Gulf Akashbani

Tuesday, June 16, 2026 12:23 AM

ਸੋਮਵਾਰ, ੧ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਯੂਏਈ ਵਿੱਚ ਤਨਖਾਹ ਨਾ ਮਿਲਣ ‘ਤੇ ਗੁਪਤ ਤਰੀਕੇ ਨਾਲ ਕਰ ਸਕਦੇ ਹੋ ਸ਼ਿਕਾਇਤ, ਜਾਣੋ ਪੂਰੀ ਪ੍ਰਕਿਰਿਆ

ਯੂਏਈ ਵਿੱਚ ਤਨਖਾਹ ਨਾ ਮਿਲਣ ‘ਤੇ ਗੁਪਤ ਤਰੀਕੇ ਨਾਲ ਕਰ ਸਕਦੇ ਹੋ ਸ਼ਿਕਾਇਤ, ਜਾਣੋ ਪੂਰੀ ਪ੍ਰਕਿਰਿਆ

ਯੂਏਈ: ਯੂਏਈ ਵਿੱਚ ਕੰਮ ਕਰ ਰਹੇ ਕਰਮਚਾਰੀਆਂ ਲਈ ਇੱਕ ਅਹਿਮ ਸਹੂਲਤ ਉਪਲਬਧ ਹੈ। ਜੇਕਰ ਕਿਸੇ ਕਰਮਚਾਰੀ ਨੂੰ ਸਮੇਂ ਸਿਰ ਤਨਖਾਹ ਨਹੀਂ ਮਿਲ ਰਹੀ ਜਾਂ ਕੰਪਨੀ ਵੱਲੋਂ ਤਨਖਾਹ ਦੇਣ ਵਿੱਚ ਲਗਾਤਾਰ ਦੇਰੀ ਕੀਤੀ ਜਾ ਰਹੀ ਹੈ, ਤਾਂ ਹੁਣ ਉਹ ਆਪਣੀ ਪਛਾਣ ਗੁਪਤ ਰੱਖ ਕੇ ਵੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ।

ਯੂਏਈ ਦੇ Ministry of Human Resources and Emiratization (MOHRE) ਨੇ ਕਰਮਚਾਰੀਆਂ ਦੇ ਹੱਕਾਂ ਦੀ ਰੱਖਿਆ ਲਈ ਇਹ ਪ੍ਰਬੰਧ ਕੀਤਾ ਹੈ। ਇਸ ਸੇਵਾ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਕੋਈ ਵੀ ਕਰਮਚਾਰੀ ਡਰ ਜਾਂ ਦਬਾਅ ਕਾਰਨ ਆਪਣੀ ਸਮੱਸਿਆ ਲੁਕਾਉਣ ਲਈ ਮਜਬੂਰ ਨਾ ਹੋਵੇ।

“ਮਾਈ ਸੈਲਰੀ ਕੰਪਲੇਂਟ” ਸੇਵਾ ਕੀ ਹੈ?

MOHRE ਦੀ “My Salary Complaint” ਸੇਵਾ ਰਾਹੀਂ ਕਰਮਚਾਰੀ ਆਪਣੀ ਤਨਖਾਹ ਨਾਲ ਜੁੜੀ ਸ਼ਿਕਾਇਤ ਗੁਪਤ ਰੂਪ ਵਿੱਚ ਦਰਜ ਕਰ ਸਕਦੇ ਹਨ। ਇਸ ਪ੍ਰਕਿਰਿਆ ਦੌਰਾਨ ਸ਼ਿਕਾਇਤ ਕਰਨ ਵਾਲੇ ਦੀ ਪਛਾਣ ਕੰਪਨੀ ਨਾਲ ਸਾਂਝੀ ਨਹੀਂ ਕੀਤੀ ਜਾਂਦੀ।

ਇਸ ਨਾਲ ਕਰਮਚਾਰੀ ਬਿਨਾਂ ਕਿਸੇ ਡਰ ਦੇ ਆਪਣੀ ਗੱਲ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾ ਸਕਦੇ ਹਨ। ਖਾਸ ਕਰਕੇ ਉਹ ਲੋਕ, ਜਿਨ੍ਹਾਂ ਨੂੰ ਇਹ ਚਿੰਤਾ ਹੁੰਦੀ ਹੈ ਕਿ ਸ਼ਿਕਾਇਤ ਕਰਨ ਨਾਲ ਉਨ੍ਹਾਂ ਦੀ ਨੌਕਰੀ ‘ਤੇ ਅਸਰ ਪੈ ਸਕਦਾ ਹੈ, ਉਹ ਕਰਮਚਾਰੀ ਇਸ ਸੇਵਾ ਦਾ ਲਾਭ ਲੈ ਸਕਦੇ ਹਨ।

ਕਿਹੜੀਆਂ ਸਮੱਸਿਆਵਾਂ ਲਈ ਸ਼ਿਕਾਇਤ ਕੀਤੀ ਜਾ ਸਕਦੀ ਹੈ?

ਜੇ ਤੁਹਾਡੀ ਤਨਖਾਹ ਸਮੇਂ ‘ਤੇ ਨਹੀਂ ਮਿਲ ਰਹੀ, ਕਈ ਮਹੀਨਿਆਂ ਤੋਂ ਬਕਾਇਆ ਹੈ, ਓਵਰਟਾਈਮ ਦਾ ਭੁਗਤਾਨ ਨਹੀਂ ਹੋਇਆ ਜਾਂ ਨੌਕਰੀ ਖਤਮ ਹੋਣ ਤੋਂ ਬਾਅਦ ਮਿਲਣ ਵਾਲੇ ਹੱਕਾਂ ਦੀ ਰਕਮ ਨਹੀਂ ਦਿੱਤੀ ਗਈ, ਤਾਂ ਤੁਸੀਂ ਸ਼ਿਕਾਇਤ ਦਰਜ ਕਰਵਾ ਸਕਦੇ ਹੋ।

ਸ਼ਿਕਾਇਤ ਲਈ ਕੀ ਲੋੜੀਂਦਾ ਹੈ?

ਸ਼ਿਕਾਇਤ ਕਰਨ ਵਾਲੇ ਕੋਲ ਵੈਧ ਅਮੀਰਾਤ ਆਈਡੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਉਸਨੂੰ ਆਪਣਾ ਲੇਬਰ ਕਾਰਡ ਨੰਬਰ ਵੀ ਪਤਾ ਹੋਣਾ ਚਾਹੀਦਾ ਹੈ। ਜੇਕਰ ਪਹਿਲਾਂ ਤੋਂ ਕੋਈ ਲੇਬਰ ਵਿਵਾਦ ਜਾਂ ਅਦਾਲਤੀ ਮਾਮਲਾ ਚੱਲ ਰਿਹਾ ਹੈ, ਤਾਂ ਪ੍ਰਕਿਰਿਆ ਵੱਖਰੀ ਹੋ ਸਕਦੀ ਹੈ।

ਸ਼ਿਕਾਇਤ ਕਿਵੇਂ ਦਰਜ ਕਰਵਾਈ ਜਾ ਸਕਦੀ ਹੈ?

ਕਰਮਚਾਰੀ MOHRE ਦੀ ਵੈੱਬਸਾਈਟ ਜਾਂ ਮੋਬਾਈਲ ਐਪ ਰਾਹੀਂ ਸ਼ਿਕਾਇਤ ਕਰ ਸਕਦੇ ਹਨ। ਇਸ ਦੌਰਾਨ ਨਿੱਜੀ ਜਾਣਕਾਰੀ ਜਿਵੇਂ ਨਾਮ, ਪਾਸਪੋਰਟ ਵੇਰਵੇ, ਨੈਸ਼ਨਨੇਲੇਟੀ ਅਤੇ ਜਨਮ ਮਿਤੀ ਭਰਨੀ ਹੁੰਦੀ ਹੈ। ਜਾਣਕਾਰੀ ਦੀ ਪੁਸ਼ਟੀ ਲਈ ਓਟੀਪੀ ਵੀ ਭੇਜਿਆ ਜਾਂਦਾ ਹੈ।

ਸ਼ਿਕਾਇਤ ਮਿਲਣ ਤੋਂ ਬਾਅਦ ਮੰਤਰਾਲਾ ਮਾਮਲੇ ਦੀ ਜਾਂਚ ਸ਼ੁਰੂ ਕਰਦਾ ਹੈ। ਜੇਕਰ ਸ਼ਿਕਾਇਤ ਸਹੀ ਪਾਈ ਜਾਂਦੀ ਹੈ, ਤਾਂ ਇਸ ਨੂੰ ਲੇਬਰ ਇੰਸਪੈਕਸ਼ਨ ਵਿਭਾਗ ਕੋਲ ਭੇਜਿਆ ਜਾਂਦਾ ਹੈ, ਜੋ ਕੰਪਨੀ ਦੀ ਜਾਂਚ ਕਰਦਾ ਹੈ। ਇਸ ਪੂਰੀ ਪ੍ਰਕਿਰਿਆ ਦੌਰਾਨ ਸ਼ਿਕਾਇਤਕਰਤਾ ਦੀ ਪਛਾਣ ਗੁਪਤ ਰੱਖੀ ਜਾਂਦੀ ਹੈ।

ਕਿੰਨੇ ਸਮੇਂ ਵਿੱਚ ਮਿਲ ਸਕਦਾ ਹੈ ਨਤੀਜਾ?

ਆਮ ਤੌਰ ‘ਤੇ ਅਧਿਕਾਰੀ ਕਰੀਬ 14 ਦਿਨਾਂ ਦੇ ਅੰਦਰ ਮਾਮਲੇ ਦੀ ਜਾਂਚ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ। ਸ਼ਿਕਾਇਤ ਦੀ ਪ੍ਰਗਤੀ ਅਤੇ ਫੈਸਲੇ ਬਾਰੇ ਜਾਣਕਾਰੀ ਕਰਮਚਾਰੀ ਨੂੰ ਐਸਐਮਐਸ ਰਾਹੀਂ ਦਿੱਤੀ ਜਾਂਦੀ ਹੈ।

ਸਬੂਤ ਸੰਭਾਲ ਕੇ ਰੱਖਣਾ ਜ਼ਰੂਰੀ

ਜੇਕਰ ਤੁਸੀਂ ਤਨਖਾਹ ਨਾ ਮਿਲਣ ਦੀ ਸ਼ਿਕਾਇਤ ਕਰਨ ਬਾਰੇ ਸੋਚ ਰਹੇ ਹੋ, ਤਾਂ ਆਪਣੇ ਕੋਲ ਸਾਰੇ ਜ਼ਰੂਰੀ ਦਸਤਾਵੇਜ਼ ਸੰਭਾਲ ਕੇ ਰੱਖੋ। ਇਸ ਵਿੱਚ ਬੈਂਕ ਸਟੇਟਮੈਂਟ, ਰੁਜ਼ਗਾਰ ਸਮਝੌਤਾ, ਆਫਰ ਲੈਟਰ, ਤਨਖਾਹ ਨਾਲ ਜੁੜੇ ਈਮੇਲ ਜਾਂ ਵਟਸਐਪ ਸੁਨੇਹੇ ਸ਼ਾਮਲ ਹੋ ਸਕਦੇ ਹਨ। ਇਹ ਦਸਤਾਵੇਜ਼ ਜਾਂਚ ਦੌਰਾਨ ਮਦਦਗਾਰ ਸਾਬਤ ਹੋ ਸਕਦੇ ਹਨ।

ਫ੍ਰੀ ਜ਼ੋਨ ਕਰਮਚਾਰੀਆਂ ਲਈ ਵੱਖਰੀ ਪ੍ਰਕਿਰਿਆ

ਜੇਕਰ ਕੋਈ ਕਰਮਚਾਰੀ ਯੂਏਈ ਦੇ ਕਿਸੇ ਫ੍ਰੀ ਜ਼ੋਨ ਵਿੱਚ ਕੰਮ ਕਰਦਾ ਹੈ, ਤਾਂ ਉਸਨੂੰ ਸਭ ਤੋਂ ਪਹਿਲਾਂ ਆਪਣੇ ਫ੍ਰੀ ਜ਼ੋਨ ਅਥਾਰਟੀ ਕੋਲ ਸ਼ਿਕਾਇਤ ਦਰਜ ਕਰਵਾਉਣੀ ਪਵੇਗੀ। ਉੱਥੇ ਹੱਲ ਨਾ ਨਿਕਲਣ ਦੀ ਸੂਰਤ ਵਿੱਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ।

ਯੂਏਈ ਸਰਕਾਰ ਵੱਲੋਂ ਦਿੱਤੀ ਗਈ ਇਹ ਸਹੂਲਤ ਕਰਮਚਾਰੀਆਂ ਲਈ ਵੱਡੀ ਰਾਹਤ ਮੰਨੀ ਜਾ ਰਹੀ ਹੈ। ਇਸ ਨਾਲ ਲੋਕ ਆਪਣੇ ਹੱਕਾਂ ਲਈ ਆਵਾਜ਼ ਉਠਾ ਸਕਦੇ ਹਨ ਅਤੇ ਤਨਖਾਹ ਨਾਲ ਸਬੰਧਤ ਸਮੱਸਿਆਵਾਂ ਦਾ ਹੱਲ ਲੱਭ ਸਕਦੇ ਹਨ।

Tagged:

Leave a Reply

Your email address will not be published. Required fields are marked *