Gulf Akashbani

Saturday, June 27, 2026 3:55 AM

ਸ਼ੁੱਕਰਵਾਰ, ੧੨ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਭਾਰਤ / ਉੱਤਰਾਖੰਡ ਦੇ ਨਾਗਰਾਸੂ ਗੁਰਦੁਆਰਾ ਸਾਹਿਬ ਵਿਖੇ 4 ਦਿਨਾਂ ਤੋਂ ਚੱਲ ਰਿਹਾ ਵਿਵਾਗ ਗੱਲਬਾਤ ਤੋਂ ਬਾਅਦ ਸ਼ਾਂਤੀਪੂਰਵਕ ਖ਼ਤਮ

ਉੱਤਰਾਖੰਡ ਦੇ ਨਾਗਰਾਸੂ ਗੁਰਦੁਆਰਾ ਸਾਹਿਬ ਵਿਖੇ 4 ਦਿਨਾਂ ਤੋਂ ਚੱਲ ਰਿਹਾ ਵਿਵਾਗ ਗੱਲਬਾਤ ਤੋਂ ਬਾਅਦ ਸ਼ਾਂਤੀਪੂਰਵਕ ਖ਼ਤਮ

ਰੁਦਰਪ੍ਰਯਾਗ (ਉੱਤਰਾਖੰਡ): ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿੱਚ ਸਥਿਤ ਨਾਗਰਾਸੂ ਗੁਰਦੁਆਰਾ ਸਾਹਿਬ ਵਿਖੇ ਪਿਛਲੇ ਚਾਰ ਦਿਨਾਂ ਤੋਂ ਚੱਲ ਰਿਹਾ ਵਿਵਾਦ ਸਾਰੀਆਂ ਸਬੰਧਤ ਧਿਰਾਂ ਵਿਚਕਾਰ ਹੋਈ ਸਫਲ ਗੱਲਬਾਤ ਤੋਂ ਬਾਅਦ ਸ਼ਾਂਤੀਪੂਰਵਕ ਸਮਾਪਤ ਹੋ ਗਿਆ ਹੈ। ਗੁਰਦੁਆਰਾ ਸਾਹਿਬ ਦੀ ਚੌਥੀ ਮੰਜ਼ਿਲ ਅਤੇ ਛੱਤ ‘ਤੇ ਮੌਜੂਦ ਨਿਹੰਗ ਸਿੰਘ ਗੱਲਬਾਤ ਤੋਂ ਬਾਅਦ ਹੇਠਾਂ ਆ ਗਏ। ਇਹ ਨਿਹੰਗ ਸਿੰਘ 20 ਜੂਨ ਤੋਂ ਗੁਰਦੁਆਰਾ ਸਾਹਿਬ ਦੀ ਛੱਤ ‘ਤੇ ਡੇਰੇ ਲਾਈ ਬੈਠੇ ਸਨ। ਇਸ ਦੌਰਾਨ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਲਗਾਤਾਰ ਉਨ੍ਹਾਂ ਦੇ ਸੰਪਰਕ ਵਿੱਚ ਸਨ ਅਤੇ ਗੱਲਬਾਤ ਰਾਹੀਂ ਮਸਲੇ ਨੂੰ ਸੁਲਝਾਉਣ ਦੇ ਯਤਨ ਕੀਤੇ ਜਾ ਰਹੇ ਸਨ।

ਮੰਗਲਵਾਰ ਨੂੰ ਪੰਜਾਬ ਤੋਂ ਆਏ ਨਿਹੰਗ ਸਿੰਘ ਨੁਮਾਇੰਦਿਆਂ ਦੇ ਇੱਕ ਵਫ਼ਦ ਨੇ ਗੁਰਦੁਆਰਾ ਸਾਹਿਬ ਵਿਖੇ ਮੌਜੂਦ ਨਿਹੰਗ ਸਿੰਘਾਂ ਨਾਲ ਮੁਲਾਕਾਤ ਕੀਤੀ। ਕਈ ਦੌਰ ਦੀ ਗੱਲਬਾਤ ਤੋਂ ਬਾਅਦ ਮਾਹੌਲ ਸੁਖਾਵਾਂ ਹੋ ਗਿਆ ਅਤੇ ਦੁਪਹਿਰ ਕਰੀਬ 2:30 ਵਜੇ ਨਿਹੰਗ ਸਿੰਘ ਚੌਥੀ ਮੰਜ਼ਿਲ ਤੋਂ ਹੇਠਾਂ ਆਉਣ ਲਈ ਸਹਿਮਤ ਹੋ ਗਏ। ਇਸ ਪੂਰੇ ਘਟਨਾਕ੍ਰਮ ਦੌਰਾਨ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲਿਸ, ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਦੀਆਂ ਟੀਮਾਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਮੌਕੇ ‘ਤੇ ਤਾਇਨਾਤ ਰਹੀਆਂ। ਨਿਹੰਗ ਸਿੰਘਾਂ ਦੇ ਹੇਠਾਂ ਆਉਣ ਤੋਂ ਬਾਅਦ ਪ੍ਰਸ਼ਾਸਨ ਦੀ ਨਿਗਰਾਨੀ ਅਤੇ ਸਖ਼ਤ ਸੁਰੱਖਿਆ ਹੇਠ ਉਨ੍ਹਾਂ ਨੂੰ ਪੰਜਾਬ ਲਈ ਰਵਾਨਾ ਕਰ ਦਿੱਤਾ ਗਿਆ।

ਇਸ ਵਿਵਾਦ ਦੇ ਸ਼ਾਂਤੀਪੂਰਵਕ ਹੱਲ ਬਾਰੇ ਗੱਲ ਕਰਦਿਆਂ ਗਿਆਨੀ ਗੁਰਜੀਤ ਸਿੰਘ ਨੇ ਦੱਸਿਆ ਕਿ ਧਾਰਮਿਕ ਆਗੂਆਂ ਦੇ ਦਖਲ ਤੋਂ ਬਾਅਦ ਇਹ ਮਸਲਾ ਸੁਲਝ ਗਿਆ ਹੈ। ਉਨ੍ਹਾਂ ਦੱਸਿਆ, “ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਜੀ ਖ਼ਾਲਸਾ ਨੇ ਖ਼ਰਾਬ ਹੋ ਰਹੇ ਹਾਲਾਤ ਨੂੰ ਸ਼ਾਂਤ ਕਰਨ ਲਈ ਵਿਸ਼ੇਸ਼ ਤੌਰ ‘ਤੇ ਸਾਡੇ ਪੰਜ ਜਣਿਆਂ ਦਾ ਇੱਕ ਜਥਾ ਇੱਥੇ ਭੇਜਿਆ ਸੀ। ਅਸੀਂ ਪ੍ਰਸ਼ਾਸਨ ਨਾਲ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਵੀ ਪੂਰਾ ਸਹਿਯੋਗ ਦਿੱਤਾ। ਅਸੀਂ ਉਨ੍ਹਾਂ 3-4 ਵਿਅਕਤੀਆਂ ਨੂੰ ਪਿਆਰ ਨਾਲ ਸਮਝਾਇਆ ਜਿਨ੍ਹਾਂ ਕਰਕੇ ਇਹ ਸਾਰਾ ਵਿਵਾਦ ਖੜ੍ਹਾ ਹੋਇਆ ਸੀ, ਅਤੇ ਹੁਣ ਉਨ੍ਹਾਂ ਨੂੰ ਸ਼ਾਂਤੀਪੂਰਵਕ ਪੰਜਾਬ ਵਾਪਸ ਭੇਜਿਆ ਜਾ ਰਿਹਾ ਹੈ। ਮੈਂ ਉੱਤਰਾਖੰਡ ਸਰਕਾਰ ਅਤੇ ਸਥਾਨਕ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਕਰਦਾ ਹਾਂ।” ਇਸ ਦੇ ਨਾਲ ਹੀ ਗਿਆਨੀ ਗੁਰਪ੍ਰੀਤ ਸਿੰਘ ਨੇ ਵੀ ਪੁਸ਼ਟੀ ਕੀਤੀ ਕਿ ਮਾਮਲਾ ਪੂਰੀ ਤਰ੍ਹਾਂ ਹੱਲ ਹੋ ਗਿਆ ਹੈ ਅਤੇ ਗੁਰਦੁਆਰਾ ਸਾਹਿਬ ਵਿਖੇ ਲੰਗਰ ਸਮੇਤ ਸਾਰੀਆਂ ਗਤੀਵਿਧੀਆਂ ਪਹਿਲਾਂ ਵਾਂਗ ਹੀ ਚੱਲਣਗੀਆਂ।

ਗੁਰਦੁਆਰਾ ਨਾਗਰਾਸੂ ਦੇ ਗ੍ਰੰਥੀ ਬਾਬਾ ਬੇਅੰਤ ਸਿੰਘ ਨੇ ਕਿਹਾ ਕਿ ਜੋ ਵੀ ਮਸਲਾ ਸੀ, ਉਹ ਅੱਜ ਸੁਲਝ ਗਿਆ ਹੈ। ਪੰਜਾਬ ਦੇ ਦਮਦਮਾ ਸਾਹਿਬ ਤੋਂ ਸਤਿਕਾਰਯੋਗ ਸ਼ਖਸੀਅਤਾਂ ਪਹੁੰਚੀਆਂ ਸਨ, ਜਿਨ੍ਹਾਂ ਨੇ ਸਾਰਿਆਂ ਨੂੰ ਸਮਝਾ ਕੇ ਹੇਠਾਂ ਉਤਾਰਿਆ। ਉਨ੍ਹਾਂ ਨਾਲ ਪੂਰੇ ਸਤਿਕਾਰ ਨਾਲ ਪੇਸ਼ ਆਇਆ ਗਿਆ ਅਤੇ ਵਾਪਸ ਭੇਜ ਦਿੱਤਾ ਗਿਆ; ਨਾ ਤਾਂ ਕਿਸੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਨਾ ਹੀ ਕੋਈ ਲੜਾਈ-ਝਗੜਾ ਹੋਇਆ ਹੈ। ਦੂਜੇ ਪਾਸੇ ਰੁਦਰਪ੍ਰਯਾਗ ਦੀ ਐਸ.ਪੀ. ਨਿਹਾਰਿਕਾ ਤੋਮਰ ਨੇ ਦੱਸਿਆ ਕਿ ਪੁਲਿਸ ਨੂੰ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਅਤੇ ਕੁਝ ਯਾਤਰੂ ਨਿਹੰਗ ਸਿੰਘਾਂ ਵਿਚਕਾਰ ਵਿਵਾਦ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪ੍ਰਬੰਧਕੀ ਕਮੇਟੀ ਅਤੇ ਪੁਲਿਸ ਲਗਾਤਾਰ ਉਨ੍ਹਾਂ ਨਾਲ ਰਾਬਤਾ ਬਣਾ ਕੇ ਰੱਖ ਰਹੀ ਸੀ। ਹੁਣ ਪੰਜਾਬ ਦੇ ਵਫ਼ਦ ਦੀ ਵਿਚੋਲਗੀ ਨਾਲ ਮਾਮਲਾ ਸੁਲਝਾ ਲਿਆ ਗਿਆ ਹੈ। ਪੁਲਿਸ ਇਸ ਘਟਨਾ ਦੇ ਕਾਰਨਾਂ ਅਤੇ ਪੂਰੇ ਘਟਨਾਕ੍ਰਮ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਤੱਥਾਂ ਦੇ ਆਧਾਰ ‘ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Tagged:

Leave a Reply

Your email address will not be published. Required fields are marked *