Gulf Akashbani

Saturday, June 27, 2026 2:50 AM

ਸ਼ੁੱਕਰਵਾਰ, ੧੨ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਦੁਬਈ / ਏਅਰਬਸ A380 ਦੇ ਪੰਖਿਆ ਵਿੱਚ ਦਰਾਰਾਂ ਦੀ ਚਿੰਤਾ, ਐਮਿਰੇਟਸ ਨੇ ਸ਼ੁਰੂ ਕੀਤੀ ਸੁਰੱਖਿਆ ਜਾਂਚ

ਏਅਰਬਸ A380 ਦੇ ਪੰਖਿਆ ਵਿੱਚ ਦਰਾਰਾਂ ਦੀ ਚਿੰਤਾ, ਐਮਿਰੇਟਸ ਨੇ ਸ਼ੁਰੂ ਕੀਤੀ ਸੁਰੱਖਿਆ ਜਾਂਚ

ਦੁਬਈ: ਦੁਬਈ ਦੀ ਮਸ਼ਹੂਰ ਏਅਰਲਾਈਨ ਐਮਿਰੇਟਸ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਏਅਰਬਸ A380 ਜਹਾਜ਼ਾਂ ਦੀ ਤੁਰੰਤ ਜਾਂਚ ਕਰੇਗੀ। ਇਹ ਫੈਸਲਾ ਉਸ ਵੇਲੇ ਲਿਆ ਗਿਆ ਜਦੋਂ ਜਹਾਜ਼ ਬਣਾਉਣ ਵਾਲੀ ਕੰਪਨੀ ਏਅਰਬਸ ਅਤੇ ਯੂਰਪ ਦੀ ਹਵਾਈ ਸੁਰੱਖਿਆ ਏਜੰਸੀ EASA (ਯੂਰਪੀਅਨ ਯੂਨੀਅਨ ਏਵੀਏਸ਼ਨ ਸੇਫਟੀ ਏਜੰਸੀ) ਨੇ ਕੁਝ A380 ਜਹਾਜ਼ਾਂ ਦੇ ਪੰਖਿਆ ਦੇ ਇੱਕ ਅਹਿਮ ਹਿੱਸੇ ਵਿੱਚ ਦਰਾਰਾਂ ਮਿਲਣ ਤੋਂ ਬਾਅਦ ਸੁਰੱਖਿਆ ਜਾਂਚ ਦੇ ਹੁਕਮ ਜਾਰੀ ਕੀਤੇ।

EASA ਨੇ ਕੁੱਲ 16 ਏਅਰਬਸ A380 ਜਹਾਜ਼ਾਂ ਦੀ ਜਾਂਚ ਕਰਨ ਲਈ ਕਿਹਾ ਹੈ। ਇਨ੍ਹਾਂ ਵਿੱਚੋਂ 15 ਜਹਾਜ਼ ਐਮਿਰੇਟਸ ਦੇ ਹਨ, ਜਦਕਿ 1 ਜਹਾਜ਼ ਆਸਟ੍ਰੇਲੀਆ ਦੀ ਕਵਾਂਟਾਸ (Qantas) ਏਅਰਲਾਈਨ ਦਾ ਹੈ। ਇਨ੍ਹਾਂ 16 ਜਹਾਜ਼ਾਂ ਵਿੱਚੋਂ ਐਮਿਰੇਟਸ ਦੇ 5 ਜਹਾਜ਼ਾਂ ਦੀ ਜਾਂਚ ਅਗਲੀ ਉਡਾਣ ਤੋਂ ਪਹਿਲਾਂ ਕਰਨੀ ਲਾਜ਼ਮੀ ਹੋਵੇਗੀ, ਜਦਕਿ ਬਾਕੀ 11 ਜਹਾਜ਼ਾਂ ਦੀ ਜਾਂਚ ਅਗਲੇ 25 ਫਲਾਈਟ  ਚੱਕਰਾਂ ਦੇ ਅੰਦਰ ਪੂਰੀ ਕਰਨੀ ਹੋਵੇਗੀ।

ਦਰਾਰਾਂ ਜਹਾਜ਼ ਦੇ ਪੰਖਿਆ ਦੇ ਅੰਦਰਲੇ ਹਿੱਸੇ ਵਿੰਗ ਸਪਾਰ (Wing Spar) ਵਿੱਚ ਮਿਲੀਆਂ ਹਨ। ਇਹ ਹਿੱਸਾ ਜਹਾਜ਼ ਦੇ ਪੰਖਿਆ ਨੂੰ ਮਜ਼ਬੂਤੀ ਦਿੰਦਾ ਹੈ ਅਤੇ ਉਡਾਣ ਦੌਰਾਨ ਪੈਣ ਵਾਲੇ ਭਾਰ ਨੂੰ ਸੰਭਾਲਦਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਸ ਹਿੱਸੇ ਵਿੱਚ ਨੁਕਸ ਵੱਧ ਜਾਵੇ ਤਾਂ ਜਹਾਜ਼ ਦੀ ਬਣਤਰ ਅਤੇ ਸੁਰੱਖਿਆ ਪ੍ਰਭਾਵਿਤ ਹੋ ਸਕਦੀ ਹੈ। ਹਾਲਾਂਕਿ ਹੁਣ ਤੱਕ ਉਡਾਣ ਦੌਰਾਨ ਇਸ ਕਾਰਨ ਕੋਈ ਹਾਦਸਾ ਜਾਂ ਗੰਭੀਰ ਘਟਨਾ ਸਾਹਮਣੇ ਨਹੀਂ ਆਈ। ਇਹ ਦਰਾਰਾਂ ਨਿਯਮਿਤ ਜਾਂਚ ਦੌਰਾਨ ਸਾਹਮਣੇ ਆਈਆਂ ਹਨ।

ਐਮਿਰੇਟਸ ਨੇ ਕਿਹਾ ਹੈ ਕਿ ਉਹ ਅਗਲੇ 48 ਘੰਟਿਆਂ ਵਿੱਚ ਪ੍ਰਭਾਵਿਤ ਜਹਾਜ਼ਾਂ ਦੀ ਜਾਂਚ ਸ਼ੁਰੂ ਕਰ ਦੇਵੇਗੀ। ਜੇ ਕਿਸੇ ਜਹਾਜ਼ ਵਿੱਚ ਮੁਰੰਮਤ ਦੀ ਲੋੜ ਪਈ ਤਾਂ ਉਸ ਨੂੰ ਪੂਰੀ ਤਰ੍ਹਾਂ ਠੀਕ ਕੀਤੇ ਬਿਨਾਂ ਦੁਬਾਰਾ ਸੇਵਾ ਵਿੱਚ ਨਹੀਂ ਲਿਆਂਦਾ ਜਾਵੇਗਾ। ਕੰਪਨੀ ਨੇ ਕਿਹਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਉਹਨਾਂ ਦੀ ਸਭ ਤੋਂ ਵੱਡੀ ਤਰਜੀਹ ਹੈ ਅਤੇ ਜਾਂਚ ਤੇ ਮੁਰੰਮਤ ਦਾ ਕੰਮ ਇਸ ਤਰੀਕੇ ਨਾਲ ਕੀਤਾ ਜਾਵੇਗਾ ਕਿ ਉਡਾਣਾਂ ‘ਤੇ ਘੱਟ ਤੋਂ ਘੱਟ ਅਸਰ ਪਵੇ।

ਏਅਰਬਸ ਨੇ ਵੀ ਕਿਹਾ ਹੈ ਕਿ ਉਹ ਐਮਿਰੇਟਸ ਅਤੇ ਹੋਰ ਏਅਰਲਾਈਨਾਂ ਨਾਲ ਮਿਲ ਕੇ ਇਸ ਜਾਂਚ ਵਿੱਚ ਪੂਰਾ ਸਹਿਯੋਗ ਕਰ ਰਹੀ ਹੈ। ਜਾਂਚ ਦੇ ਨਤੀਜਿਆਂ ਤੋਂ ਬਾਅਦ ਇਹ ਤੈਅ ਕੀਤਾ ਜਾਵੇਗਾ ਕਿ ਕਿਹੜੇ ਜਹਾਜ਼ਾਂ ਵਿੱਚ ਮੁਰੰਮਤ ਦੀ ਲੋੜ ਹੈ ਅਤੇ ਕਿਹੜੇ ਜਹਾਜ਼ ਸੁਰੱਖਿਅਤ ਤਰੀਕੇ ਨਾਲ ਦੁਬਾਰਾ ਉਡਾਣ ਭਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਏਅਰਬਸ A380 ਦੁਨੀਆ ਦਾ ਸਭ ਤੋਂ ਵੱਡਾ ਯਾਤਰੀ ਜਹਾਜ਼ ਹੈ। ਇਸ ਨੇ ਪਹਿਲੀ ਵਾਰ 2007 ਵਿੱਚ ਵਪਾਰਕ ਉਡਾਣ ਸ਼ੁਰੂ ਕੀਤੀ ਸੀ। ਬਾਅਦ ਵਿੱਚ ਮੰਗ ਘੱਟ ਹੋਣ ਕਾਰਨ ਏਅਰਬਸ ਨੇ 2021 ਵਿੱਚ ਇਸ ਜਹਾਜ਼ ਦਾ ਉਤਪਾਦਨ ਬੰਦ ਕਰ ਦਿੱਤਾ ਸੀ। ਇਸ ਦੇ ਬਾਵਜੂਦ ਐਮਿਰੇਟਸ ਅੱਜ ਵੀ ਦੁਨੀਆ ਵਿੱਚ A380 ਜਹਾਜ਼ਾਂ ਦੀ ਸਭ ਤੋਂ ਵੱਡੀ ਆਪਰੇਟਰ ਹੈ ਅਤੇ ਲੰਬੀ ਦੂਰੀ ਦੀਆਂ ਕਈ ਅੰਤਰਰਾਸ਼ਟਰੀ ਉਡਾਣਾਂ ਲਈ ਇਨ੍ਹਾਂ ਜਹਾਜ਼ਾਂ ਦੀ ਵਰਤੋਂ ਕਰਦੀ ਹੈ।

ਇਹ ਪਹਿਲੀ ਵਾਰ ਨਹੀਂ ਹੈ ਕਿ A380 ਜਹਾਜ਼ਾਂ ਦੇ ਪੰਖਿਆ ਨਾਲ ਜੁੜੀ ਕੋਈ ਤਕਨੀਕੀ ਸਮੱਸਿਆ ਸਾਹਮਣੇ ਆਈ ਹੋਵੇ। ਇਸ ਤੋਂ ਪਹਿਲਾਂ 2012 ਵਿੱਚ ਵੀ ਕੁਝ A380 ਜਹਾਜ਼ਾਂ ਦੇ ਪੰਖਿਆ ਵਿੱਚ ਦਰਾਰਾਂ ਮਿਲਣ ਤੋਂ ਬਾਅਦ ਵੱਡੇ ਪੱਧਰ ‘ਤੇ ਜਾਂਚ ਕੀਤੀ ਗਈ ਸੀ। ਉਸ ਸਮੇਂ ਲੋੜੀਂਦੀ ਮੁਰੰਮਤ ਅਤੇ ਸੁਧਾਰ ਕਰਨ ਤੋਂ ਬਾਅਦ ਜਹਾਜ਼ਾਂ ਨੂੰ ਮੁੜ ਸੁਰੱਖਿਅਤ ਤਰੀਕੇ ਨਾਲ ਸੇਵਾ ਵਿੱਚ ਲਿਆ ਗਿਆ ਸੀ।

ਹਵਾਈ ਸੁਰੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜਾਂਚ ਸਿਰਫ਼ ਇੱਕ ਸਾਵਧਾਨੀ ਵਾਲਾ ਕਦਮ ਹੈ। ਯਾਤਰੀਆਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਹਵਾਈ ਉਦਯੋਗ ਵਿੱਚ ਸੁਰੱਖਿਆ ਨਿਯਮਾਂ ਦੀ ਬਹੁਤ ਸਖ਼ਤੀ ਨਾਲ ਪਾਲਣਾ ਕੀਤੀ ਜਾਂਦੀ ਹੈ ਅਤੇ ਕਿਸੇ ਵੀ ਜਹਾਜ਼ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਹੋਣ ਤੋਂ ਬਿਨਾਂ ਉਡਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

Tagged:

Leave a Reply

Your email address will not be published. Required fields are marked *