ਦਿੱਲੀ ਵਿੱਚ ਮੀਂਹ ਕਾਰਨ ਉਡਾਣਾਂ ਪ੍ਰਭਾਵਿਤ, ਏਅਰ ਇੰਡੀਆ ਅਤੇ ਸਪਾਈਸਜੈੱਟ ਨੇ ਦਿੱਤੀ ਚੇਤਾਵਨੀ
ਦਿੱਲੀ(ਭਾਰਤ), 26 ਅਗਸਤ- ਦਿੱਲੀ ਅਤੇ ਆਲੇ ਦੁਆਲੇ ਇਲਾਕਿਆਂ ਵਿੱਚ ਹੋ ਰਹੀ ਬਾਰਿਸ਼ ਨੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ‘ਤੇ ਖ਼ਾਸਾ ਅਸਰ ਪਾਇਆ ਹੈ। ਹਵਾਈ ਯਾਤਰਾ ਕਰਨ ਵਾਲਿਆਂ ਲਈ ਵੀ ਹਾਲਾਤ ਮੁਸ਼ਕਿਲ ਬਣਦੇ ਨਜ਼ਰ ਆ ਰਹੇ ਹਨ। ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ ਮੁਤਾਬਿਕ ਰਾਜਧਾਨੀ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸੇ ਕਾਰਨ ਏਅਰ ਇੰਡੀਆ ਅਤੇ ਸਪਾਈਸਜੈੱਟ ਸਮੇਤ ਕਈ ਏਅਰਲਾਈਨਾਂ ਨੇ ਯਾਤਰੀਆਂ ਨੂੰ ਸਾਵਧਾਨ ਰਹਿਣ ਲਈ ਸੋਸ਼ਲ ਮੀਡੀਆ ਰਾਹੀਂ ਸੁਚੇਤ ਕੀਤਾ ਹੈ।
ਮੰਗਲਵਾਰ ਸਵੇਰ ਤੋਂ ਹੀ ਹਵਾਈ ਅੱਡੇ ਉੱਤੇ ਯਾਤਰੀਆਂ ਨੂੰ ਆਪਣੇ ਸਫ਼ਰ ਵਿੱਚ ਦੇਰੀ ਦਾ ਸਾਹਮਣਾ ਕਰਨਾ ਪਿਆ। ਏਅਰ ਇੰਡੀਆ ਨੇ ਆਪਣੇ ਸੁਨੇਹੇ ਵਿੱਚ ਕਿਹਾ ਹੈ ਕਿ ਮੀਂਹ ਦੇ ਕਾਰਨ ਉਡਾਣਾਂ ਦੇ ਸਮੇਂ ‘ਚ ਤਬਦੀਲੀ ਆ ਸਕਦੀ ਹੈ। ਇਸ ਲਈ ਯਾਤਰੀ ਘਰ ਤੋਂ ਨਿਕਲਣ ਤੋਂ ਪਹਿਲਾਂ ਆਪਣੀ ਉਡਾਣ ਦਾ ਸਟੇਟਸ ਜ਼ਰੂਰ ਚੈੱਕ ਕਰਨ ਅਤੇ ਹਵਾਈ ਅੱਡੇ ਲਈ ਵਾਧੂ ਸਮਾਂ ਰੱਖ ਕੇ ਨਿਕਲਣ। ਸਪਾਈਸਜੈੱਟ ਨੇ ਵੀ ਕੁਝ ਇਸੇ ਤਰ੍ਹਾਂ ਦਾ ਐਲਾਨ ਕਰਦੇ ਹੋਏ ਸਪਸ਼ਟ ਕੀਤਾ ਕਿ ਮੌਸਮ ਕਾਰਨ ਦਿੱਲੀ ਆਉਣ ਜਾਂ ਦਿੱਲੀ ਤੋਂ ਉੱਡਣ ਵਾਲੀਆਂ ਸਭ ਉਡਾਣਾਂ ਪ੍ਰਭਾਵਿਤ ਹੋ ਸਕਦੀਆਂ ਹਨ। ਇਸ ਕਰਕੇ ਯਾਤਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੀਆਂ ਬੁਕਿੰਗਾਂ ਅਤੇ ਸ਼ਡਿਊਲ ਉੱਤੇ ਨਿਗਰਾਨੀ ਰੱਖਣ।
ਮੌਸਮ ਵਿਭਾਗ ਵੱਲੋਂ ਦਿੱਲੀ ਲਈ ਫ਼ਿਲਹਾਲ ਭਾਰੀ ਬਾਰਿਸ਼ ਦਾ ਐਲਾਨ ਨਹੀਂ ਕੀਤਾ ਗਿਆ, ਪਰ ਹਲਕੀ ਝੂਰ-ਭੂਰ ਤੇ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਜ਼ਰੂਰ ਦੱਸੀ ਗਈ ਹੈ। ਇਸ ਨਾਲ ਨਾਲ, ਗੁੜਗਾਓਂ ਅਤੇ ਫਰੀਦਾਬਾਦ ਵਰਗੇ ਇਲਾਕਿਆਂ ਲਈ ਓਰੇਂਜ ਅਲਰਟ ਜਾਰੀ ਕੀਤੇ ਗਏ ਹਨ , ਜਿਸ ਵਿੱਚ ਮੀਂਹ ਦੇ ਨਾਲ-ਨਾਲ ਗਰਜ-ਚਮਕ ਅਤੇ ਤੇਜ਼ ਹਵਾ ਦੇ ਵੀ ਚਾਂਸ ਹਨ। ਨੋਇਡਾ ਅਤੇ ਗਾਜ਼ੀਆਬਾਦ ਵਿੱਚ ਵੀ ਦਿਨ ਭਰ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।
ਦਿੱਲੀ ਦੀ ਯਮੁਨਾ ਨਦੀ ਵੀ ਮੁੜ ਚਰਚਾ ਵਿੱਚ ਆ ਗਈ ਹੈ ਕਿਉਂਕਿ ਇਸ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਦੇ ਨੇੜੇ ਵਗਦਾ ਦੇਖਿਆ ਗਿਆ। ਪੁਰਾਣੇ ਯਮੁਨਾ ਪੁਲ ਦੇ ਕੋਲੋਂ ਮਿਲੀਆਂ ਵੀਡੀਓਜ਼ ਵਿੱਚ ਪਾਣੀ ਦਾ ਪੱਧਰ 205 ਮੀਟਰ ਦੇ ਨੇੜੇ ਪਹੁੰਚਿਆ ਹੋਇਆ ਦਿਖਿਆ। ਇਹ ਸਥਿਤੀ ਪ੍ਰਸ਼ਾਸਨ ਲਈ ਚਿੰਤਾ ਦਾ ਕਾਰਨ ਹੈ ਕਿਉਂਕਿ ਪਾਣੀ ਦੇ ਪੱਧਰ ਵਧਣ ਨਾਲ ਕਈ ਨੀਵੀਆਂ ਬਸਤੀਆਂ ਪ੍ਰਭਾਵਿਤ ਹੋ ਸਕਦੀਆਂ ਹਨ।
ਯਾਤਰੀਆਂ ਦੇ ਨਾਲ ਨਾਲ ਸ਼ਹਿਰ ਦੇ ਸਧਾਰਣ ਲੋਕਾਂ ਨੂੰ ਵੀ ਮੀਂਹ ਨੇ ਪਰੇਸ਼ਾਨ ਕੀਤਾ ਹੈ। ਦਿੱਲੀ ਦੀਆਂ ਸੜਕਾਂ ‘ਤੇ ਜਾਮ ਆਮ ਗੱਲ ਬਣ ਗਈ ਹੈ। ਦਫ਼ਤਰ ਜਾਣ ਵਾਲੇ ਲੋਕਾਂ ਨੇ ਸਵੇਰ ਤੋਂ ਹੀ ਟਰੈਫ਼ਿਕ ਵਿਚ ਫਸੇ ਰਹਿਣ ਦੀ ਸ਼ਿਕਾਇਤ ਕੀਤੀ। ਗੁੜਗਾਂਓ-ਦਿੱਲੀ ਐਕਸਪ੍ਰੈਸਵੇ ਅਤੇ ਆਈਟੀਓ ਵਰਗੇ ਮੁੱਖ ਰਸਤੇ ‘ਤੇ ਗੱਡੀਆਂ ਦੀਆਂ ਲੰਮੀਆਂ ਲਾਈਨਾਂ ਨਜ਼ਰ ਆ ਰਹੀਆਂ ਹਨ। ਇਸ ਨਾਲ ਲੋਕਾਂ ਦੀ ਰੋਜ਼ਾਨਾ ਦੀ ਰਫ਼ਤਾਰ ਹੌਲੀ ਹੋ ਗਈ ਅਤੇ ਜ਼ਿਆਦਾ ਸਮਾਂ ਸਫ਼ਰ ‘ਚ ਲੱਗਣ ਲੱਗਾ।
ਇਹ ਪਹਿਲੀ ਵਾਰ ਨਹੀਂ ਕਿ ਬਾਰਿਸ਼ ਨੇ ਰਾਜਧਾਨੀ ਵਿੱਚ ਹਵਾਈ ਸੇਵਾਵਾਂ ‘ਤੇ ਪ੍ਰਭਾਵ ਪਾਇਆ ਹੋਵੇ। ਹਰ ਮਾਨਸੂਨੀ ਮੌਸਮ ਵਿੱਚ ਯਾਤਰੀਆਂ ਨੂੰ ਇਸ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਂਹ ਦੇ ਕਾਰਨ ਨਾ ਸਿਰਫ਼ ਉਡਾਣਾਂ ਦੇਰੀ ਨਾਲ ਚਲਦੀਆਂ ਹਨ ਸਗੋਂ ਟਰੈਫ਼ਿਕ ਵਿੱਚ ਰੁਕਾਵਟ ਕਾਰਨ ਹਵਾਈ ਅੱਡੇ ਤੱਕ ਪਹੁੰਚਣਾ ਵੀ ਮੁਸ਼ਕਿਲ ਹੋ ਜਾਂਦਾ ਹੈ।
ਲੋਕਾਂ ਵਿੱਚ ਚਿੰਤਾ ਇਸ ਗੱਲ ਦੀ ਵੀ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਜੇ ਮੀਂਹ ਵੱਧ ਗਿਆ ਤਾਂ ਹਾਲਾਤ ਹੋਰ ਗੰਭੀਰ ਹੋ ਸਕਦੇ ਹਨ। ਪਿਛਲੇ ਸਾਲ ਯਮੁਨਾ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਚੜ੍ਹ ਗਿਆ ਸੀ, ਜਿਸ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਘਰਾਂ ਵਿੱਚ ਦਾਖਲ ਹੋ ਗਿਆ ਸੀ। ਲੋਕਾਂ ਨੂੰ ਡਰ ਹੈ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾ ਨਾ ਦੇਵੇ।
ਮੌਸਮ ਵਿਭਾਗ ਨੇ ਜੰਮੂ-ਕਸ਼ਮੀਰ, ਹਿਮਾਚਲ, ਪੰਜਾਬ ਅਤੇ ਹਰਿਆਣਾ ਲਈ ਵੀ ਗੰਭੀਰ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਦਿੱਲੀ ਹਾਲਾਂਕਿ ਇਸ ਵਾਰ ਵੱਡੇ ਖ਼ਤਰੇ ਵਿੱਚ ਨਹੀਂ ਦੱਸੀ ਗਈ, ਪਰ ਲਗਾਤਾਰ ਮੀਂਹ ਨੇ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਸੜਕਾਂ ਤੇ ਵਧ ਰਿਹਾ ਪਾਣੀ, ਟਰੈਫ਼ਿਕ ਜਾਮ ਅਤੇ ਹਵਾਈ ਅੱਡਿਆਂ ‘ਤੇ ਦਿੱਕਤਾਂ ਨੇ ਰਾਜਧਾਨੀ ਦੀ ਜ਼ਿੰਦਗੀ ਦੀ ਗਤੀ ਹੌਲੀ ਕਰ ਦਿੱਤੀ ਹੈ।
ਵਿਦਵਾਨਾਂ ਦਾ ਕਹਿਣਾ ਹੈ ਕਿ ਬਾਰਿਸ਼ ਕਾਰਨ ਆਈ ਮੁਸ਼ਕਲਾਂ ਸਿਰਫ਼ ਇੱਕ ਦਿਨ ਦੀ ਨਹੀਂ ਰਹਿੰਦੀਆਂ। ਜਦੋਂ ਉਡਾਣਾਂ ਪ੍ਰਭਾਵਿਤ ਹੁੰਦੀਆਂ ਹਨ ਤਾਂ ਉਸਦਾ ਅਸਰ ਕਈ ਦਿਨਾਂ ਤੱਕ ਰਹਿੰਦਾ ਹੈ। ਕਈ ਵਾਰ ਇੱਕ ਦੇਰੀ ਨਾਲ ਚੱਲੀ ਉਡਾਣ ਅੱਗੇ ਦੀਆਂ ਕਈ ਉਡਾਣਾਂ ਦਾ ਸਮਾਂ ਬਦਲ ਦਿੰਦੀ ਹੈ। ਇਸ ਲਈ ਯਾਤਰੀਆਂ ਨੂੰ ਧੀਰਜ ਨਾਲ ਕੰਮ ਲੈਣ ਦੀ ਲੋੜ ਹੈ ਅਤੇ ਬਿਨਾਂ ਪੁਸ਼ਟੀ ਕੀਤੇ ਹਵਾਈ ਅੱਡੇ ਵੱਲ ਨਾ ਰਵਾਨਾ ਹੋਣ।