤਮੰਦਾਂ ਲਈ ਭੇਜੇ ਗਏ ਹਨ।

 

ਇਸੇ ਦੌਰਾਨ, ਸਾਉਦੀ ਅਰਬ, ਭਾਰਤ, ਕਤਰ, ਜਪਾਨ, ਯੂਰਪੀ ਯੂਨੀਅਨ ਅਤੇ ਸੰਯੁਕਤ ਰਾਸ਼ਟਰ ਨੇ ਵੀ ਅਫਗਾਨਿਸਤਾਨ ਨਾਲ ਏਕਤਾ ਜਤਾਉਂਦਿਆਂ ਰਾਹਤ ਤੇ ਸਹਾਇਤਾ ਦੀ ਪੇਸ਼ਕਸ਼ ਕੀਤੀ ਹੈ। ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਇਸ ਸੰਕਟ ਦੀ ਘੜੀ ਵਿੱਚ ਅਫਗਾਨ ਭਰਾਵਾਂ ਦੇ ਨਾਲ ਖੜ੍ਹਾ ਹੈ।

 

ਕੁਨੜ ਦੇ ਪਹਾੜਾਂ ਵਿੱਚ ਤਬਾਹੀ

 

ਕੁਨੜ ਦੇ ਦੂਰ-ਦਰਾਜ ਪਹਾੜੀ ਇਲਾਕਿਆਂ ਵਿੱਚ ਹਾਲਾਤ ਬਹੁਤ ਹੀ ਭਿਆਨਕ ਹਨ। ਤਾਲਿਬਾਨ ਦੇ ਇੱਕ ਉੱਚ ਅਧਿਕਾਰੀ ਨੇ ਦੱਸਿਆ ਕਿ ਪੂਰੇ ਪਿੰਡ ਮਿਟ ਗਏ ਹਨ। ਕਈ ਸੜਕਾਂ ਅਜੇ ਵੀ ਬੰਦ ਹਨ, ਜਿਸ ਨਾਲ ਰਾਹਤ ਟੀਮਾਂ ਤੱਕ ਪਹੁੰਚਣਾ ਮੁਸ਼ਕਲ ਹੋ ਰਿਹਾ ਹੈ। ਸਾਡੀ ਪਹਿਲੀ ਤਰਜੀਹ ਜ਼ਖਮੀਆਂ ਨੂੰ ਬਚਾਉਣਾ ਹੈ। ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, ਉਹਨਾਂ ਦੀ ਲਾਸ਼ਾਂ ਕੱਢਣ ਦੀ ਸਮਰੱਥਾ ਅਜੇ ਨਹੀਂ ਬਣੀ

 

ਅਫਗਾਨਿਸਤਾਨ ਪਹਿਲਾਂ ਹੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਅਮਰੀਕੀ ਮਦਦ ਘਟਣ ਕਾਰਨ ਕਈ ਹਸਪਤਾਲ ਤੇ ਕਲਿਨਿਕ ਬੰਦ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਅਧਿਕਾਰੀਆਂ ਨੇ ਕਿਹਾ ਕਿ ਇਸ ਘਟਨਾ ਨਾਲ ਨਜਿੱਠਣ ਦੀ ਸਮਰੱਥਾ ਪਹਿਲਾਂ ਨਾਲੋਂ ਕਾਫੀ ਘੱਟ ਹੋ ਗਈ ਹੈ।

 

ਖੇਡ ਮੈਦਾਨ ਵਿੱਚ ਚੁੱਪੀ

 

ਸ਼ਾਰਜਾਹ ਕ੍ਰਿਕਟ ਸਟੇਡਿਅਮ ਵਿੱਚ ਯੂਏਈ-ਅਫਗਾਨਿਸਤਾਨ ਟੀ20 ਟੂਰਨਾਮੈਂਟ ਦੇ ਦੌਰਾਨ ਖਿਡਾਰੀਆਂ ਨੇ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਇਕ ਮਿੰਟ ਦੀ ਚੁੱਪੀ ਧਾਰਨ ਕਰਕੇ ਮ੍ਰਿਤਕਾਂ ਨੂੰ ਸ਼ਰਧਾਂਜਲੀ ਦਿੱਤੀ।

 

ਨੰਗਰਹਾਰ ਦੇ ਖੂਨ ਬੈਂਕ ਮੁਖੀ ਨੇ ਦੱਸਿਆ ਕਿ ਸੈਂਕੜੇ ਯੁਵਕਾਂ ਨੇ ਜ਼ਖਮੀਆਂ ਲਈ ਖੂਨ ਦਾਨ ਕੀਤਾ ਹੈ। ਕਾਬੁਲ ਅਤੇ ਹੋਰ ਸ਼ਹਿਰਾਂ ਵਿੱਚ ਲੰਬੀਆਂ ਕਤਾਰਾਂ ਬਣੀਆਂ ਹੋਈਆਂ ਹਨ ਜਿੱਥੇ ਲੋਕ ਆਪਣਾ ਖੂਨ ਦਾਨ ਕਰ ਰਹੇ ਹਨ।

 

ਯੂਏਈ ਵਿੱਚ ਰਹਿੰਦੇ ਅਫਗਾਨ ਪਰਵਾਸੀ ਆਪਣੇ ਪਰਿਵਾਰਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਬੇਬਸੀ ਜਾਹਿਰ ਕੀਤੀ ਹੈ। ਦੁਬਈ ਵਿੱਚ ਰਹਿੰਦੇ ਇੱਕ ਵਿਅਕਤੀ ਨੇ ਕਿਹਾ ਕਿ 800 ਜਾਨਾਂ ਦਾ ਜਾਣਾ ਇੱਕ ਵੱਡੀ ਤਬਾਹੀ ਹੈ। ਮੈਂ ਉਹ ਦਰਦ ਮਹਿਸੂਸ ਕਰਦਾ ਹਾਂ ਜੋ ਉਹ ਪਰਿਵਾਰਾਂ ਸਹਿੰਦੇ ਹਨ ਜਿਨ੍ਹਾਂ ਨੇ ਆਪਣੇ ਬੱਚੇ ਗੁਆਏ ਹਨ।

 

ਬੱਚਿਆਂ ਲਈ ਖ਼ਾਸ ਚਿੰਤਾ

 

ਯੂਨੀਸੇਫ਼ ਨੇ ਖਾਸ ਟੀਮਾਂ ਤਾਇਨਾਤ ਕੀਤੀਆਂ ਹਨ ਜੋ ਬੱਚਿਆਂ ਨੂੰ ਤੁਰੰਤ ਸਿਹਤ ਸਹਾਇਤਾ ਪ੍ਰਦਾਨ ਕਰ ਰਹੀਆਂ ਹਨ। ਭੂਚਾਲ ਵਰਗੀਆਂ ਘਟਨਾਵਾਂ ਵਿੱਚ ਬੱਚੇ ਸਭ ਤੋਂ ਨਾਜ਼ੁਕ ਪੀੜਤ ਹੁੰਦੇ ਹਨ। ਨਾ ਸਿਰਫ਼ ਉਹਨਾਂ ਦੀ ਸਰੀਰਕ ਸੁਰੱਖਿਆ ਖਤਰੇ ਵਿੱਚ ਹੁੰਦੀ ਹੈ, ਬਲਕਿ ਪਰਿਵਾਰ ਦੇ ਮੈਂਬਰਾਂ ਦੇ ਵਿਛੋੜੇ ਨਾਲ ਮਨੋਵਿਗਿਆਨਕ ਅਸਰ ਵੀ ਗਹਿਰਾ ਪੈਂਦਾ ਹੈ।

 

ਅੰਤਰਰਾਸ਼ਟਰੀ ਸੱਦਾ

 

ਅਫਗਾਨ ਸਿਹਤ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਵਿਦੇਸ਼ੀ ਮਦਦ ਦੀ ਬਹੁਤ ਜ਼ਰੂਰਤ ਹੈ। “ਲੱਖਾਂ ਲੋਕਾਂ ਨੇ ਆਪਣਾ ਘਰ ਤੇ ਪਰਿਵਾਰ ਗੁਆ ਦਿੱਤਾ ਹੈ। ਇਹ ਸਮਾਂ ਹੈ ਕਿ ਦੁਨੀਆ ਅਫਗਾਨਿਸਤਾਨ ਨੂੰ ਯਾਦ ਕਰੇ ਅਤੇ ਮਦਦ ਲਈ ਹੱਥ ਵਧਾਏ,” ਉਨ੍ਹਾਂ ਅਪੀਲ ਕੀਤੀ।

 

ਅਫਗਾਨਿਸਤਾਨ ਪਹਿਲਾਂ ਹੀ ਚਾਰ ਦਹਾਕਿਆਂ ਤੋਂ ਜੰਗ, ਗਰੀਬੀ ਅਤੇ ਰਾਜਨੀਤਕ ਅਸਥਿਰਤਾ ਨਾਲ ਪੀੜਤ ਹੈ। ਹੁਣ ਭੂਚਾਲ ਨੇ ਉਸ ਜ਼ਖ਼ਮ ਤੇ ਹੋਰ ਲੂਣ ਛਿੜਕ ਦਿੱਤਾ ਹੈ। ਫਿਰ ਵੀ ਲੋਕਾਂ ਵਿੱਚ ਹੌਸਲਾ ਜਿਉਂਦਾ ਹੈ। ਖੁੱਲ੍ਹੇ ਮੈਦਾਨਾਂ ਵਿੱਚ ਰਹਿ ਰਹੇ ਪਰਿਵਾਰ ਇਕ-ਦੂਜੇ ਦੀ ਮਦਦ ਕਰਦੇ ਦਿੱਖ ਰਹੇ ਹਨ। ਮਲਬੇ ਵਿੱਚੋਂ ਜ਼ਖਮੀਆਂ ਨੂੰ ਬਾਹਰ ਕੱਢਣਾ, ਪਾਣੀ ਤੇ ਭੋਜਨ ਵੰਡਣਾ – ਇਹ ਸਭ ਮਨੁੱਖੀ ਏਕਤਾ ਦੀ ਤਸਵੀਰ ਪੇਸ਼ ਕਰ ਰਹੇ ਹਨ।