ਕੀ ਤੁਸੀਂ ਵੀ ਅਮਰੀਕੀ ਵੀਜ਼ਾ ਲਈ ਅਰਜ਼ੀ ਦੇ ਰਹੇ ਹੋ? 2025 ਵਿੱਚ UAE ਦੇ ਬਿਨੈਕਾਰਾਂ ਨੂੰ 6 ਤਬਦੀਲੀਆਂ ਵੱਲ ਧਿਆਨ ਦੇਣਾ ਪਵੇਗਾ
ਦੁਬਈ, 30 ਅਗਸਤ- ਦੁਬਈ ਵਿੱਚ ਰਹਿਣ ਵਾਲੇ ਲੋਕ ਜਿਹੜੇ ਅਗਲੇ ਮਹੀਨੇ ਤੋਂ ਅਮਰੀਕਾ ਦੀ ਯਾਤਰਾ ਲਈ ਵੀਜ਼ਾ ਹਾਸਲ ਕਰਨ ਦੀ ਯੋਜਨਾ ਬਣਾ ਰਹੇ ਹਨ, ਉਹਨਾਂ ਲਈ ਇਹ ਪ੍ਰਕਿਰਿਆ ਹੁਣ ਪਹਿਲਾਂ ਨਾਲੋਂ ਕਾਫੀ ਕਠਿਨ ਹੋਣ ਜਾ ਰਹੀ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਮਹਾਂਮਾਰੀ ਦੇ ਦੌਰਾਨ ਦਿੱਤੀਆਂ ਕਈ ਛੂਟਾਂ ਨੂੰ ਖਤਮ ਕਰ ਦਿੱਤਾ ਗਿਆ ਹੈ ਅਤੇ ਨਵੇਂ ਨਿਯਮ ਸਤੰਬਰ ਤੋਂ ਲਾਗੂ ਹੋਣਗੇ। ਇਨ੍ਹਾਂ ਬਦਲਾਵਾਂ ਦਾ ਸਭ ਤੋਂ ਵੱਧ ਅਸਰ ਉਹਨਾਂ ਆਵੇਦਕਾਂ 'ਤੇ ਪਵੇਗਾ ਜਿਹੜੇ ਪਹਿਲਾਂ ਇੰਟਰਵਿਊ ਤੋਂ ਮੁਕਤ ਹੁੰਦੇ ਸਨ। ਹੁਣ ਲਗਭਗ ਹਰ ਆਵੇਦਕ ਨੂੰ ਦੁਬਈ ਜਾਂ ਅਬੂਧਾਬੀ ਸਥਿਤ ਅਮਰੀਕੀ ਦਫ਼ਤਰ ਵਿੱਚ ਆਹਮੋ-ਸਾਹਮਣੇ ਇੰਟਰਵਿਊ ਦੇਣਾ ਲਾਜ਼ਮੀ ਹੋਵੇਗਾ।
ਪਹਿਲਾਂ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ 79 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਸਿੱਧਾ ਛੋਟ ਮਿਲ ਜਾਂਦੀ ਸੀ ਪਰ ਹੁਣ ਇਹ ਸੁਵਿਧਾ ਖਤਮ ਕਰ ਦਿੱਤੀ ਗਈ ਹੈ। ਇਸਦਾ ਅਰਥ ਹੈ ਕਿ ਬੱਚਿਆਂ ਅਤੇ ਬੁਜ਼ੁਰਗਾਂ ਨੂੰ ਵੀ ਹੋਰ ਸਭ ਦੀ ਤਰ੍ਹਾਂ ਹੀ ਇੰਟਰਵਿਊ ਦੇਣਾ ਪਵੇਗਾ। ਵੀਜ਼ਾ ਨਵੀਨੀਕਰਨ ਦੇ ਮਾਮਲੇ ਵਿੱਚ ਵੀ ਸ਼ਰਤਾਂ ਪਹਿਲਾਂ ਨਾਲੋਂ ਸਖ਼ਤ ਹੋ ਗਈਆਂ ਹਨ। ਟੂਰਿਸਟ ਜਾਂ ਬਿਜ਼ਨਸ ਵੀਜ਼ਾ ਦੀ ਦੁਬਾਰਾ ਅਰਜ਼ੀ ਦੇਣ ਵਾਲਿਆਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਉਹ ਆਪਣੇ ਹੀ ਦੇਸ਼ ਜਾਂ ਨਿਵਾਸ ਸਥਾਨ ਤੋਂ ਅਰਜ਼ੀ ਪੇਸ਼ ਕਰਨ। ਪਿਛਲੀ ਵਾਰੀ ਉਹਨਾਂ ਦਾ ਵੀਜ਼ਾ ਰੱਦ ਨਾ ਹੋਇਆ ਹੋਵੇ ਅਤੇ ਉਹ ਸਮਾਪਤ ਹੋਣ ਤੋਂ ਇੱਕ ਸਾਲ ਦੇ ਅੰਦਰ ਅਰਜ਼ੀ ਦਾਖ਼ਲ ਕਰਨ। ਇਸ ਤੋਂ ਬਾਵਜੂਦ ਅਧਿਕਾਰੀ ਆਪਣੇ ਅਧਿਕਾਰ ਨਾਲ ਇੰਟਰਵਿਊ ਲਾਜ਼ਮੀ ਕਰ ਸਕਦੇ ਹਨ।
ਇਸਦੇ ਨਾਲ ਹੀ, ਨਵੰਬਰ 2025 ਤੋਂ ਪਰਵਾਸੀ ਵੀਜ਼ਾ ਲਈ ਵੀ ਨਿਯਮ ਬਦਲ ਰਹੇ ਹਨ। ਹੁਣ ਇਹਨਾਂ ਆਵੇਦਕਾਂ ਨੂੰ ਆਪਣੇ ਦੇਸ਼ ਜਾਂ ਨਿਵਾਸ ਸਥਾਨ ਵਿੱਚ ਹੀ ਇੰਟਰਵਿਊ ਦੇਣਾ ਪਵੇਗਾ ਅਤੇ ਇਹਨਾਂ ਦੀ ਤਰੀਕ ਤੈਅ ਕਰਨ ਦਾ ਅਧਿਕਾਰ ਸਿਰਫ਼ ਅਮਰੀਕਾ ਦੇ ਨੈਸ਼ਨਲ ਵੀਜ਼ਾ ਸੈਂਟਰ ਕੋਲ ਹੋਵੇਗਾ। ਇਸ ਪ੍ਰਕਿਰਿਆ ਵਿੱਚ ਛੋਟ ਕੇਵਲ ਵੱਡੇ ਖ਼ਾਸ ਕਾਰਨਾਂ ਲਈ ਹੀ ਮਿਲ ਸਕਦੀ ਹੈ।
ਵਿਦਿਆਰਥੀਆਂ ਲਈ ਵੀ ਵੱਡਾ ਬਦਲਾਵ ਕੀਤਾ ਗਿਆ ਹੈ। ਹੁਣ ਸਟੂਡੈਂਟ ਜਾਂ ਐਕਸਚੇਂਜ ਪ੍ਰੋਗਰਾਮ ਵਾਲੇ ਆਵੇਦਕਾਂ ਨੂੰ ਆਪਣੀਆਂ ਸਾਰੀਆਂ ਸੋਸ਼ਲ ਮੀਡੀਆ ਆਈਡੀਜ਼ ਪਿਛਲੇ ਪੰਜ ਸਾਲਾਂ ਦੀਆਂ ਦੱਸਣੀਆਂ ਪੈਣਗੀਆਂ। ਇਸ ਤੋਂ ਇਲਾਵਾ ਉਹਨਾਂ ਦੇ ਖਾਤੇ 'ਪਬਲਿਕ' ਹੋਣੇ ਲਾਜ਼ਮੀ ਹਨ ਤਾਂ ਜੋ ਅਧਿਕਾਰੀ ਉਹਨਾਂ ਦੀਆਂ ਪੋਸਟਾਂ, ਕਮੈਂਟਾਂ ਅਤੇ ਸਰਗਰਮੀਆਂ ਦੀ ਜਾਂਚ ਕਰ ਸਕਣ। ਜੇਕਰ ਕਿਸੇ ਵੀ ਤਰ੍ਹਾਂ ਦੀ ਸਰਗਰਮੀ ਹਿੰਸਾ, ਵਿਰੋਧੀ ਰੁਝਾਨ ਜਾਂ ਸ਼ੱਕੀ ਗਰੁੱਪਾਂ ਨਾਲ ਜੁੜੀ ਮਿਲੀ ਤਾਂ ਇਹ ਵੀਜ਼ੇ ਲਈ ਰੁਕਾਵਟ ਬਣ ਸਕਦੀ ਹੈ। ਮਾਹਿਰਾਂ ਦੀ ਸਲਾਹ ਹੈ ਕਿ ਆਵੇਦਕ ਆਪਣੇ ਖਾਤੇ ਮਿਟਾਉਣ ਜਾਂ ਅਚਾਨਕ ਨਾਂ ਬਦਲਣ ਤੋਂ ਬਚਣ, ਕਿਉਂਕਿ ਇਸ ਨਾਲ ਸ਼ੱਕ ਪੈਦਾ ਹੋ ਸਕਦਾ ਹੈ।
ਇਕ ਹੋਰ ਵੱਡਾ ਬੋਝ ਅਕਤੂਬਰ 2025 ਤੋਂ ਲਾਗੂ ਹੋਣ ਵਾਲੀ ਨਵੀਂ ਫੀਸ ਹੈ। "ਵੀਜ਼ਾ ਇੰਟੀਗ੍ਰਿਟੀ ਫੀਸ" ਦੇ ਨਾਂ 'ਤੇ 250 ਡਾਲਰ ਵਾਧੂ ਰਕਮ ਵਸੂਲ ਕੀਤੀ ਜਾਵੇਗੀ ਜੋ ਪਹਿਲਾਂ ਦੀ ਫੀਸ ਤੋਂ ਇਲਾਵਾ ਹੋਵੇਗੀ। ਇਸ ਨਾਲ ਯਾਤਰੀ, ਵਿਦਿਆਰਥੀ ਅਤੇ ਅਸਥਾਈ ਕੰਮ ਵਾਲੇ ਵੀਜ਼ੇ ਹੋਰ ਮਹਿੰਗੇ ਹੋ ਜਾਣਗੇ। ਉਦਾਹਰਣ ਵਜੋਂ ਭਾਰਤੀ ਨਾਗਰਿਕਾਂ ਲਈ ਟੂਰਿਸਟ ਵੀਜ਼ਾ ਦੀ ਕੁੱਲ ਲਾਗਤ 425 ਡਾਲਰ ਤਕ ਪਹੁੰਚ ਜਾਵੇਗੀ। ਹਾਲਾਂਕਿ ਅਧਿਕਾਰੀਆਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਜਿਹੜੇ ਯਾਤਰੀ ਆਪਣੇ ਵੀਜ਼ੇ ਦੀਆਂ ਸ਼ਰਤਾਂ ਦਾ ਪੂਰਾ ਪਾਲਣ ਕਰਕੇ ਸਮੇਂ ਸਿਰ ਵਾਪਸ ਚਲੇ ਜਾਣਗੇ, ਉਹਨਾਂ ਨੂੰ ਇਹ ਫੀਸ ਕੁਝ ਹੱਦ ਤਕ ਵਾਪਸ ਵੀ ਕੀਤੀ ਜਾ ਸਕਦੀ ਹੈ।
ਇਨ੍ਹਾਂ ਬਦਲਾਵਾਂ ਦੇ ਕਾਰਨ ਯੂਏਈ ਦੇ ਲੋਕਾਂ ਨੂੰ ਹੁਣ ਹੋਰ ਵੀ ਲੰਮੇ ਸਮੇਂ ਦੀ ਉਡੀਕ ਅਤੇ ਵੱਧ ਦਸਤਾਵੇਜ਼ੀ ਕਾਰਵਾਈ ਲਈ ਤਿਆਰ ਰਹਿਣਾ ਪਵੇਗਾ। ਵੀਜ਼ਾ ਪ੍ਰਕਿਰਿਆ ਵਿੱਚ ਲਗਣ ਵਾਲਾ ਸਮਾਂ ਵੱਧਣ ਦੀ ਸੰਭਾਵਨਾ ਹੈ, ਇਸ ਲਈ ਯਾਤਰਾ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਪਹਿਲਾਂ ਹੀ ਸਾਰੇ ਕਾਗਜ਼ ਤਿਆਰ ਕਰਕੇ ਅਰਜ਼ੀ ਦੇਣ ਦੀ ਸਲਾਹ ਦਿੱਤੀ ਜਾ ਰਹੀ ਹੈ। ਨਵੀਆਂ ਸ਼ਰਤਾਂ ਸਪਸ਼ਟ ਕਰਦੀਆਂ ਹਨ ਕਿ ਅਮਰੀਕਾ ਹੁਣ ਆਪਣੇ ਦੇਸ਼ ਵਿੱਚ ਦਾਖਲ ਹੋਣ ਵਾਲੇ ਹਰ ਵਿਦੇਸ਼ੀ ਉੱਤੇ ਵਧੇਰੇ ਸਖ਼ਤੀ ਨਾਲ ਨਿਗਰਾਨੀ ਕਰਨ ਜਾ ਰਿਹਾ ਹੈ।