 
                                ਪੰਜਾਬ ਵਿੱਚ ਹੜ੍ਹ ਦਾ ਕਹਿਰ, ਰਾਹਤ ਟੀਮਾਂ ਮੈਦਾਨ ਵਿੱਚ, ਤਿੰਨ ਦਿਨਾਂ ਲਈ ਸਕੂਲਾਂ ਵਿੱਚ ਛੁੱਟੀਆਂ
ਪੰਜਾਬ(ਭਾਰਤ), 26 ਅਗਸਤ- ਪੰਜਾਬ ਵਿੱਚ ਬੇਅੰਤ ਵਰਖਾ ਕਾਰਨ ਦਰਿਆਵਾਂ ਦਾ ਪਾਣੀ ਖਤਰਨਾਕ ਪੱਧਰ ‘ਤੇ ਪਹੁੰਚ ਗਿਆ ਹੈ। ਬਿਆਸ, ਸਤਲੁਜ ਅਤੇ ਰਾਵੀ ਦਰਿਆ ਇਕੱਠੇ ਹੋ ਕੇ ਕਈ ਇਲਾਕਿਆਂ ਲਈ ਕਹਿਰ ਬਣ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਪਹਾੜੀ ਇਲਾਕਿਆਂ ਵਿੱਚ ਹੋ ਰਹੀ ਲਗਾਤਾਰ ਮੀਂਹਬਾਰੀ ਨੇ ਸਥਿਤੀ ਹੋਰ ਗੰਭੀਰ ਕਰ ਦਿੱਤੀ ਹੈ। ਪੌਂਗ, ਭਾਖੜਾ ਅਤੇ ਰਣਜੀਤ ਸਾਗਰ ਡੈਮਾਂ ਤੋਂ ਵਾਧੂ ਪਾਣੀ ਛੱਡਣ ਕਾਰਨ ਦਰਿਆਵਾਂ ਦਾ ਰੁੱਖ ਹੋਰ ਤੇਜ਼ ਹੋ ਗਿਆ ਹੈ ਅਤੇ ਇਸ ਨਾਲ ਨਜ਼ਦੀਕੀ ਜ਼ਿਲ੍ਹਿਆਂ ਦੇ ਪਿੰਡਾਂ ਤੇ ਖੇਤਾਂ ਵਿੱਚ ਪਾਣੀ ਆ ਗਿਆ ਹੈ।
ਜਲੰਧਰ, ਹੁਸ਼ਿਆਰਪੁਰ, ਪਠਾਨਕੋਟ, ਅੰਮ੍ਰਿਤਸਰ, ਗੁਰਦਾਸਪੁਰ, ਫਾਜ਼ਿਲਕਾ ਅਤੇ ਫ਼ਿਰੋਜ਼ਪੁਰ ਦੇ ਕਈ ਸਕੂਲ ਤਿੰਨ ਦਿਨਾਂ ਲਈ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਵੱਲ ਲਿਜਾਣ ਦੀਆਂ ਕਾਰਵਾਈਆਂ ਜਾਰੀ ਹੋ ਰਹੀਆਂ ਹਨ। ਸਰਕਾਰ ਵੱਲੋਂ ਜਲੰਧਰ ਵਿੱਚ ਕੇਂਦਰੀ ਹੜ੍ਹ ਨਿਯੰਤਰਣ ਕੇਂਦਰ ਬਣਾਇਆ ਗਿਆ ਹੈ ਜਿੱਥੋਂ ਸਾਰੇ ਰਾਹਤ ਕੰਮਾਂ ਦੀ ਮਾਨੀਟਰਿੰਗ ਕੀਤੀ ਜਾ ਰਹੀ ਹੈ। ਐਨ. ਡੀ. ਆਰ. ਐਫ. ਅਤੇ ਐਸ. ਡੀ. ਆਰ. ਐਫ. ਦੀਆਂ ਟੀਮਾਂ ਨੂੰ ਵੀ ਪੂਰੀ ਤਾਕਤ ਨਾਲ ਤੈਨਾਤ ਕੀਤਾ ਗਿਆ ਹੈ।
ਮਾਝਾ ਖੇਤਰ, ਜਿਸ ਵਿੱਚ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਸ਼ਾਮਲ ਹਨ, ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਰਾਵੀ, ਊਝ ਅਤੇ ਚੱਕੀ ਵਰਗੀਆਂ ਛੋਟੀਆਂ-ਵੱਡੀਆਂ ਨਦੀਆਂ ਆਪਣੀ ਹੱਦ ਤੋਂ ਵੱਧ ਵਗ ਰਹੀਆਂ ਹਨ। ਸ਼ਾਹਪੁਰਕੰਡੀ ਨੇੜੇ ਰਾਵੀ ਦਾ ਪੱਧਰ ਚੜ੍ਹ ਗਿਆ ਜਿਸ ਨਾਲ ਇੱਕ ਗੁੱਜਰ ਪਰਿਵਾਰ ਦਰਿਆਈ ਪਾਣੀ ਵਿੱਚ ਫਸ ਗਿਆ। ਪ੍ਰਸ਼ਾਸਨ ਅਤੇ ਰਾਹਤ ਦਲਾਂ ਨੇ ਉਨ੍ਹਾਂ ਨੂੰ ਸੁਰੱਖਿਅਤ ਬਚਾ ਕੇ ਮੈਡੀਕਲ ਸਹਾਇਤਾ ਮੁਹੱਈਆ ਕਰਵਾਈ।
ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਵਿੱਚ ਰਣਜੀਤ ਸਾਗਰ ਡੈਮ ਤੋਂ ਛੱਡਿਆ ਪਾਣੀ ਫਸਲਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਗਿਆ। ਸਰਪੰਚਾਂ ਦਾ ਕਹਿਣਾ ਹੈ ਕਿ ਪਿੰਡਾਂ ਦੇ ਮਾਲ-ਪਸ਼ੂਆਂ ਦਾ ਚਾਰਾ ਵੀ ਪਾਣੀ ਹੇਠਾਂ ਚਲਾ ਗਿਆ ਹੈ। ਇਸੇ ਤਰ੍ਹਾਂ ਤਰਨ ਤਾਰਨ ਵਿੱਚ ਹਰੀਕੇ ਹੈੱਡ ਵਰਕਸ ਦੇ ਨੇੜੇ ਬੰਨ੍ਹ ਲਗਾਤਾਰ ਕੱਟਦਾ ਜਾ ਰਿਹਾ ਹੈ। ਸੇਵਾ ਸੰਸਥਾਵਾਂ ਅਤੇ ਨੌਜਵਾਨ ਦਿਨ-ਰਾਤ ਬੰਨ੍ਹ ਬਚਾਉਣ ਵਿੱਚ ਜੁੱਟੇ ਹੋਏ ਹਨ, ਪਰ ਪਾਣੀ ਦਾ ਦਬਾਅ ਰੁਕਣ ਦਾ ਨਾਮ ਨਹੀਂ ਲੈ ਰਿਹਾ।
ਫਾਜ਼ਿਲਕਾ ਵਿੱਚ ਸਤਲੁਜ ਦੀਆਂ ਲਹਿਰਾਂ ਹੋਰ ਖਤਰਨਾਕ ਬਣਦੀਆਂ ਜਾ ਰਹੀਆਂ ਹਨ। ਕਈ ਪਿੰਡਾਂ ਵਿੱਚ ਲੋਕ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਵੱਲ ਰੁਖ ਕਰ ਰਹੇ ਹਨ। ਪ੍ਰਸ਼ਾਸਨ ਵੱਲੋਂ ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਨੂੰ ਪਹਿਲ ਦੇਣ ਲਈ ਕਿਹਾ ਗਿਆ ਹੈ। ਫ਼ਿਰੋਜ਼ਪੁਰ ਜ਼ਿਲ੍ਹੇ ਦੇ 30 ਤੋਂ ਵੱਧ ਪਿੰਡ ਪੂਰੀ ਤਰ੍ਹਾਂ ਪਾਣੀ ਵਿੱਚ ਘਿਰ ਗਏ ਹਨ। ਕਾਲੂਵਾਲਾ ਪਿੰਡ ਤਾਂ ਇਕ ਟਾਪੂ ਬਣ ਗਿਆ ਹੈ ਜਿੱਥੇ ਲੋਕਾਂ ਨੂੰ ਬਚਾਉਣ ਲਈ ਕਿਸ਼ਤੀਆਂ ਅਤੇ ਟ੍ਰੈਕਟਰ ਵਰਤੇ ਜਾ ਰਹੇ ਹਨ।
ਕਪੂਰਥਲਾ ਵਿੱਚ ਬਿਆਸ ਦਰਿਆ ਦਾ ਪਾਣੀ ਸਭ ਤੋਂ ਵੱਧ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਮੰਡ ਖੇਤਰ ਵਿੱਚ ਪਾਣੀ ਪੰਜ ਤੋਂ ਛੇ ਫੁੱਟ ਤਕ ਚੜ੍ਹ ਗਿਆ ਹੈ। ਖੇਤਾਂ ਵਿੱਚ ਖੜ੍ਹੀਆਂ ਦੀ ਫ਼ਸਲਾਂ ਲਗਭਗ ਪੂਰੀ ਤਰ੍ਹਾਂ ਖ਼ਰਾਬ ਹੋ ਗਈਆਂ ਹਨ। ਕਿਸਾਨਾਂ ਦੇ ਘਰਾਂ ਵਿੱਚ ਵੀ ਪਾਣੀ ਦਾਖਲ ਹੋ ਗਿਆ ਹੈ। ਕਈ ਪਰਿਵਾਰ ਆਪਣੇ ਘਰੇਲੂ ਸਾਮਾਨ ਸਮੇਤ ਉੱਚੀਆਂ ਥਾਵਾਂ ਵੱਲ ਜਾਣ ਲਈ ਮਜਬੂਰ ਹੋਏ ਹਨ।
ਹੁਸ਼ਿਆਰਪੁਰ ਵਿੱਚ ਬਿਆਸ ਦੇ ਪਾਣੀ ਨਾਲ ਕਈ ਪਿੰਡ ਡੁੱਬ ਗਏ ਹਨ। ਤਲਵਾੜਾ ਖੇਤਰ ਵਿੱਚ ਬੱਦਲ ਫਟਣ ਕਾਰਨ ਵੱਡਾ ਪਾਣੀ ਇੱਕੋ ਵਾਰ ਵਿੱਚ ਆ ਗਿਆ। ਪੁਰਾਣਾ ਭੰਗਾਲਾ ਪਿੰਡ ਵਿੱਚ ਇਕ ਮਿੱਟੀ ਦਾ ਘਰ ਡਿੱਗਣ ਨਾਲ ਇਕ ਔਰਤ ਦੀ ਮੌਤ ਹੋ ਗਈ। ਕਈ ਸੜਕਾਂ ਟੁੱਟਣ ਕਾਰਨ ਆਵਾਜਾਈ ਠੱਪ ਹੋ ਚੁੱਕੀ ਹੈ।
ਹਰੇਕ ਇਲਾਕੇ ਵਿੱਚ ਰਾਹਤ ਕੈਂਪ ਲਗਾ ਕੇ ਪੀੜਤਾਂ ਨੂੰ ਖਾਣ-ਪੀਣ ਅਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਡਾਕਟਰੀ ਟੀਮਾਂ ਬਿਮਾਰੀਆਂ ਦੇ ਫੈਲਾਅ ਤੋਂ ਬਚਾਉਣ ਲਈ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ। ਵੱਡੀ ਗਿਣਤੀ ਵਿੱਚ ਬਿਜਲੀ ਸਪਲਾਈ ਅਤੇ ਟੈਲੀਫ਼ੋਨ ਲਾਈਨਾਂ ਵੀ ਪ੍ਰਭਾਵਿਤ ਹੋਈਆਂ ਹਨ ਜਿਸ ਨਾਲ ਲੋਕਾਂ ਨੂੰ ਸੰਪਰਕ ਕਰਨ ਵਿੱਚ ਮੁਸ਼ਕਲਾਂ ਆ ਰਹੀਆਂ ਹਨ।
ਪੰਜਾਬ ਵਿੱਚ ਇਹ ਹੜ੍ਹ ਸਿਰਫ਼ ਕੁਦਰਤੀ ਆਫ਼ਤ ਨਹੀਂ, ਸਗੋਂ ਖੇਤੀਬਾੜੀ ਲਈ ਵੀ ਵੱਡੀ ਚੁਣੌਤੀ ਬਣੀ ਹੋਈ ਹੈ। ਖੇਤਾਂ ਵਿੱਚ ਫਸਲ ਦੇ ਨਸ਼ਟ ਹੋਣ ਨਾਲ ਕਿਸਾਨਾਂ ਦੀ ਸਾਲ ਭਰ ਦੀ ਕਮਾਈ ਹੱਥੋਂ ਨਿਕਲ ਗਈ ਹੈ। ਪਸ਼ੂਆਂ ਦੀ ਮੌਤ ਅਤੇ ਚਾਰੇ ਦੀ ਕਮੀ ਨੇ ਹਾਲਾਤ ਹੋਰ ਗੰਭੀਰ ਕਰ ਦਿੱਤੇ ਹਨ। ਸਰਕਾਰ ਵੱਲੋਂ ਨੁਕਸਾਨ ਦੀ ਭਰਪਾਈ ਕਰਨ ਦਾ ਭਰੋਸਾ ਦਿੱਤਾ ਗਿਆ ਹੈ, ਪਰ ਪਿੰਡਾਂ ਦੇ ਲੋਕਾਂ ਦਾ ਕਹਿਣਾ ਹੈ ਕਿ ਮੁੜ ਘਰ ਤੇ ਖੇਤ ਵਸਾਉਣਾ ਆਸਾਨ ਨਹੀਂ।
ਇਹ ਸਥਿਤੀ ਦਰਸਾਉਂਦੀ ਹੈ ਕਿ ਪਾਣੀ ਦੇ ਸਰੋਤਾਂ ਦੀ ਸੰਭਾਲ ਅਤੇ ਪ੍ਰਬੰਧਨ ਵਿੱਚ ਹੋਰ ਸੁਧਾਰ ਲਿਆਉਣ ਦੀ ਬਹੁਤ ਲੋੜ ਹੈ। ਜਦੋਂ ਤੱਕ ਦਰਿਆਵਾਂ ਦੇ ਕਿਨਾਰਿਆਂ ਤੇ ਮਜ਼ਬੂਤ ਬੰਨ੍ਹ ਅਤੇ ਵਧੀਆ ਡ੍ਰੇਨੇਜ ਪ੍ਰਣਾਲੀਆਂ ਨਹੀਂ ਬਣਾਈਆਂ ਜਾਂਦੀਆਂ, ਤਦ ਤੱਕ ਹਰ ਸਾਲ ਪਾਣੀ ਦੀ ਇਹ ਤਬਾਹੀ ਪੰਜਾਬ ਦੇ ਲੋਕਾਂ ਦਾ ਪਿੱਛਾ ਨਹੀਂ ਛੱਡੇਗੀ।
 
                         
        
             
        
             
        
             
        
             
        
             
        
             
        
 
        
 
        
 
        
 
        
 
        
                                        
                                     
        
 
        
 
        
 
        
