ਯੂਏਈ: ਯੂਏਈ ਦੇ ਦੁਬਈ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਭਾਰਤੀ ਭਾਈਚਾਰੇ ਅਤੇ ਉੱਥੇ ਕੰਮ ਕਰ ਰਹੇ ਹਜ਼ਾਰਾਂ ਪ੍ਰਵਾਸੀ ਮਜ਼ਦੂਰਾਂ ਨੂੰ ਗਹਿਰੇ ਸਦਮੇ ਵਿੱਚ ਪਾ ਦਿੱਤਾ ਹੈ। ਐਮੀਰੇਟਸ ਰੋਡ ‘ਤੇ ਹੋਏ ਇਕ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ, ਜਦਕਿ 9 ਹੋਰ ਜ਼ਖ਼ਮੀ ਹੋਏ ਹਨ। ਮਰਨ ਵਾਲਿਆਂ ਵਿੱਚ ਕਈ ਭਾਰਤੀ ਮਜ਼ਦੂਰ ਵੀ ਸ਼ਾਮਲ ਦੱਸੇ ਜਾ ਰਹੇ ਹਨ।
ਦੁਬਈ ਪੁਲਿਸ ਮੁਤਾਬਕ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੱਕ ਮਿੰਨੀ ਬੱਸ ਅੱਗੇ ਖੜ੍ਹੇ ਇੱਕ ਟਰੱਕ ਨਾਲ ਜਾ ਟਕਰਾਈ। ਜਾਣਕਾਰੀ ਅਨੁਸਾਰ ਟਰੱਕ ਤਕਨੀਕੀ ਖ਼ਰਾਬੀ ਕਾਰਨ ਸੜਕ ਕਿਨਾਰੇ ਰੁਕਿਆ ਹੋਇਆ ਸੀ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਬੱਸ ਚਾਲਕ ਸਮੇਂ ਸਿਰ ਟਰੱਕ ਨੂੰ ਨਹੀਂ ਦੇਖ ਸਕਿਆ, ਜਿਸ ਕਾਰਨ ਇਹ ਭਿਆਨਕ ਟੱਕਰ ਹੋਈ।
ਹਾਦਸਾ ਇੰਨਾ ਗੰਭੀਰ ਸੀ ਕਿ ਕਈ ਲੋਕਾਂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ। ਜ਼ਖ਼ਮੀਆਂ ਵਿੱਚ ਕੁਝ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ, ਐਂਬੂਲੈਂਸ ਅਤੇ ਰੈਸਕਿਊ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਜ਼ਖ਼ਮੀਆਂ ਨੂੰ ਇਲਾਜ ਲਈ ਨਜ਼ਦੀਕੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਦੁਬਈ ਵਿੱਚ ਭਾਰਤੀ ਕੌਂਸਲੇਟ ਨੇ ਵੀ ਇਸ ਹਾਦਸੇ ‘ਤੇ ਗਹਿਰਾ ਦੁੱਖ ਜ਼ਾਹਰ ਕੀਤਾ ਹੈ। ਅਧਿਕਾਰੀਆਂ ਨੇ ਹਸਪਤਾਲਾਂ ਵਿੱਚ ਜਾ ਕੇ ਜ਼ਖ਼ਮੀ ਭਾਰਤੀਆਂ ਦਾ ਹਾਲ-ਚਾਲ ਪੁੱਛਿਆ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਕੌਂਸਲੇਟ ਨੇ ਕਿਹਾ ਕਿ ਉਹ ਸਥਾਨਕ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਵਿੱਚ ਹਨ ਤਾਂ ਜੋ ਪੀੜਤ ਪਰਿਵਾਰਾਂ ਨੂੰ ਲੋੜੀਂਦੀ ਸਹਾਇਤਾ ਮਿਲ ਸਕੇ।
ਇਸ ਹਾਦਸੇ ਤੋਂ ਬਾਅਦ ਦੁਬਈ ਪੁਲਿਸ ਨੇ ਵਾਹਨ ਚਾਲਕਾਂ ਨੂੰ ਸੜਕ ਸੁਰੱਖਿਆ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਾਹਨ ਵਿੱਚ ਖ਼ਰਾਬੀ ਆ ਜਾਵੇ ਤਾਂ ਤੁਰੰਤ Hazard Lights ਚਾਲੂ ਕੀਤੀਆਂ ਜਾਣ, ਸੁਰੱਖਿਆ ਸੰਕੇਤ ਲਗਾਏ ਜਾਣ ਅਤੇ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਅਜਿਹੇ ਹਾਦਸਿਆਂ ਤੋਂ ਬਚਿਆ ਜਾ ਸਕੇ।
ਇਸ ਦਰਦਨਾਕ ਘਟਨਾ ਨੇ ਇੱਕ ਵਾਰ ਫਿਰ ਸੜਕ ਸੁਰੱਖਿਆ ਨੂੰ ਲੈ ਕੇ ਚਿੰਤਾ ਵਧਾ ਦਿੱਤੀ ਹੈ। ਖ਼ਾਸ ਕਰਕੇ ਉਨ੍ਹਾਂ ਮਜ਼ਦੂਰਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋਏ ਹਨ, ਜੋ ਹਰ ਰੋਜ਼ ਕੰਮ ‘ਤੇ ਜਾਣ ਅਤੇ ਵਾਪਸ ਆਉਣ ਲਈ ਸਾਂਝੇ ਆਵਾਜਾਈ ਸਾਧਨਾਂ ‘ਤੇ ਨਿਰਭਰ ਰਹਿੰਦੇ ਹਨ।








