ਪੰਜਾਬ ਵਿੱਚ ਹੜ੍ਹ ਦੀ ਸਥਿਤੀ ਹੋਈ ਗੰਭੀਰ, ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹੈ

ਪੰਜਾਬ ਵਿੱਚ ਹੜ੍ਹ ਦੀ ਸਥਿਤੀ ਹੋਈ ਗੰਭੀਰ, ਰਾਵੀ, ਬਿਆਸ ਤੇ ਸਤਲੁਜ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹੈ

ਚੰਡੀਗੜ੍ਹ, 27 ਅਗਸਤ- ਪੰਜਾਬ ਵਿੱਚ ਹੜ੍ਹ ਦੀ ਸਥਿਤੀ ਤੇਜ਼ੀ ਨਾਲ ਖਰਾਬ ਹੋ ਰਹੀ ਹੈ। ਲਗਾਤਾਰ ਵਰਖਾ ਤੇ ਦਰਿਆਵਾਂ ਵਿੱਚ ਵਧਦਾ ਪਾਣੀ ਲੋਕਾਂ ਲਈ ਵੱਡੀ ਮੁਸ਼ਕਲ ਬਣਿਆ ਹੋਇਆ ਹੈ। ਰਾਵੀ ਦਰਿਆ ਦੇ ਪਾਣੀ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਕੰਢੇ ਤੋੜ ਦਿੱਤੇ, ਜਿਸ ਨਾਲ ਅਜਨਾਲਾ ਦੇ ਨੇੜਲੇ ਕਈ ਪਿੰਡ ਪੂਰੀ ਤਰ੍ਹਾਂ ਪਾਣੀ ਹੇਠ ਆ ਗਏ ਹਨ। ਪਿੰਡਾਂ ਦੇ ਘਰ, ਖੇਤ ਅਤੇ ਗਲੀਆਂ ਸਭ ਪਾਣੀ ਨਾਲ ਭਰ ਗਈਆਂ ਹਨ, ਜਿਸ ਕਾਰਨ ਸੈਂਕੜੇ ਪਰਿਵਾਰ ਆਪਣਾ ਘਰ ਛੱਡਣ ਲਈ ਮਜਬੂਰ ਹੋਏ ਹਨ।

 

ਅੰਮ੍ਰਿਤਸਰ ਦੇ ਨਾਲ ਹੀ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਵਿੱਚ ਵੀ ਰਾਵੀ ਦਾ ਪਾਣੀ ਚੜ੍ਹ ਗਿਆ ਹੈ। ਬੁੱਧਵਾਰ ਸਵੇਰੇ ਦਰਿਆ ਦਾ ਪਾਣੀ ਪੌਣੇ ਪੰਜ ਲੱਖ ਕਿਊਸੈਕ ਰਿਕਾਰਡ ਕੀਤਾ ਗਿਆ, ਜੋ ਸਧਾਰਨ ਸਮੇਂ ਨਾਲੋਂ ਕਈ ਗੁਣਾ ਵੱਧ ਹੈ। ਇਸ ਨਾਲ ਸੜਕਾਂ, ਪਿੰਡਾਂ ਅਤੇ ਬਾਜ਼ਾਰਾਂ ਵਿੱਚ ਹੜ੍ਹ ਦੇ ਹਾਲਾਤ ਬਣ ਗਏ ਹਨ।

 

ਇਸੇ ਦੌਰਾਨ ਰਣਜੀਤ ਸਾਗਰ ਡੈਮ ਵਿੱਚ ਪਾਣੀ ਖ਼ਤਰੇ ਦੀ ਲਾਈਨ ਤੋਂ ਉੱਪਰ ਪਹੁੰਚ ਗਿਆ ਹੈ। ਮੰਗਲਵਾਰ ਨੂੰ ਲਗਭਗ ਦੋ ਲੱਖ ਕਿਊਸੈਕ ਪਾਣੀ ਡੈਮ ਵਿਚੋਂ ਛੱਡਿਆ ਗਿਆ ਸੀ ਅਤੇ ਬੁੱਧਵਾਰ ਨੂੰ ਹੋਰ ਪਾਣੀ ਛੱਡਣ ਦੀ ਸੰਭਾਵਨਾ ਹੈ। ਭਾਖੜਾ ਤੇ ਪੋਂਗ ਡੈਮ ਤੋਂ ਵੀ ਨਿਯੰਤਰਿਤ ਤਰੀਕੇ ਨਾਲ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਰਕੇ ਬਿਆਸ ਤੇ ਸਤਲੁਜ ਦਰਿਆ ਵੀ ਲਗਾਤਾਰ ਚੜ ਰਹੇ  ਹਨ। ਇਸ ਦਾ ਸਿੱਧਾ ਪ੍ਰਭਾਵ ਹੁਸ਼ਿਆਰਪੁਰ, ਕਪੂਰਥਲਾ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹਿਆਂ ਉੱਤੇ ਪੈ ਰਿਹਾ ਹੈ।

 

ਬੇਅੰਤ ਮੀਂਹ ਕਾਰਨ ਸੜਕਾਂ ਤੇ ਬਾਜ਼ਾਰਾਂ ਵਿੱਚ ਪਾਣੀ ਖੜ੍ਹਾ ਹੋ ਗਿਆ ਹੈ। ਲੋਕਾਂ ਨੂੰ ਆਵਾਜਾਈ ਵਿੱਚ ਮੁਸ਼ਕਲ ਆ ਰਹੀ ਹੈ। ਅੰਮ੍ਰਿਤਸਰ ਦੇ ਇਤਿਹਾਸਕ ਸ਼ਹਿਰ ਵਿੱਚ ਸਵੇਰੇ ਤੱਕ ਵਰਖਾ ਜਾਰੀ ਰਹੀ, ਜਿਸ ਨਾਲ ਗਲੀਆਂ, ਮੰਦਿਰਾਂ ਅਤੇ ਹੋਰ ਜਗ੍ਹਾਂ ਵੀ ਪਾਣੀ ਹੇਠ ਆ ਗਈਆਂ।

 

ਸਰਕਾਰ ਨੇ ਹਾਲਾਤ ਦੇਖਦੇ ਹੋਏ ਸੂਬੇ ਭਰ ਦੇ ਸਕੂਲ 30 ਅਗਸਤ ਤੱਕ ਬੰਦ ਕਰਨ ਦਾ ਐਲਾਨ ਕੀਤਾ ਹੈ। ਦਰਿਆਵਾਂ ਦੇ ਕੰਢਿਆਂ ’ਤੇ ਵੱਸਦੇ ਪਿੰਡਾਂ ਨੂੰ ਪਹਿਲਾਂ ਹੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ। ਲੋਕਾਂ ਨੂੰ ਕਿਹਾ ਗਿਆ ਹੈ ਕਿ ਕਿਸੇ ਵੀ ਐਮਰਜੈਂਸੀ ਲਈ ਤਿਆਰ ਰਹਿਣ। ਰਾਹਤ ਕੈਂਪ ਬਣਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਭੇਜਿਆ ਜਾ ਰਿਹਾ ਹੈ।

 

ਹੜ੍ਹ ਪ੍ਰਬੰਧਨ ਲਈ ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਪਠਾਨਕੋਟ ਤੇ ਗੁਰਦਾਸਪੁਰ ਦਾ ਦੌਰਾ ਕਰਨਗੇ। ਉਹ ਉੱਥੇ ਰਾਹਤ ਤੇ ਬਚਾਅ ਕਾਰਵਾਈਆਂ ਦੀ ਨਿਗਰਾਨੀ ਕਰਨਗੇ। ਇਸ ਤੋਂ ਇਲਾਵਾ, ਜਲੰਧਰ ਵਿੱਚ ਕੇਂਦਰੀ ਹੜ੍ਹ ਕੰਟਰੋਲ ਰੂਮ ਬਣਾਇਆ ਗਿਆ ਹੈ ਤਾਂ ਜੋ ਪੂਰੇ ਸੂਬੇ ਤੋਂ ਜਾਣਕਾਰੀ ਇਕੱਠੀ ਹੋ ਕੇ ਤੁਰੰਤ ਕਾਰਵਾਈ ਕੀਤੀ ਜਾ ਸਕੇ।

 

ਮੁੱਖ ਮੰਤਰੀ ਨੇ ਕਈ ਮੰਤਰੀਆਂ ਨੂੰ ਵੱਖ-ਵੱਖ ਜ਼ਿਲ੍ਹਿਆਂ ਦੀ ਜ਼ਿੰਮੇਵਾਰੀ ਦਿੱਤੀ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ, ਗੁਰਮੀਤ ਸਿੰਘ ਖੁੱਡੀਆਂ ਅਤੇ ਬਰਿੰਦਰ ਕੁਮਾਰ ਗੋਇਲ ਨੂੰ ਸੂਬੇ ਪੱਧਰ ’ਤੇ ਹਾਲਾਤ ’ਤੇ ਨਿਗਰਾਨੀ ਕਰਨ ਲਈ ਕਿਹਾ ਗਿਆ ਹੈ। ਕਪੂਰਥਲਾ ਵਿੱਚ ਮੰਤਰੀ ਮਹਿੰਦਰ ਭਗਤ ਤੇ ਹਰਦੀਪ ਸਿੰਘ ਕੰਮ ਦੇਖਣਗੇ, ਤਰਨਤਾਰਨ ਵਿੱਚ ਲਾਲਜੀਤ ਸਿੰਘ ਭੁੱਲਰ ਤੇ ਹਰਭਜਨ ਸਿੰਘ ਈਟੀਓ ਦੀ ਡਿਊਟੀ ਲਗਾਈ ਗਈ ਹੈ। ਫਾਜ਼ਿਲਕਾ ਵਿੱਚ ਡਾ. ਬਲਜੀਤ ਕੌਰ ਅਤੇ ਤਰੁਣਪ੍ਰੀਤ ਸਿੰਘ ਸੋਹਣ ਲੋਕਾਂ ਦੀ ਸਹਾਇਤਾ ਲਈ ਤੈਨਾਤ ਰਹਿਣਗੇ।

 

ਸਰਕਾਰੀ ਪ੍ਰਬੰਧਾਂ ਨਾਲ ਨਾਲ, ਫੌਜ, ਪੁਲਿਸ ਤੇ ਰਾਜ ਸਰਕਾਰ ਦੀ ਰਾਹਤ ਟੀਮਾਂ ਵੀ ਤਿਆਰ ਹਨ। ਕਈ ਥਾਵਾਂ ’ਤੇ ਲੋਕਾਂ ਨੂੰ ਕਿਸ਼ਤੀਆਂ ਰਾਹੀਂ ਸੁਰੱਖਿਅਤ ਸਥਾਨਾਂ ਵੱਲ ਪਹੁੰਚਾਇਆ ਜਾ ਰਿਹਾ ਹੈ। ਪਿੰਡਾਂ ਦੇ ਲੋਕ ਆਪਣੇ ਘਰ ਛੱਡ ਕੇ ਸਰਕਾਰੀ ਸਕੂਲਾਂ, ਕਾਲਜਾਂ ਜਾਂ ਰਾਹਤ ਕੈਂਪਾਂ ਵਿੱਚ ਪਨਾਹ ਲੈ ਰਹੇ ਹਨ।

 

ਹਾਲਾਂਕਿ ਲੋਕਾਂ ਨੂੰ ਭੋਜਨ ਤੇ ਦਵਾਈਆਂ ਦੀ ਕਮੀ ਮਹਿਸੂਸ ਹੋ ਰਹੀ ਹੈ, ਪਰ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਾਰੇ ਇਲਾਕਿਆਂ ਵਿੱਚ ਜ਼ਰੂਰੀ ਸਾਮਾਨ ਪਹੁੰਚਾਇਆ ਜਾ ਰਿਹਾ ਹੈ। ਡਾਕਟਰਾਂ ਦੀਆਂ ਟੀਮਾਂ ਵੀ ਫੀਲਡ ਵਿੱਚ ਉਤਾਰੀ ਗਈਆਂ ਹਨ ਤਾਂ ਜੋ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕੇ।

 

ਹੜ੍ਹ ਕਾਰਨ ਖੇਤੀਬਾੜੀ ਨੂੰ ਵੀ ਵੱਡਾ ਨੁਕਸਾਨ ਹੋ ਰਿਹਾ ਹੈ। ਖੇਤਾਂ ਵਿੱਚ ਖੜ੍ਹੀਆਂ ਫ਼ਸਲਾਂ ਪਾਣੀ ਹੇਠ ਆ ਗਈਆਂ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮਹੀਨਿਆਂ ਦੀ ਮਿਹਨਤ ਇੱਕ ਝਟਕੇ ਵਿੱਚ ਤਬਾਹ ਹੋ ਗਈ ਹੈ।

 

ਪੰਜਾਬ ਦੀ ਜਨਤਾ ਇਸ ਵੇਲੇ ਮੁਸ਼ਕਲ ਹਾਲਾਤਾਂ ਦਾ ਸਾਹਮਣਾ ਕਰ ਰਹੀ ਹੈ। ਸਰਕਾਰ ਅਤੇ ਪ੍ਰਸ਼ਾਸਨ ਦੇ ਨਾਲ ਨਾਲ ਸਧਾਰਨ ਲੋਕ ਵੀ ਇਕ-ਦੂਜੇ ਦੀ ਮਦਦ ਕਰਨ ਲਈ ਅੱਗੇ ਆ ਰਹੇ ਹਨ। ਗੁਰਦੁਆਰਿਆਂ ਤੇ ਸਮਾਜਿਕ ਜੱਥੇਬੰਦੀਆਂ ਵੱਲੋਂ ਲੰਗਰ ਤੇ ਰਾਹਤ ਸਮੱਗਰੀ ਵੰਡਣ ਦੀ ਸ਼ੁਰੂਆਤ ਹੋ ਗਈ ਹੈ।

 

ਸਰਕਾਰ ਦਾ ਕਹਿਣਾ ਹੈ ਕਿ ਹਾਲਾਤ ’ਤੇ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ ਅਤੇ ਜਿਵੇਂ-ਜਿਵੇਂ ਜ਼ਰੂਰਤ ਪਵੇਗੀ, ਹੋਰ ਬਚਾਅ ਟੀਮਾਂ ਨੂੰ ਤੈਨਾਤ ਕੀਤਾ ਜਾਵੇਗਾ। ਪਰ ਲੋਕਾਂ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਮੀਂਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਅਤੇ ਦਰਿਆਵਾਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ।