Gulf Akashbani

Tuesday, June 16, 2026 1:44 AM

ਸੋਮਵਾਰ, ੧ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਭਾਰਤ / ਭਾਰਤ ਜਾਣ ਵਾਲੇ ਯੂਏਈ ਯਾਤਰੀਆਂ ਲਈ ਚੇਤਾਵਨੀ: ਏਅਰਪੋਰਟ ‘ਤੇ ਸੈਲਫੀ ਜਾਂ ਰੀਲ ਬਣਾਉਣਾ ਪੈ ਸਕਦਾ ਹੈ ਮਹਿੰਗਾ

ਭਾਰਤ ਜਾਣ ਵਾਲੇ ਯੂਏਈ ਯਾਤਰੀਆਂ ਲਈ ਚੇਤਾਵਨੀ: ਏਅਰਪੋਰਟ ‘ਤੇ ਸੈਲਫੀ ਜਾਂ ਰੀਲ ਬਣਾਉਣਾ ਪੈ ਸਕਦਾ ਹੈ ਮਹਿੰਗਾ

ਨਿਯੂਜ਼ ਬਿਊਰੋ : ਜੇ ਤੁਸੀਂ ਯੂਏਈ ਤੋਂ ਭਾਰਤ ਯਾਤਰਾ ਕਰਨ ਜਾ ਰਹੇ ਹੋ ਅਤੇ ਏਅਰਪੋਰਟ ‘ਤੇ ਸੈਲਫੀਆਂ, ਰੀਲਾਂ ਜਾਂ ਵਲੌਗ ਬਣਾਉਣ ਦੇ ਸ਼ੌਕੀਨ ਹੋ, ਤਾਂ ਹੁਣ ਤੁਹਾਨੂੰ ਵਧੇਰੇ ਸਾਵਧਾਨ ਰਹਿਣ ਦੀ ਲੋੜ ਹੈ। ਭਾਰਤ ਦੇ Directorate General of Civil Aviation (DGCA) ਨੇ ਏਅਰਪੋਰਟਾਂ ‘ਤੇ ਫੋਟੋਆਂ ਅਤੇ ਵੀਡੀਓ ਬਣਾਉਣ ਸਬੰਧੀ ਸਖ਼ਤ ਨਿਯਮ ਲਾਗੂ ਕੀਤੇ ਹਨ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਜੁਰਮਾਨਾ, ਮੋਬਾਈਲ ਜਾਂ ਕੈਮਰਾ ਜ਼ਬਤ ਕਰਨ ਵਰਗੀ ਕਾਰਵਾਈ ਹੋ ਸਕਦੀ ਹੈ। ਗੰਭੀਰ ਮਾਮਲਿਆਂ ਵਿੱਚ ਯਾਤਰੀਆਂ ਨੂੰ “ਨੋ-ਫਲਾਈ ਲਿਸਟ” ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਕਿਹੜੀਆਂ ਥਾਵਾਂ ‘ਤੇ ਫੋਟੋ ਜਾਂ ਵੀਡੀਓ ਬਣਾਉਣ ਦੀ ਮਨਾਹੀ ਹੈ?

ਨਵੇਂ ਨਿਯਮਾਂ ਮੁਤਾਬਕ ਏਅਰਪੋਰਟ ਦੇ ਸੁਰੱਖਿਆ ਵਾਲੇ ਅਤੇ ਪਾਬੰਦੀਸ਼ੁਦਾ ਇਲਾਕਿਆਂ ਵਿੱਚ ਫੋਟੋਆਂ ਜਾਂ ਵੀਡੀਓ ਬਣਾਉਣ ਦੀ ਆਗਿਆ ਨਹੀਂ ਹੋਵੇਗੀ। ਇਸ ਵਿੱਚ ਸੁਰੱਖਿਆ ਜਾਂਚ (ਸਿਕਿਊਰਿਟੀ ਚੈਕ), ਬੋਰਡਿੰਗ ਗੇਟ, ਜਹਾਜ਼ਾਂ ਤੱਕ ਲੈ ਜਾਣ ਵਾਲੀਆਂ ਬੱਸਾਂ, ਰਨਵੇ ਨੇੜਲੇ ਖੇਤਰ ਅਤੇ ਹੋਰ ਸੰਵੇਦਨਸ਼ੀਲ ਥਾਵਾਂ ਸ਼ਾਮਲ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜਿਹੀਆਂ ਵੀਡੀਓਜ਼ ਅਤੇ ਤਸਵੀਰਾਂ ਨਾਲ ਸੁਰੱਖਿਆ ਨਾਲ ਜੁੜੀ ਮਹੱਤਵਪੂਰਨ ਜਾਣਕਾਰੀ ਸਾਹਮਣੇ ਆ ਸਕਦੀ ਹੈ।

ਨਿਯਮ ਤੋੜਨ ‘ਤੇ ਕੀ ਹੋ ਸਕਦੀ ਹੈ ਕਾਰਵਾਈ?

ਜੇ ਕੋਈ ਯਾਤਰੀ ਪਾਬੰਦੀਸ਼ੁਦਾ ਇਲਾਕੇ ਵਿੱਚ ਰੀਲ ਜਾਂ ਵੀਡੀਓ ਬਣਾਉਂਦਾ ਹੋਇਆ ਫੜਿਆ ਜਾਂਦਾ ਹੈ ਤਾਂ ਉਸ ਨੂੰ ਤੁਰੰਤ ਉਹ ਕੰਟੇੰਟ ਡੀਲੀਟ ਕਰਨ ਲਈ ਕਿਹਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਸ ਦਾ ਮੋਬਾਈਲ ਜਾਂ ਕੈਮਰਾ ਜ਼ਬਤ ਕੀਤਾ ਜਾ ਸਕਦਾ ਹੈ ਅਤੇ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ। ਗੰਭੀਰ ਮਾਮਲਿਆਂ ਵਿੱਚ ਡਿਵਾਈਸ ਦੀ ਜਾਂਚ ਵੀ ਕੀਤੀ ਜਾ ਸਕਦੀ ਹੈ।

ਨੋ-ਫਲਾਈ ਲਿਸਟ ਵਿੱਚ ਵੀ ਪਾਇਆ ਜਾ ਸਕਦਾ ਹੈ ਨਾਮ

ਜੇ ਕੋਈ ਯਾਤਰੀ ਵਾਰ-ਵਾਰ ਨਿਯਮਾਂ ਦੀ ਉਲੰਘਣਾ ਕਰਦਾ ਹੈ ਜਾਂ ਸੁਰੱਖਿਆ ਨਾਲ ਜੁੜੇ ਗੰਭੀਰ ਨਿਯਮ ਤੋੜਦਾ ਹੈ ਤਾਂ ਉਸ ਦਾ ਨਾਮ ਨੋ-ਫਲਾਈ ਲਿਸਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਉਸ ਨੂੰ ਕੁਝ ਸਮੇਂ ਲਈ ਹਵਾਈ ਯਾਤਰਾ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ। ਪਾਬੰਦੀ ਦੀ ਮਿਆਦ ਮਾਮਲੇ ਦੀ ਗੰਭੀਰਤਾ ਦੇ ਅਨੁਸਾਰ 3 ਮਹੀਨੇ, 6 ਮਹੀਨੇ ਜਾਂ ਇਸ ਤੋਂ ਵੱਧ ਵੀ ਹੋ ਸਕਦੀ ਹੈ।

ਕਿੱਥੇ ਫੋਟੋਆਂ ਅਤੇ ਵੀਡੀਓ ਬਣਾਉਣ ਦੀ ਆਗਿਆ ਹੈ?

ਚੈਕ-ਇਨ ਹਾਲ, ਫੂਡ ਕੋਰਟ, Arrival and departure ਵਾਲਿਆਂ ਜਨਤਕ ਥਾਵਾਂ ‘ਤੇ ਫੋਟੋਆਂ ਖਿੱਚਣ ਦੀ ਆਗਿਆ ਹੈ, ਪਰ ਧਿਆਨ ਰੱਖਣਾ ਹੋਵੇਗਾ ਕਿ ਕੋਈ ਸੁਰੱਖਿਆ ਪ੍ਰਬੰਧ ਜਾਂ ਪਾਬੰਦੀਸ਼ੁਦਾ ਖੇਤਰ ਰਿਕਾਰਡ ਨਾ ਹੋਵੇ। ਯਾਤਰੀਆਂ ਨੂੰ ਏਅਰਪੋਰਟ ਅਧਿਕਾਰੀਆਂ ਅਤੇ ਸੁਰੱਖਿਆ ਕਰਮਚਾਰੀਆਂ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਇਨਫਲੂਐਂਸਰਾਂ ਅਤੇ ਕਮਰਸ਼ੀਅਲ ਸ਼ੂਟ ਲਈ ਵੱਖਰੇ ਨਿਯਮ

ਜੇ ਕੋਈ ਇਨਫਲੂਐਂਸਰ, ਬ੍ਰਾਂਡ ਜਾਂ ਪ੍ਰੋਡਕਸ਼ਨ ਟੀਮ ਏਅਰਪੋਰਟ ‘ਤੇ ਕਮਰਸ਼ੀਅਲ ਵੀਡੀਓ ਜਾਂ ਫੋਟੋ ਸ਼ੂਟ ਕਰਨਾ ਚਾਹੁੰਦੀ ਹੈ, ਤਾਂ ਉਸ ਨੂੰ ਪਹਿਲਾਂ ਏਅਰਪੋਰਟ ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਤੋਂ ਮਨਜ਼ੂਰੀ ਲੈਣੀ ਪਵੇਗੀ। ਬਿਨਾਂ ਮਨਜ਼ੂਰੀ ਦੇ ਕਿਸੇ ਵੀ ਤਰ੍ਹਾਂ ਦੀ ਕਮਰਸ਼ੀਅਲ ਸ਼ੂਟਿੰਗ ਦੀ ਆਗਿਆ ਨਹੀਂ ਹੋਵੇਗੀ।

ਯਾਤਰੀਆਂ ਲਈ ਅਹਿਮ ਸਲਾਹ

ਅੱਜਕੱਲ੍ਹ ਏਅਰਪੋਰਟਾਂ ‘ਤੇ ਰੀਲਾਂ ਅਤੇ ਵਲੌਗ ਬਣਾਉਣਾ ਆਮ ਗੱਲ ਬਣ ਗਈ ਹੈ, ਪਰ ਭਾਰਤ ਵਿੱਚ ਲਾਗੂ ਨਵੇਂ ਨਿਯਮਾਂ ਤੋਂ ਬਾਅਦ ਯਾਤਰੀਆਂ ਨੂੰ ਵਧੇਰੇ ਸਾਵਧਾਨ ਰਹਿਣਾ ਚਾਹੀਦਾ ਹੈ। ਇੱਕ ਛੋਟੀ ਜਿਹੀ ਗਲਤੀ ਵੀ ਜੁਰਮਾਨੇ, ਮੋਬਾਈਲ ਜ਼ਬਤ ਹੋਣ ਜਾਂ ਯਾਤਰਾ ‘ਤੇ ਪਾਬੰਦੀ ਦਾ ਕਾਰਨ ਬਣ ਸਕਦੀ ਹੈ। ਇਸ ਲਈ ਏਅਰਪੋਰਟ ‘ਤੇ ਵੀਡੀਓ ਜਾਂ ਫੋਟੋ ਬਣਾਉਣ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਸੀਂ ਕਿਸੇ ਪਾਬੰਦੀਸ਼ੁਦਾ ਜਾਂ ਸੁਰੱਖਿਆ ਵਾਲੇ ਖੇਤਰ ਨੂੰ ਰਿਕਾਰਡ ਨਹੀਂ ਕਰ ਰਹੇ।

Tagged:

Leave a Reply

Your email address will not be published. Required fields are marked *