ਅਬੂ ਧਾਬੀ: ਯੂ.ਏ.ਈ ਵਿੱਚ ਰਹਿਣ ਵਾਲੇ ਭਾਰਤੀਆਂ ਨੂੰ 1 ਜੁਲਾਈ ਤੋਂ ਪਾਸਪੋਰਟ ਰਿਨਿਊ , ਵੀਜ਼ਾ ਅਰਜ਼ੀਆਂ ਅਤੇ ਹੋਰ ਕੌਂਸਲਰ ਸੇਵਾਵਾਂ ਲਈ ਇੱਕ ਨਵੇਂ ਸਰਵਿਸ ਪ੍ਰੋਵਾਇਡਰ ਦੀ ਵਰਤੋਂ ਕਰਨੀ ਪਵੇਗੀ। ਟੂਰ ਐਂਡ ਟ੍ਰੈਵਲ ਕੰਪਨੀ ਅਲਹਿੰਦ ਟੂਰਸ ਐਂਡ ਟ੍ਰੈਵਲਜ਼ ਨੂੰ ਤਿੰਨ ਸਾਲ ਦਾ ਠੇਕਾ ਮਿਲਿਆ ਹੈ, ਜੋ ਲੰਮੇ ਸਮੇਂ ਤੋਂ ਸੇਵਾ ਦੇ ਰਹੀ ਬੀ ਐਲ ਐਸ ( BLS ) ਇੰਟਰਨੈਸ਼ਨਲ ਦੀ ਥਾਂ ਲਵੇਗੀ।
ਭਾਰਤੀ ਦੂਤਾਵਾਸ, ਅਬੂ ਧਾਬੀ ਵੱਲੋਂ ਜਾਰੀ ਇੱਕ ਬਿਆਨ ਦੇ ਅਨੁਸਾਰ, ਕੌਂਸਲਰ ਸੇਵਾਵਾਂ ਦਾ ਠੇਕਾ ਅਲਹਿੰਦ ਟੂਰਸ ਐਂਡ ਟ੍ਰੈਵਲਜ਼ ਪ੍ਰਾਈਵੇਟ ਲਿਮਟਿਡ ਨੂੰ ਦਿੱਤਾ ਗਿਆ ਹੈ। ਇਹ ਪ੍ਰਬੰਧ ਅਬੂ ਧਾਬੀ ਅਤੇ ਦੁਬਈ ਵਿੱਚ ਭਾਰਤੀ ਮਿਸ਼ਨਾਂ ਦੋਵਾਂ ‘ਤੇ ਲਾਗੂ ਹੋਵੇਗਾ। ਕੰਪਨੀ ਨੇ ਪ੍ਰਤੀ ਅਰਜ਼ੀ ਲਗਭਗ 19 ਦਿਰਹਮ ਦੀ ਸਭ ਤੋਂ ਘੱਟ ਬੋਲੀ ਲਗਾਈ ਹੈ, ਜਿਸਦੇ ਵਿੱਚ ਕਈ ਸੇਵਾਵਾਂ ਸ਼ਾਮਿਲ ਹੋਣ ਗਈਆਂ, ਇਹ ਸੰਭਾਵੀ ਤੌਰ ‘ਤੇ ਬਿਨੈਕਾਰਾਂ ਦੀ ਲਾਗਤ ਨੂੰ ਘਟਾਏਗੀ।
ਵੀ ਐਫ ਐਸ (VFS) ਗਲੋਬਲ, ਡੀ ਯੂ (DU) ਡਿਜੀਟਲ, ਅਤੇ ਐਸ ਜੀ ਆਈ ਵੀ ਐਸ (SGIVS) ਗਲੋਬਲ ਵਰਗੀਆਂ ਕੰਪਨੀਆਂ ਨੇ ਵੀ ਇਸ ਪ੍ਰਕਿਰਿਆ ਵਿੱਚ ਹਿੱਸਾ ਲਿਆ। ਨਵਾਂ ਸਿਸਟਮ ਪਾਸਪੋਰਟ ਰਿਨਿਊ, ਵੀਜ਼ਾ ਅਰਜ਼ੀਆਂ, ਓ ਸੀ ਆਈ (OCI) ਕਾਰਡ, ਪੁਲਿਸ ਕਲੀਅਰੈਂਸ ਸਰਟੀਫਿਕੇਟ, ਸਰੈਂਡਰ ਸਰਟੀਫਿਕੇਟ ਅਤੇ ਹੋਰ ਅਟੇਸਟੇਸ਼ਨ ਸੇਵਾਵਾਂ ਪ੍ਰਦਾਨ ਕਰੇਗਾ।
ਬੀ ਐਲ ਐਸ (BLS) ਇੰਟਰਨੈਸ਼ਨਲ 2011 ਤੋਂ ਯੂ.ਏ.ਈ ਵਿੱਚ ਵੱਡੀ ਭਾਰਤੀ ਆਬਾਦੀ ਨੂੰ ਇਹ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।
ਕੀ ਬਦਲਾਅ ਹੋਣਗੇ ਅਤੇ ਉਨ੍ਹਾਂ ਨੂੰ ਕਦੋਂ ਲਾਗੂ ਕੀਤਾ ਜਾਵੇਗਾ?
ਅਲਹਿੰਦ 1 ਜੁਲਾਈ ਤੋਂ ਯੂ.ਏ.ਈ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਭਗ 16 ਹੱਬਾਂ ਤੋਂ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਇਨ੍ਹਾਂ ਵਿੱਚ ਅਬੂ ਧਾਬੀ, ਅਲ ਆਇਨ, ਦੁਬਈ, ਸ਼ਾਰਜਾਹ, ਅਜਮਾਨ ਅਤੇ ਫੁਜੈਰਾਹ ਵਰਗੇ ਪ੍ਰਮੁੱਖ ਸਥਾਨ ਸ਼ਾਮਲ ਹੋਣਗੇ।
ਨਿਯੁਕਤੀ ਪ੍ਰਕਿਰਿਆ ਪਹਿਲਾਂ ਵਰਗੀ ਹੀ ਰਹਿਣ ਦੀ ਉਮੀਦ ਹੈ, ਹਾਲਾਂਕਿ ਨਵੀਂ ਏਜੰਸੀ ਸੇਵਾਵਾਂ ਨੂੰ ਸਰਲ ਅਤੇ ਤੇਜ਼ ਬਣਾਉਣ ਲਈ ਡਿਜੀਟਲ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰ ਰਹੀ ਹੈ।
ਨਵੇਂ ਸਿਸਟਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਸੈਂਕੜੇ ਕਾਰਜਸ਼ੀਲ ਸਟਾਫ ਦੀ ਭਰਤੀ ਵੀ ਕੀਤੀ ਜਾ ਰਹੀ ਹੈ।
ਟੈਂਡਰ ਪ੍ਰਕਿਰਿਆ ਅਤੇ ਬੀ ਐਲ ਐਸ (BLS) ਦਾ ਕੰਟ੍ਰੈਕਟ ਤੋਂ ਬਾਹਰ ਹੋਣਾ
ਇਸ ਕੰਟ੍ਰੈਕਟ ਲਈ ਚਾਰ ਕੰਪਨੀਆਂ ਵਿੱਚ ਮੁਕਾਬਲਾ ਹੋਇਆ ਅਤੇ ਨਤੀਜੇ 20 ਅਪ੍ਰੈਲ ਨੂੰ ਘੋਸ਼ਿਤ ਕੀਤੇ ਗਏ ਸਨ।
ਸ਼ਿਕਾਇਤਾਂ ਅਤੇ ਕਈ ਮਾਮਲਿਆਂ ਦੇ ਕਾਰਨ ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਬੀ ਐਲ ਐਸ (BLS) ਇੰਟਰਨੈਸ਼ਨਲ ਨੂੰ ਅਗਲੇ ਦੋ ਸਾਲਾਂ ਲਈ ਸਰਕਾਰੀ ਟੈਂਡਰ ਪ੍ਰਕਿਰਿਆ ਤੋਂ ਬਾਹਰ ਰੱਖਿਆ ਗਿਆ ਹੈ। ਹਾਲਾਂਕਿ, ਕੰਪਨੀ ਦਾ ਕਹਿਣਾ ਹੈ ਕਿ ਇਸ ਨਾਲ ਕੰਪਨੀ ਦੇ ਹੋਰ ਕਾਰਜ ਪ੍ਰਭਾਵਿਤ ਨਹੀਂ ਹੋਣਗੇ।
ਅਲਹਿੰਦ ਲਈ ਇੱਕ ਵੱਡਾ ਕਦਮ
ਇਸ ਕੰਟ੍ਰੈਕਟ ਨੂੰ ਅਲਹਿੰਦ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਮੰਨਿਆ ਜਾ ਰਿਹਾ ਹੈ। ਕੰਪਨੀ ਮੁੱਖ ਤੌਰ ‘ਤੇ ਆਪਣੀਆਂ ਯਾਤਰਾ ਸੇਵਾਵਾਂ ਲਈ ਜਾਣੀ ਜਾਂਦੀ ਹੈ, ਪਰ ਹੁਣ ਇਹ ਕੌਂਸਲਰ ਸੇਵਾਵਾਂ ਦੇ ਖੇਤਰ ਵਿੱਚ ਵੀ ਫੈਲ ਰਹੀ ਹੈ।








