Gulf Akashbani

Friday, May 29, 2026 1:23 AM

ਵੀਰਵਾਰ, ੧੪ ਜੇਠ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / UAE ਮੰਤਰੀ ਦੀ ਚੇਤਾਵਨੀ! Strait of Hormuz ਬੰਦ ਹੋਣ ਨਾਲ ਮਹਿੰਗਾ ਹੋਇਆ ਹਵਾਈ ਸਫਰ

UAE ਮੰਤਰੀ ਦੀ ਚੇਤਾਵਨੀ! Strait of Hormuz ਬੰਦ ਹੋਣ ਨਾਲ ਮਹਿੰਗਾ ਹੋਇਆ ਹਵਾਈ ਸਫਰ

ਯੂਏਈ: ਯੂਏਈ ਦੇ ਉਦਯੋਗ ਅਤੇ ਐਡਵਾਂਸ ਟੈਕਨਾਲੋਜੀ ਮੰਤਰੀ ਡਾ. ਸੁਲਤਾਨ ਬਿਨ ਅਹਿਮਦ ਅਲ ਜਾਬਰ ਨੇ ਚੇਤਾਵਨੀ ਦਿੱਤੀ ਹੈ ਕਿ Strait of Hormuz ਬੰਦ ਹੋਣ ਦਾ ਅਸਰ ਹੁਣ ਪੂਰੀ ਦੁਨੀਆ ਦੀ ਅਰਥਵਿਵਸਥਾ ’ਤੇ ਨਜ਼ਰ ਆਉਣ ਲੱਗ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਕਾਰਨ ਹਵਾਈ ਟਿਕਟਾਂ ਦੇ ਰੇਟ ਤੇਜ਼ੀ ਨਾਲ ਵੱਧ ਰਹੇ ਹਨ ਅਤੇ ਤੇਲ ਦੀ ਸਪਲਾਈ ’ਤੇ ਵੀ ਵੱਡਾ ਅਸਰ ਪਿਆ ਹੈ।

ਮੰਤਰੀ ਦੇ ਮੁਤਾਬਕ Strait of Hormuz ਬੰਦ ਹੋਣ ਕਾਰਨ ਦੁਨੀਆ ਵਿੱਚ ਕਰੀਬ ਇੱਕ ਅਰਬ ਬੈਰਲ ਤੇਲ ਦੀ ਕਮੀ ਪੈਦਾ ਹੋ ਗਈ ਹੈ। ਇਸਦਾ ਸਿੱਧਾ ਅਸਰ ਈਂਧਨ ਦੀਆਂ ਕੀਮਤਾਂ ’ਤੇ ਪਿਆ ਹੈ, ਜਿਸ ਨਾਲ ਏਅਰਲਾਈਨਾਂ ਦਾ ਖਰਚਾ ਕਾਫ਼ੀ ਵੱਧ ਗਿਆ ਹੈ। ਇਸ ਕਰਕੇ ਹਵਾਈ ਕਿਰਾਏ ਵਿੱਚ ਲਗਭਗ 20 ਫੀਸਦੀ ਤੱਕ ਵਾਧਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਕਿਹਾ ਕਿ Strait of Hormuz ਬੰਦ ਰਹਿਣ ਕਾਰਨ ਪਰਿਵਾਰਾਂ, ਕਿਸਾਨਾਂ, ਫੈਕਟਰੀਆਂ ਅਤੇ ਦੁਨੀਆ ਭਰ ਦੀਆਂ ਅਰਥਵਿਵਸਥਾਵਾਂ ’ਤੇ ਆਰਥਿਕ ਬੋਝ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਦੇ ਅਨੁਸਾਰ ਈਂਧਨ ਦੀਆਂ ਕੀਮਤਾਂ ਕਰੀਬ 30 ਫੀਸਦੀ ਤੱਕ ਵੱਧ ਚੁੱਕੀਆਂ ਹਨ, ਜਦਕਿ ਖਾਦ ਦੀਆਂ ਕੀਮਤਾਂ ਵਿੱਚ ਲਗਭਗ 50 ਫੀਸਦੀ ਦਾ ਵਾਧਾ ਹੋਇਆ ਹੈ।

ਰਿਪੋਰਟ ਮੁਤਾਬਕ ਈਰਾਨ ਵੱਲੋਂ Strait of Hormuz ਵਿੱਚ ਜਹਾਜ਼ਾਂ ਦੀ ਆਵਾਜਾਈ ਰੋਕਣ ਕਾਰਨ ਤੇਲ ਅਤੇ ਗੈਸ ਦੀ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਇਹ ਸਮੁੰਦਰੀ ਰਸਤਾ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਊਰਜਾ ਰੂਟਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਕਿਉਂਕਿ ਦੁਨੀਆ ਦੀ ਵੱਡੀ ਮਾਤਰਾ ਵਿੱਚ ਤੇਲ ਅਤੇ ਐਲਐਨਜੀ ਦੀ ਸਪਲਾਈ ਇਸੇ ਰਸਤੇ ਰਾਹੀਂ ਹੁੰਦੀ ਹੈ।

ਇਲਾਕੇ ਵਿੱਚ ਵੱਧਦੇ ਤਣਾਅ, ਹਵਾਈ ਖੇਤਰ ਬੰਦ ਹੋਣ ਅਤੇ ਜੈੱਟ ਫਿਊਲ ਮਹਿੰਗਾ ਹੋਣ ਕਾਰਨ ਕਈ ਏਅਰਲਾਈਨਾਂ ਨੇ ਉਡਾਣਾਂ ਦੀ ਗਿਣਤੀ ਘਟਾ ਦਿੱਤੀ ਹੈ। ਅਲ ਜਾਬਰ ਨੇ ਦੱਸਿਆ ਕਿ ਸਿਰਫ ਇਸ ਮਹੀਨੇ ਵਿੱਚ ਏਅਰਲਾਈਨਾਂ ਨੇ ਕਰੀਬ 20 ਲੱਖ ਸੀਟਾਂ ਘਟਾ ਦਿੱਤੀਆਂ ਹਨ। ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ ਕੁਝ ਰੂਟਾਂ ’ਤੇ ਉਡਾਣਾਂ ਘਟਾ ਦਿੱਤੀਆਂ ਹਨ ਜਾਂ ਅਸਥਾਈ ਤੌਰ ’ਤੇ ਬੰਦ ਕਰ ਦਿੱਤੀਆਂ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਸੰਕਟ ਲੰਮਾ ਚੱਲਦਾ ਹੈ ਤਾਂ ਦੁਨੀਆ ਭਰ ਵਿੱਚ ਮਹਿੰਗਾਈ ਹੋਰ ਵੱਧ ਸਕਦੀ ਹੈ। ਤੇਲ ਅਤੇ ਜੈੱਟ ਫਿਊਲ ਦੀਆਂ ਕੀਮਤਾਂ ਵਿੱਚ ਵਾਧੇ ਦਾ ਅਸਰ ਯਾਤਰਾ, ਵਪਾਰ ਅਤੇ ਰੋਜ਼ਾਨਾ ਦੀਆਂ ਜ਼ਰੂਰਤਾਂ ’ਤੇ ਵੀ ਪੈ ਸਕਦਾ ਹੈ। ਕਈ ਦੇਸ਼ ਹੁਣ ਬਦਲਵੇਂ ਸਪਲਾਈ ਰਸਤੇ ਅਤੇ ਆਪਣੇ ਤੇਲ ਭੰਡਾਰਾਂ ’ਤੇ ਨਿਰਭਰ ਹੋ ਰਹੇ ਹਨ।

ਹਾਲ ਹੀ ਵਿੱਚ Strait of Hormuz ਦੇ ਨੇੜੇ ਇੱਕ ਦੱਖਣੀ ਕੋਰੀਆਈ ਕੰਪਨੀ ਦੇ ਕਾਰਗੋ ਜਹਾਜ਼ ’ਤੇ ਡਰੋਨ ਹਮਲਾ ਵੀ ਹੋਇਆ ਸੀ, ਜਿਸ ਤੋਂ ਬਾਅਦ ਇਲਾਕੇ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਹੋਰ ਵੱਧ ਗਈ ਹੈ। ਯੂਏਈ ਨੇ ਇਸ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਸਮੁੰਦਰੀ ਰਸਤੇ ਨੂੰ ਬਿਨਾਂ ਰੁਕਾਵਟ ਖੋਲ੍ਹਣ ਦੀ ਮੰਗ ਕੀਤੀ ਹੈ।

Tagged:

Leave a Reply

Your email address will not be published. Required fields are marked *