ਯੂਏਈ ਵਿੱਚ ਨਵੀਂ ਯਾਤਰੀ ਰੇਲ ਸੇਵਾ ਦੀ ਤਿਆਰੀ: ਪਹਾੜਾਂ, ਰੇਗਿਸਤਾਨਾਂ ਅਤੇ ਸ਼ਹਿਰਾਂ ਨੂੰ ਜੋੜਦਾ ਏਤਿਹਾਦ ਰੇਲ ਨੈੱਟਵਰਕ

ਯੂਏਈ ਵਿੱਚ ਨਵੀਂ ਯਾਤਰੀ ਰੇਲ ਸੇਵਾ ਦੀ ਤਿਆਰੀ: ਪਹਾੜਾਂ, ਰੇਗਿਸਤਾਨਾਂ ਅਤੇ ਸ਼ਹਿਰਾਂ ਨੂੰ ਜੋੜਦਾ ਏਤਿਹਾਦ ਰੇਲ ਨੈੱਟਵਰਕ

ਯੂਏਈ, 3 ਅਕਤੂਬਰ- ਯੂਏਈ ਵਿੱਚ ਯਾਤਰਾ ਦਾ ਇੱਕ ਨਵਾਂ ਅਧਿਆਇ ਸ਼ੁਰੂ ਹੋਣ ਜਾ ਰਿਹਾ ਹੈ। ਗਲੋਬਲ ਰੇਲ ਕਾਨਫਰੰਸ ਦੌਰਾਨ ਜਾਰੀ ਕੀਤੇ ਨਕਸ਼ੇ ਨੇ ਦੇਸ਼ ਦੇ ਪਹਿਲੇ ਵੱਡੇ ਯਾਤਰੀ ਅਤੇ ਮਾਲਗੱਡੀ ਨੈੱਟਵਰਕ ਦੀ ਝਲਕ ਪੇਸ਼ ਕੀਤੀ ਹੈ। ਇਸ ਨਕਸ਼ੇ ਨੇ ਸਾਫ਼ ਦਰਸਾਇਆ ਹੈ ਕਿ ਕਿਵੇਂ ਅਲ ਮਿਰਫਾ ਤੋਂ ਸ਼ੁਰੂ ਹੋਣ ਵਾਲਾ ਇਹ ਰੇਲ ਪ੍ਰਾਜੈਕਟ ਦੇਸ਼ ਦੇ ਤੱਟੀ ਅਤੇ ਅੰਦਰੂਨੀ ਖੇਤਰਾਂ ਨੂੰ ਆਪਸ ਵਿੱਚ ਜੋੜੇਗਾ ਅਤੇ ਆਖ਼ਰਕਾਰ ਓਮਾਨ ਤੱਕ ਫੈਲਦਾ ਹੋਇਆ ਗਲਫ਼ ਖੇਤਰ ਵਿੱਚ ਆਵਾਜਾਈ ਦਾ ਮਜ਼ਬੂਤ ਹਿੱਸਾ ਬਣੇਗਾ।

 

ਅਲ ਮਿਰਫਾ ਯਾਤਰੀ ਸਟੇਸ਼ਨ ਦੇ ਸਾਹਮਣੇ ਹੀ ਸੰਚਾਲਨ ਅਤੇ ਰੱਖ-ਰਖਾਅ ਡਿਪੂ ਸਥਾਪਤ ਕੀਤਾ ਗਿਆ ਹੈ। ਉਥੋਂ ਅੱਗੇ ਰੇਲ ਨੈੱਟਵਰਕ ਹਬਸ਼ਾਨ ਮਾਲ ਟਰਮੀਨਲ ਅਤੇ ਮਦੀਨਤ ਜ਼ਾਇਦ ਨਾਲ ਜੁੜਦਾ ਹੈ। ਇਸੇ ਲੜੀ ਵਿੱਚ ਮੇਜ਼ੇਰਾਹ ਯਾਤਰੀ ਸਟੇਸ਼ਨ ਵੀ ਹੈ, ਜੋ ਅਬੂ ਧਾਬੀ ਦੇ ਪੱਛਮੀ ਖੇਤਰ ਲਈ ਕੇਂਦਰੀ ਬਿੰਦੂ ਵਜੋਂ ਕੰਮ ਕਰੇਗਾ। ਤੱਟੀ ਲਾਈਨ 'ਤੇ, ਰੇਲਗੱਡੀ ਅਬੂ ਧਾਬੀ ਇੰਡਸਟਰੀਅਲ ਸਿਟੀ ਦੇ ਮਾਲ ਟਰਮੀਨਲ ਅਤੇ ਅਬੂ ਧਾਬੀ ਯਾਤਰੀ ਸਟੇਸ਼ਨ ਤੱਕ ਪਹੁੰਚਦੀ ਹੈ। ਖਲੀਫਾ ਬੰਦਰਗਾਹ ਦਾ ਮਾਲ ਸਟੇਸ਼ਨ ਵੀ ਇਸ ਪ੍ਰਾਜੈਕਟ ਦਾ ਇੱਕ ਮਹੱਤਵਪੂਰਣ ਹਿੱਸਾ ਹੈ, ਜੋ ਅੰਤਰਰਾਸ਼ਟਰੀ ਵਪਾਰ ਲਈ ਆਸਾਨੀ ਪੈਦਾ ਕਰੇਗਾ।

 

ਅਲ ਫਾਇਆ ਰੱਖ-ਰਖਾਅ ਕੇਂਦਰ ਤੋਂ ਬਾਅਦ, ਇਹ ਨੈੱਟਵਰਕ ਦੁਬਈ ਵਿੱਚ ਦਾਖਲ ਹੁੰਦਾ ਹੈ, ਜਿੱਥੇ ਪਹਿਲੇ ਵੱਡੇ ਮਾਲ ਟਰਮੀਨਲ ਦੁਬਈ ਇੰਡਸਟਰੀਅਲ ਸਿਟੀ ਅਤੇ ਜੇਬਲ ਅਲੀ ਬੰਦਰਗਾਹ ਵਿੱਚ ਸਥਾਪਿਤ ਹਨ। ਯਾਤਰੀਆਂ ਲਈ ਸਟੇਸ਼ਨ ਅਲ ਮਕਤੂਮ ਇੰਟਰਨੈਸ਼ਨਲ ਏਅਰਪੋਰਟ ਦੇ ਨੇੜੇ ਤਿਆਰ ਕੀਤਾ ਜਾ ਰਿਹਾ ਹੈ, ਜੋ ਰੇਲ ਅਤੇ ਹਵਾਈ ਯਾਤਰਾ ਨੂੰ ਬੇਹਤਰੀਨ ਢੰਗ ਨਾਲ ਜੋੜੇਗਾ। ਉੱਤਰ ਵੱਲ ਵਧਦਿਆਂ, ਸ਼ਾਰਜਾਹ ਅਤੇ ਅਲ ਧਾਇਦ ਯਾਤਰੀ ਸਟੇਸ਼ਨ ਨੈੱਟਵਰਕ ਦਾ ਹਿੱਸਾ ਬਣਦੇ ਹਨ। ਫੁਜੈਰਾਹ ਵਿੱਚ ਯਾਤਰੀ ਅਤੇ ਮਾਲ ਸਟੇਸ਼ਨ ਇਕੱਠੇ ਬਣਾਏ ਗਏ ਹਨ, ਜਦੋਂ ਕਿ ਅਲ ਘਾਇਲ ਸੁੱਕਾ ਬੰਦਰਗਾਹ ਅਤੇ ਸਿਜੀ ਮਾਲ ਟਰਮੀਨਲ ਖੇਤਰ ਦੇ ਵਪਾਰ ਲਈ ਖ਼ਾਸ ਤੌਰ 'ਤੇ ਮਹੱਤਵਪੂਰਣ ਹੋਣਗੇ।

 

ਸਿਰਫ਼ ਯੂਏਈ ਹੀ ਨਹੀਂ, ਇਹ ਰੇਲ ਨੈੱਟਵਰਕ ਓਮਾਨ ਨਾਲ ਵੀ ਸਿੱਧਾ ਜੁੜੇਗਾ, ਜਿਸ ਨਾਲ ਸੋਹਰ ਮਾਲ ਟਰਮੀਨਲ ਅਤੇ ਅਲ ਬੁਰਾਈਮੀ ਖੇਤਰ ਯਾਤਰਾ ਅਤੇ ਵਪਾਰਕ ਕਨੈਕਸ਼ਨ ਦਾ ਹਿੱਸਾ ਬਣ ਜਾਣਗੇ। ਇਹ ਸਰਹੱਦੀ ਜੁੜਾਅ ਭਵਿੱਖ ਵਿੱਚ ਗਲਫ਼ ਦੇਸ਼ਾਂ ਲਈ ਵੱਡੇ ਆਰਥਿਕ ਫਾਇਦੇ ਲਿਆ ਸਕਦਾ ਹੈ।

 

ਕਾਨਫਰੰਸ ਦੌਰਾਨ ਸਭ ਤੋਂ ਵੱਡੀ ਘੋਸ਼ਣਾ ਇਹ ਰਹੀ ਕਿ ਇਤਿਹਾਦ ਰੇਲ ਨੇ ਫਰਾਂਸੀਸੀ ਕੰਪਨੀ ਕੇਓਲਿਸ ਇੰਟਰਨੈਸ਼ਨਲ ਨਾਲ ਇੱਕ ਸਾਂਝੇ ਉੱਦਮ (Joint Venture) ਲਈ ਸਮਝੌਤਾ ਕੀਤਾ ਹੈ। ਇਸ ਭਾਈਵਾਲੀ ਦਾ ਨਾਮ ਏਤਿਹਾਦ ਰੇਲ ਮੋਬਿਲਿਟੀ ਰੱਖਿਆ ਗਿਆ ਹੈ, ਜੋ 2026 ਤੱਕ ਯਾਤਰੀ ਰੇਲ ਸੇਵਾਵਾਂ ਦੀ ਸ਼ੁਰੂਆਤ ਲਈ ਜ਼ਿੰਮੇਵਾਰ ਹੋਵੇਗੀ। ਇਹ ਕੰਪਨੀ ਸਿਰਫ਼ ਰੇਲਗੱਡੀਆਂ ਹੀ ਨਹੀਂ, ਬਲਕਿ ਅੱਗੇ ਦੀਆਂ ਸੇਵਾਵਾਂ ਜਿਵੇਂ ਕਿ ਬੱਸਾਂ, ਟੈਕਸੀਆਂ, ਕਾਰ ਪਾਰਕਿੰਗ ਅਤੇ ਹੋਰ ਜੁੜੀਆਂ ਸਹੂਲਤਾਂ ਵੀ ਮੁਹੱਈਆ ਕਰਵਾਏਗੀ, ਤਾਂ ਜੋ ਯਾਤਰੀਆਂ ਨੂੰ ਇੱਕ ਸਹਿਜ ਅਤੇ ਆਧੁਨਿਕ ਅਨੁਭਵ ਮਿਲ ਸਕੇ।

 

ਕੇਓਲਿਸ, ਜੋ ਪਹਿਲਾਂ ਹੀ ਦੁਬਈ ਮੈਟਰੋ ਅਤੇ ਟਰਾਮ ਚਲਾ ਰਹੀ ਹੈ, ਨੇ ਕਿਹਾ ਕਿ ਇਹ ਉਨ੍ਹਾਂ ਲਈ ਇੱਕ ਰੋਮਾਂਚਕ ਕਦਮ ਹੈ। ਕੰਪਨੀ ਦੇ ਸੀਈਓ ਅਲਿਸਟੇਅਰ ਗੋਰਡਨ ਦੇ ਅਨੁਸਾਰ, ਨਵੇਂ ਸਟਾਫ ਦੀ ਭਰਤੀ, ਟ੍ਰੇਨਿੰਗ ਅਤੇ ਡਰਾਈਵਰਾਂ ਦੀ ਤਿਆਰੀ ਦਾ ਕੰਮ ਜ਼ੋਰ ਸ਼ੋਰ ਨਾਲ ਜਾਰੀ ਹੈ ਅਤੇ 2026 ਵਿੱਚ ਪਹਿਲੀ ਯਾਤਰੀ ਰੇਲਗੱਡੀ ਪਟੜੀ 'ਤੇ ਦੌੜਣ ਤੋਂ ਪਹਿਲਾਂ ਸਾਰੀਆਂ ਤਿਆਰੀਆਂ ਪੂਰੀ ਹੋ ਜਾਣਗੀਆਂ।

 

ਇਹ ਪ੍ਰਾਜੈਕਟ ਸਿਰਫ਼ ਯਾਤਰਾ ਦਾ ਨਵਾਂ ਵਿਕਲਪ ਨਹੀਂ ਦੇਵੇਗਾ, ਸਗੋਂ ਦੇਸ਼ ਦੀ ਅਰਥਵਿਵਸਥਾ, ਵਪਾਰ ਅਤੇ ਪਰਯਟਨ ਖੇਤਰ ਨੂੰ ਵੀ ਵੱਡੀ ਰਫ਼ਤਾਰ ਦੇਵੇਗਾ। ਰੇਗਿਸਤਾਨੀ ਟਿਲ੍ਹਾਂ ਤੋਂ ਲੈ ਕੇ ਪਹਾੜੀ ਦਰਿਆਂ ਤੱਕ, ਇਹ ਰੇਲ ਯਾਤਰੀਆਂ ਨੂੰ ਯੂਏਈ ਦੇ ਕੁਦਰਤੀ ਸੁੰਦਰਤਾ ਨਾਲ ਜੋੜਨ ਦੇ ਨਾਲ ਹੀ, ਸੁਰੱਖਿਅਤ, ਟਿਕਾਊ ਅਤੇ ਭਰੋਸੇਮੰਦ ਆਵਾਜਾਈ ਦਾ ਭਵਿੱਖ ਵੀ ਦਰਸਾ ਰਹੀ ਹੈ।