Gulf Akashbani

Saturday, June 27, 2026 2:48 AM

ਸ਼ੁੱਕਰਵਾਰ, ੧੨ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਯੂਏਈ ਵਿੱਚ Etihad Rail ਦੀ ਪੈਸੇਂਜਰ ਟ੍ਰੇਨ ਸੇਵਾ ਸ਼ੁਰੂ, ਟਿਕਟਾਂ ’ਤੇ 50% ਤੱਕ ਡਿਸਕਾਊਂਟ 

ਯੂਏਈ ਵਿੱਚ Etihad Rail ਦੀ ਪੈਸੇਂਜਰ ਟ੍ਰੇਨ ਸੇਵਾ ਸ਼ੁਰੂ, ਟਿਕਟਾਂ ’ਤੇ 50% ਤੱਕ ਡਿਸਕਾਊਂਟ 

ਯੂਏਈ: ਯੂਏਈ ਵਿੱਚ ਬਹੁਤ ਸਮੇਂ ਤੋਂ ਉਡੀਕ ਕੀਤੀ ਜਾ ਰਹੀ Etihad Rail ਦੀ ਪੈਸੇਂਜਰ ਟ੍ਰੇਨ ਸੇਵਾ ਹੁਣ ਸ਼ੁਰੂ ਹੋਣ ਜਾ ਰਹੀ ਹੈ। ਕੰਪਨੀ ਨੇ ਟਿਕਟ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ, ਜਿਸ ਨਾਲ ਲੋਕਾਂ ਵਿੱਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸ਼ੁਰੂਆਤੀ ਸਮੇਂ ਵਿੱਚ ਯਾਤਰੀਆਂ ਨੂੰ ਕਿਰਾਏ ’ਤੇ 50 ਫੀਸਦੀ ਤੱਕ ਛੂਟ ਦਿੱਤੀ ਜਾ ਰਹੀ ਹੈ।

ਇਹ ਟ੍ਰੇਨ ਸੇਵਾ 30 ਜੂਨ 2026 ਤੋਂ ਸ਼ੁਰੂ ਹੋਵੇਗੀ। ਪਹਿਲੇ ਚਰਨ ਵਿੱਚ ਇਹ ਸੇਵਾ ਅਬੂ ਧਾਬੀ ਤੋਂ ਫੁਜੈਰਾਹ ਤੱਕ ਚੱਲੇਗੀ। ਇਹ ਸਫਰ ਲਗਭਗ 1 ਘੰਟਾ 45 ਮਿੰਟ ਵਿੱਚ ਪੂਰਾ ਹੋ ਜਾਵੇਗਾ, ਜਦਕਿ ਸੜਕ ਰਾਹੀਂ ਇਹੀ ਸਫਰ ਕਰੀਬ 3 ਘੰਟੇ ਲੈਂਦਾ ਹੈ। ਇਸ ਨਾਲ ਲੋਕਾਂ ਦਾ ਸਮਾਂ ਬਚੇਗਾ ਅਤੇ ਸਫਰ ਵੀ ਆਰਾਮਦਾਇਕ ਹੋਵੇਗਾ।

ਕਿਰਾਏ ਦੀ ਗੱਲ ਕਰੀਏ ਤਾਂ ਕਮਫਰਟ ਕਲਾਸ ਦਾ ਟਿਕਟ ਪਹਿਲਾਂ 109 ਦਿਰਹਮ ਸੀ, ਜੋ ਹੁਣ ਘਟਾ ਕੇ 55 ਦਿਰਹਮ ਕਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਪ੍ਰੀਮਿਅਮ ਕਲਾਸ ਦਾ ਕਿਰਾਇਆ 239 ਦਿਰਹਮ ਤੋਂ ਘਟਾ ਕੇ 120 ਦਿਰਹਮ ਕਰ ਦਿੱਤਾ ਗਿਆ ਹੈ। ਇਹ ਛੂਟ ਸਿਰਫ਼ ਸ਼ੁਰੂਆਤੀ ਬੁਕਿੰਗ ਕਰਨ ਵਾਲਿਆਂ ਲਈ ਹੀ ਮਿਲੇਗੀ।

ਯਾਤਰੀ ਆਪਣੀ ਟਿਕਟ ਐਤਿਹਾਦ ਰੇਲ ਦੀ ਅਧਿਕਾਰਕ ਵੈਬਸਾਈਟ ਜਾਂ ਮੋਬਾਈਲ ਐਪ ਰਾਹੀਂ ਬੁਕ ਕਰ ਸਕਦੇ ਹਨ। ਇਸ ਸਮੇਂ ਲਈ ਸਿਰਫ਼ ਅਬੂ ਧਾਬੀ ਤੋਂ ਫੁਜੈਰਾਹ ਰੂਟ ਲਈ ਹੀ ਬੁਕਿੰਗ ਖੁੱਲੀ ਹੈ। ਯਾਤਰੀ ਆਪਣੀ ਸਹੂਲਤ ਮੁਤਾਬਕ ਕਮਫਰਟ ਜਾਂ ਪ੍ਰੀਮਿਅਮ ਕਲਾਸ ਚੁਣ ਸਕਦੇ ਹਨ।

ਟਿਕਟ ਲਈ ਤਿੰਨ ਕਿਸਮ ਦੇ ਓਪਸ਼ਨ ਵੀ ਦਿੱਤੇ ਗਏ ਹਨ- ਸੇਵਰ, ਵੈਲਿਊ ਅਤੇ ਫਲੈਕਸ। ਸੇਵਰ ਸਭ ਤੋਂ ਸਸਤਾ ਹੁੰਦਾ ਹੈ ਪਰ ਇਸ ਵਿੱਚ ਟਿਕਟ ਬਦਲਣ ਜਾਂ ਰਿਫੰਡ ਦੀ ਸਹੂਲਤ ਨਹੀਂ ਹੁੰਦੀ। ਵੈਲਿਊ ਵਿੱਚ ਕੁਝ ਹੱਦ ਤੱਕ ਬਦਲਾਅ ਦੀ ਸਹੂਲਤ ਮਿਲਦੀ ਹੈ, ਜਦਕਿ ਫਲੈਕਸ ਵਿੱਚ ਸਭ ਤੋਂ ਵੱਧ ਬਦਲਾਅ ਤੁਸੀਂ ਕਰ ਸਕਦੇ ਹੋ।

ਟ੍ਰੇਨਾਂ ਹਰ ਰੋਜ਼ ਚੱਲਣਗੀਆਂ। ਅਬੂ ਧਾਬੀ ਤੋਂ ਫੁਜੈਰਾਹ ਲਈ ਸਵੇਰੇ 8:19 ਵਜੇ, ਦੁਪਹਿਰ 1:53 ਵਜੇ ਅਤੇ ਸ਼ਾਮ 6:39 ਵਜੇ ਟ੍ਰੇਨ ਚੱਲੇਗੀ। ਫੁਜੈਰਾਹ ਤੋਂ ਅਬੂ ਧਾਬੀ ਲਈ ਸਵੇਰੇ 5:34 ਵਜੇ, 10:59 ਵਜੇ ਅਤੇ ਸ਼ਾਮ 5:28 ਵਜੇ ਟ੍ਰੇਨ ਰਵਾਨਾ ਹੋਵੇਗੀ।

ਸਟੇਸ਼ਨਾਂ ਦੀ ਗੱਲ ਕਰੀਏ ਤਾਂ ਅਬੂ ਧਾਬੀ ਦਾ ਸਟੇਸ਼ਨ ਮੋਹੰਮਦ ਬਿਨ ਜਾਇਦ ਸਿਟੀ ਵਿੱਚ ਹੈ, ਜਦਕਿ ਫੁਜੈਰਾਹ ਦਾ ਸਟੇਸ਼ਨ ਅਲ ਹਿਲਾਲ ਸਿਟੀ ਵਿੱਚ ਬਣਾਇਆ ਗਿਆ ਹੈ। ਇਹ ਸਟੇਸ਼ਨ ਹਰ ਰੋਜ਼ ਸਵੇਰੇ 5 ਵਜੇ ਤੋਂ ਰਾਤ 11 ਵਜੇ ਤੱਕ ਖੁੱਲ੍ਹੇ ਰਹਿਣਗੇ।

ਸਮਾਨ ਲਈ ਵੀ ਯਾਤਰੀਆਂ ਨੂੰ ਸਹੂਲਤ ਦਿੱਤੀ ਗਈ ਹੈ। ਹਰ ਯਾਤਰੀ ਇੱਕ ਪਰਸਨਲ ਬੈਗ ਅਤੇ ਇੱਕ ਕੈਰੀ-ਆਨ ਬੈਗ ਬਿਨਾਂ ਕਿਸੇ ਵਾਧੂ ਚਾਰਜ ਦੇ ਲੈ ਜਾ ਸਕਦਾ ਹੈ। ਹਾਲਾਂਕਿ 3 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਲਈ ਵੱਖਰਾ ਸਮਾਨ ਮਨਜ਼ੂਰ ਨਹੀਂ ਹੋਵੇਗਾ।

ਆਉਣ ਵਾਲੇ ਸਮੇਂ ਵਿੱਚ ਇਸ ਰੇਲ ਨੈੱਟਵਰਕ ਨੂੰ ਹੋਰ ਅਮੀਰਾਤਾਂ ਤੱਕ ਵੀ ਫੈਲਾਇਆ ਜਾਵੇਗਾ। ਇਸ ਨਾਲ ਯੂਏਈ ਵਿੱਚ ਯਾਤਰਾ ਹੋਰ ਤੇਜ਼, ਆਸਾਨ ਅਤੇ ਆਰਾਮਦਾਇਕ ਬਣੇਗੀ ਅਤੇ ਸੜਕਾਂ ’ਤੇ ਭੀੜ ਵੀ ਘੱਟ ਹੋਵੇਗੀ।

Tagged:

Leave a Reply

Your email address will not be published. Required fields are marked *