ਟੈਕਨੋਲੋਜੀ ਦੀ ਮਸ਼ਹੂਰ ਕੰਪਨੀ Apple ਲਈ ਸਾਲ 2027 ਬਹੁਤ ਖਾਸ ਹੋ ਸਕਦਾ ਹੈ। ਰਿਪੋਰਟਾਂ ਮੁਤਾਬਕ, ਇਸ ਸਾਲ ਕੰਪਨੀ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ ਪ੍ਰੋਡਕਟ ਲਾਂਚ ਕਰ ਸਕਦੀ ਹੈ। Apple ਨਾ ਸਿਰਫ ਨਵੇਂ iPhone ਲਿਆਏਗੀ, ਸਗੋਂ AI ਵਾਲੇ ਸਮਾਰਟ ਗਲਾਸੇਜ਼, ਨਵੇਂ AirPods, Mac ਡਿਵਾਈਸ ਅਤੇ ਸਮਾਰਟ ਹੋਮ ਪ੍ਰੋਡਕਟ ਵੀ ਲਾਂਚ ਹੋ ਸਕਦੇ ਨੇ।
ਸਭ ਤੋਂ ਵੱਡਾ ਅੱਪਡੇਟ iPhone ਸੀਰੀਜ਼ ਵਿੱਚ ਵੇਖਣ ਨੂੰ ਮਿਲ ਸਕਦਾ ਹੈ। ਖਬਰਾਂ ਦੇ ਅਨੁਸਾਰ, 2027 ਵਿੱਚ ਕੁੱਲ 6 ਨਵੇਂ iPhone ਮਾਡਲ ਆ ਸਕਦੇ ਨੇ। ਸਾਲ ਦੀ ਸ਼ੁਰੂਆਤ ਵਿੱਚ iPhone 18, iPhone 18e ਅਤੇ iPhone Air 2 ਲਾਂਚ ਹੋ ਸਕਦੇ ਨੇ। ਇਸ ਤੋਂ ਬਾਅਦ ਸਾਲ ਦੇ ਅੰਤ ਵਿੱਚ ਖਾਸ ਐਨੀਵਰਸਰੀ ਮੌਕੇ iPhone 20 Pro, iPhone 20 Pro Max ਅਤੇ iPhone Ultra (2nd ਜਨਰੇਸ਼ਨ) ਆ ਸਕਦੇ ਨੇ।
ਇਹ ਸਾਲ ਇਸ ਲਈ ਵੀ ਖਾਸ ਹੈ ਕਿਉਂਕਿ iPhone ਦੇ 20 ਸਾਲ ਪੂਰੇ ਹੋਣਗੇ। ਇਸ ਮੌਕੇ Apple ਨਵਾਂ ਡਿਜ਼ਾਇਨ ਲਿਆ ਸਕਦੀ ਹੈ, ਜਿਵੇਂ ਕਿ ਲਗਭਗ ਬੇਜ਼ਲ-ਲੇਸ ਸਕ੍ਰੀਨ, ਕੁਰਵਡ ਡਿਸਪਲੇ ਅਤੇ ਬਹੁਤ ਹੀ ਪਤਲਾ ਲੁੱਕ, ਜੋ ਪਹਿਲਾਂ ਦੇ iPhone ਤੋਂ ਕਾਫੀ ਵੱਖਰਾ ਹੋਵੇਗਾ।
AI ਵੀ Apple ਦੀ ਭਵਿੱਖ ਦੀ ਵੱਡੀ ਯੋਜਨਾ ਦਾ ਹਿੱਸਾ ਹੈ। 2027 ਵਿੱਚ ਕੰਪਨੀ ਦੋ ਨਵੇਂ AI ਡਿਵਾਈਸ ਲਾਂਚ ਕਰ ਸਕਦੀ ਹੈ। ਪਹਿਲਾ ਹੋਵੇਗਾ ਕੈਮਰਾ ਵਾਲੇ AirPods, ਜੋ ਆਲੇ-ਦੁਆਲੇ ਦੇ ਮਾਹੌਲ ਨੂੰ ਸਮਝ ਕੇ Siri ਨੂੰ ਹੋਰ ਸਮਾਰਟ ਬਣਾਉਣਗੇ। ਦੂਜਾ ਵੱਡਾ ਪ੍ਰੋਡਕਟ ਹੋ ਸਕਦਾ ਹੈ Apple Glasses, ਜੋ ਸਮਾਰਟ ਗਲਾਸੇਜ਼ ਦੇ ਤੌਰ ‘ਤੇ ਕੰਪਨੀ ਦਾ ਨਵਾਂ ਕਦਮ ਹੋਵੇਗਾ।
ਇਹ AirPods ਦੇ ਕੈਮਰੇ ਫੋਟੋ ਜਾਂ ਵੀਡੀਓ ਲਈ ਨਹੀਂ, ਸਗੋਂ ਆਸ-ਪਾਸ ਦੀ ਜਾਣਕਾਰੀ ਸਮਝਣ ਲਈ ਹੋਣਗੇ, ਜਿਸ ਨਾਲ ਨੇਵੀਗੇਸ਼ਨ, ਆਬਜੈਕਟ ਪਹਿਚਾਣ ਅਤੇ ਸਮਾਰਟ ਸਝਾਅ ਹੋਰ ਵਧੀਆ ਹੋ ਜਾਣਗੇ।
Apple ਆਪਣੇ ਸਮਾਰਟ ਹੋਮ ਸਿਸਟਮ ਨੂੰ ਵੀ ਅੱਗੇ ਵਧਾ ਸਕਦੀ ਹੈ। ਇੱਕ ਨਵਾਂ ਟੇਬਲਟਾਪ ਹੋਮ ਡਿਵਾਈਸ ਆ ਸਕਦਾ ਹੈ, ਜਿਸ ਵਿੱਚ ਰੋਬੋਟਿਕ ਆਰਮ ਹੋਵੇਗੀ। ਇਹ ਡਿਵਾਈਸ ਯੂਜ਼ਰ ਦੀ ਮੂਵਮੈਂਟ ਦੇ ਨਾਲ ਆਪਣੀ ਪੋਜ਼ੀਸ਼ਨ ਬਦਲ ਸਕਦਾ ਹੈ ਅਤੇ ਵੀਡੀਓ ਕਾਲ, ਘਰ ਦੇ ਡਿਵਾਈਸ ਕੰਟਰੋਲ ਅਤੇ AI ਮਦਦ ਦੇ ਸਕਦਾ ਹੈ।
ਇਸ ਤੋਂ ਇਲਾਵਾ, ਨਵੇਂ M6 ਚਿਪ ਨਾਲ MacBook Air, iPad Pro ਅਤੇ ਹੋਰ Mac ਡਿਵਾਈਸ ਵੀ 2027 ਵਿੱਚ ਲਾਂਚ ਹੋ ਸਕਦੇ ਨੇ। ਨਾਲ ਹੀ ਨਵੀਂ Apple Watch ਅਤੇ ਹੋਰ ਗੈਜਿਟਸ ਵੀ ਆ ਸਕਦੇ ਨੇ।
ਹਾਲਾਂਕਿ Apple ਵੱਲੋਂ ਹਜੇ ਤੱਕ ਕੋਈ ਆਫਿਸੀਅਲ ਐਲਾਨ ਨਹੀਂ ਕੀਤਾ ਗਿਆ, ਪਰ ਜੇ ਇਹ ਰਿਪੋਰਟਾਂ ਸਹੀ ਨਿਕਲਦੀਆਂ ਨੇ, ਤਾਂ 2027 ਕੰਪਨੀ ਲਈ ਸਭ ਤੋਂ ਵੱਡਾ ਤੇ ਸਭ ਤੋਂ ਇਨੋਵੇਟਿਵ ਸਾਲ ਹੋ ਸਕਦਾ ਹੈ।








