ਲਖਨਊ: ਲਖਨਊ ਵਿੱਚ ਹੋਏ ਭਿਆਨਕ ਕੋਚਿੰਗ ਸੈਂਟਰ ਅੱਗ ਕਾਂਡ ਨੇ ਸਭ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਜ਼ਿਆਦਾਤਰ ਵਿਦਿਆਰਥੀ ਸਨ। ਕਈ ਹੋਰ ਲੋਕ ਜ਼ਖਮੀ ਹਨ, ਜਿਨ੍ਹਾਂ ਦਾ ਇਲਾਜ ਹਸਪਤਾਲਾਂ ਵਿੱਚ ਚੱਲ ਰਿਹਾ ਹੈ।
ਹਾਦਸੇ ਤੋਂ ਬਾਅਦ ਸਰਕਾਰ ਨੇ ਸਖ਼ਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਸ਼ੁਰੂਆਤੀ ਜਾਂਚ ਵਿੱਚ ਲਾਪਰਵਾਹੀ ਸਾਹਮਣੇ ਆਉਣ ਤੋਂ ਬਾਅਦ 4 ਸਰਕਾਰੀ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਅਧਿਕਾਰੀ ਫਾਇਰ ਸੇਫਟੀ ਅਤੇ ਹੋਰ ਵਿਭਾਗਾਂ ਨਾਲ ਜੁੜੇ ਹੋਏ ਸਨ।
ਇਸ ਦੇ ਨਾਲ ਹੀ ਇਮਾਰਤ ਦੇ ਮਾਲਕਾਂ ਅਤੇ ਸੰਬੰਧਿਤ ਲੋਕਾਂ ਵਿੱਚੋਂ 4 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਾਂਚ ਵਿੱਚ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਕਿਵੇਂ ਇਹ ਕੋਚਿੰਗ ਸੈਂਟਰ ਬਿਨਾਂ ਠੀਕ ਸੁਰੱਖਿਆ ਇੰਤਜ਼ਾਮਾਂ ਦੇ ਚੱਲ ਰਿਹਾ ਸੀ।
ਮੁੱਖ ਮੰਤਰੀ ਦੇ ਹੁਕਮਾਂ ‘ਤੇ ਇੱਕ ਖਾਸ ਜਾਂਚ ਟੀਮ ਬਣਾਈ ਗਈ ਹੈ, ਜੋ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਫੋਰੈਂਸਿਕ ਟੀਮ ਵੀ ਮੌਕੇ ‘ਤੇ ਜਾ ਕੇ ਅੱਗ ਲੱਗਣ ਦੇ ਅਸਲੀ ਕਾਰਣ ਪਤਾ ਕਰਨ ਵਿੱਚ ਲੱਗੀ ਹੋਈ ਹੈ।
ਹਾਦਸੇ ਦੌਰਾਨ ਮੌਕੇ ‘ਤੇ ਮੌਜੂਦ ਲੋਕਾਂ ਨੇ ਦੱਸਿਆ ਕਿ , ਅੱਗ ਬਹੁਤ ਤੇਜ਼ੀ ਨਾਲ ਫੈਲੀ, ਜਿਸ ਕਰਕੇ ਕਈ ਵਿਦਿਆਰਥੀਆਂ ਨੂੰ ਆਪਣੀ ਜਾਨ ਬਚਾਉਣ ਲਈ ਖਿੜਕੀਆਂ ਤੋਂ ਛਾਲਾਂ ਮਾਰਣੀਆਂ ਪਈਆਂ। ਇਮਾਰਤ ਵਿੱਚ ਧੂੰਆਂ ਭਰ ਜਾਣ ਨਾਲ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਸੀ।
ਹੁਣ ਇਹ ਵੀ ਜਾਂਚ ਹੋ ਰਹੀ ਹੈ ਕਿ ਕੀ ਇਮਾਰਤ ਵਿੱਚ ਫਾਇਰ ਸੇਫਟੀ ਦੇ ਠੀਕ ਇੰਤਜ਼ਾਮ ਸਨ ਜਾਂ ਨਹੀਂ। ਇਸ ਘਟਨਾ ਤੋਂ ਬਾਅਦ ਕਈ ਥਾਵਾਂ ‘ਤੇ ਕੋਚਿੰਗ ਸੈਂਟਰਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਦਰਦਨਾਕ ਹਾਦਸਾ ਫਿਰ ਇੱਕ ਵਾਰ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜੇ ਕਰਦਾ ਹੈ। ਲੋਕ ਹੁਣ ਜਾਂਚ ਦੇ ਨਤੀਜਿਆਂ ਦੀ ਉਡੀਕ ਕਰ ਰਹੇ ਨੇ, ਤਾਂ ਜੋ ਪਤਾ ਲੱਗ ਸਕੇ ਕਿ ਇਸ ਹਾਦਸੇ ਲਈ ਜ਼ਿੰਮੇਵਾਰ ਕੌਣ ਹੈ।








