ਯੂਏਈ ਵਿੱਚ ਓਣਮ ਦੀਆਂ ਰੌਣਕਾਂ: ਕੇਰਲ ਦੇ ਪਰਵਾਸੀਆਂ ਲਈ ਦੋਹਰੀ ਖੁਸ਼ੀ
ਦੁਬਈ, 6 ਸਤੰਬਰ- ਇਸ ਵਾਰ ਕੇਰਲ ਤੋਂ ਆਏ ਭਾਰਤੀ ਪਰਵਾਸੀਆਂ ਲਈ ਓਣਮ ਦਾ ਤਿਉਹਾਰ ਖਾਸ ਮਹੱਤਵ ਰੱਖਦਾ ਹੈ। ਕਾਰਣ ਇਹ ਹੈ ਕਿ ਤਿਰੁਵੋਣਮ ਵਾਲਾ ਦਿਨ ਸਰਕਾਰੀ ਛੁੱਟੀ ਨਾਲ ਮਿਲ ਗਿਆ ਹੈ ਅਤੇ ਛੁੱਟੀ ਵੀ ਹਫ਼ਤੇ ਦੇ ਅੰਤ ਨਾਲ ਜੁੜ ਰਹੀ ਹੈ। ਇਸ ਨਾਲ ਨਾ ਸਿਰਫ਼ ਪਰਿਵਾਰਾਂ ਨੂੰ ਲੰਬਾ ਵੀਕਐਂਡ ਮਿਲਿਆ ਹੈ, ਸਗੋਂ ਪੂਰੇ ਜੋਸ਼ ਨਾਲ ਘਰਾਂ ਵਿੱਚ ਮਿਲ ਬੈਠ ਕੇ ਰਵਾਇਤੀ ਢੰਗ ਨਾਲ ਓਣਮ ਮਨਾਉਣ ਦਾ ਮੌਕਾ ਵੀ ਬਣ ਗਿਆ ਹੈ।
ਓਣਮ ਕੇਰਲ ਦੀਆਂ ਸਭ ਤੋਂ ਵੱਡੀਆਂ ਧਾਰਮਿਕ ਤੇ ਸੰਸਕ੍ਰਿਤਿਕ ਰਿਵਾਇਤਾਂ ਵਿੱਚੋਂ ਇੱਕ ਹੈ। ਇਹ ਫਸਲਾਂ ਦੀ ਖੁਸ਼ੀ ਮਨਾਉਣ ਦਾ ਤਿਉਹਾਰ ਹੈ ਜੋ ਰਾਜਾ ਮਹਾਬਲੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਹਾਲਾਂਕਿ ਇਸ ਦੀਆਂ ਜੜ੍ਹਾਂ ਹਿੰਦੂ ਧਰਮ ਵਿੱਚ ਹਨ, ਪਰ ਪਰਵਾਸੀ ਸਮਾਜ ਦੇ ਵੱਖ-ਵੱਖ ਧਾਰਮਿਕ ਪਿੱਛੋਕੜ ਵਾਲੇ ਲੋਕ ਵੀ ਇਸ ਨੂੰ ਮਿਲਜੁਲ ਕੇ ਮਨਾਉਂਦੇ ਹਨ। ਰੰਗ-ਬਰੰਗੇ ,ਫੁੱਲ, ਰਵਾਇਤੀ ਨਾਚ-ਗੀਤ, ਤੇ ਸੁਆਦਲੇ ਭੋਜਨ ਇਸ ਤਿਉਹਾਰ ਦਾ ਹਿੱਸਾ ਹਨ।
ਯੂਏਈ ਵਿੱਚ ਵੱਸਦੇ ਮਲਿਆਲੀ ਪਰਿਵਾਰਾਂ ਲਈ ਇਹ ਖਾਸ ਮੌਕਾ ਹੈ ਕਿਉਂਕਿ ਆਮ ਤੌਰ 'ਤੇ ਤਿਉਹਾਰ ਵਾਲੇ ਦਿਨ ਛੁੱਟੀ ਨਹੀਂ ਹੁੰਦੀ। ਬਹੁਤ ਸਾਰੇ ਪਰਿਵਾਰ ਅਕਸਰ ਵੀਕਐਂਡ ਤੇ ਹੀ ਇਕੱਠੇ ਹੋ ਸਕਦੇ ਹਨ। ਇਸ ਵਾਰ ਛੁੱਟੀ ਨਾਲ ਮਿਲਣ ਕਾਰਨ ਪਰਿਵਾਰ ਆਪਣੇ ਘਰਾਂ ਵਿੱਚ ਮਿਲਕੇ ਤਿਰੁਵੋਣਮ ਦੀ ਖੁਸ਼ੀ ਮਨਾਉਣ ਲਈ ਤਿਆਰ ਹਨ। ਰਵਾਇਤੀ ਲਿਬਾਸ ਪਹਿਨੇ ਹੋਏ, ਸ਼ਾਕਾਹਾਰੀ ਭੋਜਨ ਬਣਾਉਣ ਦੀਆਂ ਤਿਆਰੀਆਂ ਘਰ-ਘਰ ਵਿੱਚ ਚੱਲ ਰਹੀਆਂ ਹਨ।
ਕਈ ਪਰਿਵਾਰਾਂ ਨੇ ਪਹਿਲਾਂ ਹੀ ਆਪਣੇ ਨਜ਼ਦੀਕੀ ਦੋਸਤਾਂ ਨਾਲ ਮਿਲ ਕੇ ਛੋਟੇ ਸਮਾਰੋਹ ਕਰ ਲਏ ਹਨ। ਕਿਉਂਕਿ ਮੁੱਖ ਦਿਨ ਘਰ ਪਰਿਵਾਰ ਨਾਲ ਬਿਤਾਉਣ ਦੀ ਯੋਜਨਾ ਬਣਾਈ ਗਈ ਹੈ, ਇਸ ਲਈ ਕੁਝ ਦਿਨ ਪਹਿਲਾਂ ਹੀ ਸੱਥ-ਸੰਗਤ ਵਿੱਚ ਭੋਜਨ, ਨਾਚ-ਗੀਤ ਅਤੇ ਸਮਾਜਿਕ ਮਿਲਣ-ਜੁਲਣ ਦੇ ਕਾਰਜ ਕਰਵਾਏ ਗਏ ਹਨ।
ਅਬੂਧਾਬੀ ਵਿੱਚ ਬੱਚਿਆਂ ਨੇ ਇਸ ਵਾਰ ਓਣਮ ਦੇ ਰਾਜਾ ਮਹਾਬਲੀ ਨੂੰ ਇਕ ਵੱਖਰੇ ਢੰਗ ਨਾਲ ਮਨਾਇਆ। ਰਵਾਇਤੀ ਭੇਸ ਜਾਂ ਕੱਟ-ਆਉਟ ਦੀ ਥਾਂ ਉਨ੍ਹਾਂ ਨੇ ਕੇਕ ਦੇ ਰੂਪ ਵਿੱਚ ਮਹਾਬਲੀ ਤਿਆਰ ਕੀਤਾ। ਇਸ ਦੇ ਨਾਲ ਹੀ ਕੇਰਲ ਦੀਆਂ ਕਲਾ ਰੂਪਾਂ ਅਤੇ ਫੁੱਲਾਂ ਦੀਆਂ ਡਿਜ਼ਾਈਨਾਂ ਵਾਲੇ ਕੇਕ ਵੀ ਬਣਾਏ ਗਏ, ਜਿਹਨਾਂ ਨੇ ਤਿਉਹਾਰ ਦੀ ਰੌਣਕ ਵਧਾ ਦਿੱਤੀ।
ਕਾਰਪੋਰੇਟ ਜਗਤ ਵਿੱਚ ਵੀ ਓਣਮ ਦੀਆਂ ਖ਼ੁਸ਼ੀਆਂ ਛਾਈਆਂ ਹੋਈਆਂ ਹਨ। ਬਹੁ-ਰਾਸ਼ਟਰੀ ਕੰਪਨੀਆਂ ਨੇ ਆਪਣੇ ਦਫ਼ਤਰਾਂ ਵਿੱਚ ਕਰਮਚਾਰੀਆਂ ਲਈ ਰਵਾਇਤੀ ਪ੍ਰੋਗਰਾਮ ਆਯੋਜਿਤ ਕੀਤੇ ਹਨ। ਵਿਭਿੰਨ ਦੇਸ਼ਾਂ ਤੋਂ ਆਏ ਕਰਮਚਾਰੀਆਂ ਨੇ ਆਪਣੇ-ਆਪਣੇ ਸੰਸਕ੍ਰਿਤਿਕ ਲਿਬਾਸ ਪਹਿਨ ਕੇ ਸ਼ਮੂਲੀਅਤ ਕੀਤੀ। ਇਹ ਸਾਂਝੇਪਣ ਦਾ ਅਨੋਖਾ ਦਰਸ਼ਨ ਸੀ ਜਿੱਥੇ ਕੇਵਲ ਭਾਰਤੀ ਹੀ ਨਹੀਂ ਸਗੋਂ ਅਰਬ, ਅਫ਼ਰੀਕੀ ਅਤੇ ਯੂਰਪੀ ਕਰਮਚਾਰੀ ਵੀ ਸ਼ਾਮਲ ਹੋਏ। ਉਹਨਾਂ ਲਈ ਓਣਮ ਸਿਰਫ਼ ਕੇਰਲ ਦਾ ਨਹੀਂ, ਸਗੋਂ ਸਾਰਿਆਂ ਦਾ ਮਿਲਾਪ ਦਾ ਤਿਉਹਾਰ ਬਣ ਗਿਆ।
ਸਕੂਲਾਂ ਵਿੱਚ ਵੀ ਓਣਮ ਦੀ ਰੌਣਕ ਦਿਖਾਈ ਦਿੱਤੀ। ਬੱਚਿਆਂ ਨੇ ਰਵਾਇਤੀ ਕੇਰਲ ਦੇ ਕੱਪੜੇ ਪਹਿਨੇ, ਕਲਾਸਾਂ ਵਿੱਚ ਪੂਕਲਮ ਬਣਾਏ ਅਤੇ ਛੋਟੇ-ਛੋਟੇ ਸੱਧਿਆ ਦਾ ਅਨੰਦ ਮਾਣਿਆ। ਨਰਸਰੀ ਤੋਂ ਲੈ ਕੇ ਸੀਨੀਅਰ ਕਲਾਸਾਂ ਤੱਕ ਬੱਚਿਆਂ ਨੇ ਇਸ ਨੂੰ ਵੱਡੇ ਉਤਸ਼ਾਹ ਨਾਲ ਮਨਾਇਆ।
ਇਹ ਸਭ ਕੁਝ ਦਰਸਾਉਂਦਾ ਹੈ ਕਿ ਯੂਏਈ ਵਿੱਚ ਓਣਮ ਹੁਣ ਕੇਵਲ ਮਲਿਆਲੀ ਭਾਈਚਾਰੇ ਤੱਕ ਸੀਮਿਤ ਨਹੀਂ ਰਿਹਾ। ਇਹ ਹੁਣ ਇਕ ਅਜਿਹਾ ਸਮਾਰੋਹ ਬਣ ਗਿਆ ਹੈ ਜੋ ਸਾਂਝੇਪਣ, ਇਕੱਠ ਅਤੇ ਭਾਈਚਾਰੇ ਦੀ ਭਾਵਨਾ ਨੂੰ ਮਜ਼ਬੂਤ ਕਰਦਾ ਹੈ। ਤਿਉਹਾਰ ਦੀਆਂ ਰੌਣਕਾਂ ਵਿੱਚ ਹਰ ਕੋਈ ਆਪਣੇ-ਆਪਣੇ ਢੰਗ ਨਾਲ ਸ਼ਾਮਿਲ ਹੋ ਰਿਹਾ ਹੈ—ਕੋਈ ਪਰਿਵਾਰਕ ਮਿਲਾਪ ਰਾਹੀਂ, ਕੋਈ ਦਫ਼ਤਰੀ ਸਮਾਰੋਹ ਰਾਹੀਂ ਤੇ ਕੋਈ ਬੱਚਿਆਂ ਦੀਆਂ ਖ਼ੁਸ਼ੀਆਂ ਰਾਹੀਂ।
ਕੇਰਲ ਦੀ ਧਰਤੀ ਤੋਂ ਹਜ਼ਾਰਾਂ ਕਿਲੋਮੀਟਰ ਦੂਰ ਹੋ ਕੇ ਵੀ, ਯੂਏਈ ਵਿੱਚ ਵੱਸਦੇ ਪਰਵਾਸੀਆਂ ਨੇ ਓਣਮ ਨੂੰ ਇਸ ਤਰ੍ਹਾਂ ਜਿਊਂਦਾ ਕੀਤਾ ਹੈ ਕਿ ਉਹ ਘਰ ਦੀਆਂ ਯਾਦਾਂ ਨਾਲ ਭਰ ਜਾਂਦੇ ਹਨ। ਰਵਾਇਤਾਂ ਤੇ ਸਾਂਝੀ ਖ਼ੁਸ਼ੀਆਂ ਦਾ ਇਹ ਮਿਲਾਪ ਯੂਏਈ ਨੂੰ ਇੱਕ ਵਾਰ ਫਿਰ ਸੰਸਕ੍ਰਿਤਿਕ ਰੰਗਾਂ ਨਾਲ ਭਰਦਾ ਹੈ।