ਗਲੋਬਲ ਵਿਲੇਜ ਦਾ 30ਵਾਂ ਸੀਜ਼ਨ: ਦੁਬਈ ਦੇ ਮਨੋਰੰਜਨ ਦਾ ਨਵਾਂ ਚੈਪਟਰ ਕਦੋਂ ਖੁੱਲ ਰਿਹਾ ਹੈ?

ਗਲੋਬਲ ਵਿਲੇਜ ਦਾ 30ਵਾਂ ਸੀਜ਼ਨ: ਦੁਬਈ ਦੇ ਮਨੋਰੰਜਨ ਦਾ ਨਵਾਂ ਚੈਪਟਰ ਕਦੋਂ ਖੁੱਲ ਰਿਹਾ ਹੈ?

ਦੁਬਈ, 26 ਅਗਸਤ- ਦੁਬਈ ਦੇ ਸਭ ਤੋਂ ਮਸ਼ਹੂਰ ਆਊਟਡੋਰ ਮੇਲਿਆ ਵਿੱਚੋਂ ਇੱਕ ਗਲੋਬਲ ਵਿਲੇਜ ਆਪਣੇ 30ਵੇਂ ਸੀਜ਼ਨ ਦੀ ਤਿਆਰੀ ਕਰ ਰਿਹਾ ਹੈ ਅਤੇ ਇਸ ਵਾਰ ਦਾ ਉਤਸਾਹ ਪਹਿਲਾਂ ਨਾਲੋਂ ਕਈ ਗੁਣਾ ਵੱਧ ਦਿਖਾਈ ਦੇ ਰਿਹਾ ਹੈ। ਪਿਛਲਾ ਸੀਜ਼ਨ ਖ਼ਾਸ ਸਫਲ ਰਿਹਾ ਸੀ ਜਿਸ ਵਿੱਚ ਲਗਭਗ ਸਵਾ ਦੱਸ ਮਿਲੀਅਨ ਲੋਕਾਂ ਨੇ ਦੌਰਾ ਕੀਤਾ ਸੀ। ਵੱਖ-ਵੱਖ ਦੇਸ਼ਾਂ ਦੇ ਪੈਵਿਲੀਅਨ, ਹਜ਼ਾਰਾਂ ਦੁਕਾਨਾਂ, ਰਾਈਡਾਂ ਅਤੇ ਖਾਣ-ਪੀਣ ਦੀਆਂ ਬੇਅੰਤ ਚੋਣਾਂ ਨੇ ਇਸ ਮੇਲੇ ਨੂੰ ਦੁਨੀਆ ਭਰ ਦੇ ਲੋਕਾਂ ਲਈ ਖ਼ਾਸ ਬਣਾਇਆ। ਹੁਣ 2025-2026 ਦਾ ਸੀਜ਼ਨ ਇਸ ਗੱਲ ਲਈ ਵੀ ਮਹੱਤਵਪੂਰਨ ਹੈ ਕਿ ਗਲੋਬਲ ਵਿਲੇਜ ਨੂੰ ਦੁਬਈਲੈਂਡ ਵਿੱਚ ਆਪਣਾ ਸਥਾਈ ਘਰ ਬਣਾਏ ਵੀ ਵੀਹ ਸਾਲ ਪੂਰੇ ਹੋ ਰਹੇ ਹਨ।

 

ਇਸ ਯਾਤਰਾ ਦੀ ਸ਼ੁਰੂਆਤ 1997 ਵਿੱਚ ਸਿਰਫ ਕੁਝ ਕਿਓਸਕਾਂ ਨਾਲ ਹੋਈ ਸੀ ਜਿੱਥੇ ਕੁਝ ਹੀ ਦੇਸ਼ਾਂ ਦੀ ਨੁਮਾਇੰਦਗੀ ਸੀ। ਉਹ ਛੋਟਾ ਜਿਹਾ ਪ੍ਰੋਗਰਾਮ ਵੇਲੇ ਦੇ ਨਾਲ ਇੰਨਾ ਵੱਡਾ ਬਣ ਗਿਆ ਕਿ ਅੱਜ ਇਹ 17 ਮਿਲੀਅਨ ਵਰਗ ਫੁੱਟ ਖੇਤਰ ਵਿੱਚ ਫੈਲਿਆ ਹੋਇਆ ਹੈ ਅਤੇ ਸਾਲ ਦਰ ਸਾਲ ਦੁਬਈ ਦੇ ਟੂਰਿਜ਼ਮ ਦੀ ਸ਼ਾਨ ਬਣ ਰਿਹਾ ਹੈ। 2005 ਵਿੱਚ ਜਦੋਂ ਇਹ ਆਪਣੀ ਮੌਜੂਦਾ ਜਗ੍ਹਾ ਤੇ ਸਥਾਪਿਤ ਹੋਇਆ ਤਾਂ ਕਿਸੇ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਇੱਕ ਦਿਨ ਇਹ ਮੇਲਾ ਗਲੋਬਲ ਪੱਧਰ ‘ਤੇ ਇੰਨਾ ਪ੍ਰਸਿੱਧ ਹੋ ਜਾਵੇਗਾ।

 

ਹਾਲਾਂਕਿ ਓਫੀਸ਼ੀਅਲੀ ਤਰੀਕ ਅਜੇ ਐਲਾਨੀ ਨਹੀਂ ਗਈ, ਪਰ ਗਲੋਬਲ ਵਿਲੇਜ ਦੀ ਵੈਬਸਾਈਟ ਤੇ ਦਿੱਤੀ ਜਾਣਕਾਰੀ ਮੁਤਾਬਕ ਅਕਤੂਬਰ 2025 ਤੋਂ ਮਈ 2026 ਤੱਕ ਦਾ ਸੀਜ਼ਨ ਰਹੇਗਾ। ਇਹ ਵੀ ਪਿਛਲੇ ਸਾਲਾਂ ਵਾਂਗ ਹੀ ਹੈ, ਜਦੋਂ ਦਰਵਾਜ਼ੇ ਅਕਤੂਬਰ ਦੇ ਮੱਧ ਵਿੱਚ ਖੁੱਲੇ ਸਨ। ਦੁਬਈ ਦੇ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਇਹ ਸਮਾਂ ਸਭ ਤੋਂ ਸੁਹਾਵਣਾ ਮੰਨਿਆ ਜਾਂਦਾ ਹੈ ਕਿਉਂਕਿ ਇਸ ਦੌਰਾਨ ਪਰਿਵਾਰ ਆਰਾਮ ਨਾਲ ਬਾਹਰਲੇ ਵਾਤਾਵਰਨ ਵਿੱਚ ਨਿਕਲ ਸਕਦੇ ਹਨ।

 

ਆਉਣ ਵਾਲੇ ਸੀਜ਼ਨ ਤੋਂ ਬਹੁਤੀਆਂ ਉਮੀਦਾਂ ਜੁੜੀਆਂ ਹੋਈਆਂ ਹਨ। ਖ਼ਬਰਾਂ ਮੁਤਾਬਕ ਨਵੇਂ ਫੂਡ ਸਟਾਲਾਂ, ਅੰਤਰਰਾਸ਼ਟਰੀ ਲਾਈਵ ਪਰਫਾਰਮੈਂਸ ਅਤੇ ਰੋਮਾਂਚਕ ਰਾਈਡਾਂ ਦਾ ਸ਼ਾਮਲ ਹੋਣਾ ਪੱਕਾ ਹੈ। ਬੱਚਿਆਂ ਲਈ ਖੇਡਾਂ, ਪਰਿਵਾਰਾਂ ਲਈ ਖਰੀਦਦਾਰੀ ਅਤੇ ਯਾਦਗਾਰ ਸੱਭਿਆਚਾਰਕ ਤਜਰਬੇ ਸਭ ਨੂੰ ਇੱਕ ਛੱਤ ਹੇਠਾਂ ਮਿਲਣਗੇ। ਇਸੇ ਨਾਲ, ਕਾਰੋਬਾਰੀਆਂ ਲਈ ਵੀ ਨਵੇਂ ਮੌਕੇ ਖੁੱਲ੍ਹ ਰਹੇ ਹਨ ਕਿਉਂਕਿ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ। ਜੋ ਵੀ ਉਦਯੋਗਪਤੀ ਜਾਂ ਛੋਟੇ ਕਾਰੋਬਾਰੀ ਆਪਣਾ ਬ੍ਰਾਂਡ ਅੰਤਰਰਾਸ਼ਟਰੀ ਮੰਚ ‘ਤੇ ਪੇਸ਼ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਇਹ ਮੌਕਾ ਬੇਮਿਸਾਲ ਹੈ।

 

ਗਲੋਬਲ ਵਿਲੇਜ ਸਿਰਫ ਮਨੋਰੰਜਨ ਦਾ ਕੇਂਦਰ ਨਹੀਂ ਹੈ, ਇਹ ਵੱਖ-ਵੱਖ ਦੇਸ਼ਾਂ ਦੀ ਸੱਭਿਆਚਾਰਕ ਵਿਰਾਸਤ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦਾ ਮੰਚ ਹੈ। ਇੱਥੇ ਯੂਰਪ ਤੋਂ ਲੈ ਕੇ ਏਸ਼ੀਆ, ਅਫ਼ਰੀਕਾ ਤੋਂ ਲੈ ਕੇ ਅਮਰੀਕਾ ਤੱਕ ਦੇ ਲੋਕ ਆਪਣੀਆਂ ਰਿਵਾਇਤਾਂ ਅਤੇ ਖਾਸ ਆਰਟ ਪੇਸ਼ ਕਰਦੇ ਹਨ। ਇੱਥੇ ਆਉਣ ਵਾਲਾ ਹਰ ਵਿਅਕਤੀ ਨਾ ਸਿਰਫ਼ ਖਰੀਦਦਾਰੀ ਅਤੇ ਖਾਣ-ਪੀਣ ਦਾ ਮਜ਼ਾ ਲੈਂਦਾ ਹੈ, ਸਗੋਂ ਵੱਖ-ਵੱਖ ਕੌਮਾਂ ਦੇ ਰੰਗ-ਰੂਪ ਨਾਲ ਵੀ ਜਾਣੂ ਹੁੰਦਾ ਹੈ।

 

ਜਿਵੇਂ ਹੀ 30ਵੇਂ ਸੀਜ਼ਨ ਦੀ ਗਿਣਤੀ ਸ਼ੁਰੂ ਹੋਈ ਹੈ, ਲੋਕਾਂ ਵਿੱਚ ਉਤਸਾਹ ਤੇਜ਼ੀ ਨਾਲ ਵੱਧ ਰਿਹਾ ਹੈ। ਸੋਸ਼ਲ ਮੀਡੀਆ ‘ਤੇ ਕਈ ਲੋਕ ਨਵੇਂ ਪੈਵਿਲੀਅਨਾਂ ਅਤੇ ਐਟਰੈਕਸ਼ਨਾਂ ਬਾਰੇ ਅਨੁਮਾਨ ਲਗਾ ਰਹੇ ਹਨ। ਕੁਝ ਲੋਕ ਵੱਖ-ਵੱਖ ਖਾਣਿਆਂ ਲਈ ਉਡੀਕ ਕਰ ਰਹੇ ਹਨ ਤਾਂ ਕੁਝ ਨਵੀਆਂ ਰਾਈਡਾਂ ਦੀਆਂ ਖ਼ਬਰਾਂ ਸੁਣਨ ਨੂੰ ਬੇਤਾਬ ਹਨ। ਇੱਕ ਗੱਲ ਸਪਸ਼ਟ ਹੈ ਕਿ ਗਲੋਬਲ ਵਿਲੇਜ ਦਾ ਇਹ ਸੀਜ਼ਨ ਹੋਰ ਵੀ ਵਿਸ਼ੇਸ਼ ਹੋਣ ਵਾਲਾ ਹੈ ਜੋ ਦੁਬਈ ਦੀ ਸ਼ਾਨ ਵਿੱਚ ਨਵਾਂ ਰੰਗ ਜੋੜੇਗਾ।