Gulf Akashbani

Saturday, June 20, 2026 2:46 PM

ਸ਼ਨਿਚਰਵਾਰ, ੬ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਅੰਤਰਰਾਸ਼ਟਰੀ / ਵਰਲਡ ਕਪ ਮੰਚ ‘ਤੇ ਚਮਕੇ ਭਾਰਤੀ ਮੂਲ ਦੇ ਸਰਪ੍ਰੀਤ ਸਿੰਘ

ਵਰਲਡ ਕਪ ਮੰਚ ‘ਤੇ ਚਮਕੇ ਭਾਰਤੀ ਮੂਲ ਦੇ ਸਰਪ੍ਰੀਤ ਸਿੰਘ

ਫੀਫਾ ਵਰਲਡ ਕਪ 2026 ਵਿੱਚ ਨਿਊਜ਼ੀਲੈਂਡ ਦੇ ਮਿਡਫੀਲਡਰ ਸਰਪ੍ਰੀਤ ਸਿੰਘ ਨੇ ਇਤਿਹਾਸ ਰਚ ਦਿੱਤਾ ਹੈ। ਇਰਾਨ ਖ਼ਿਲਾਫ਼ ਪਹਿਲੇ ਮੈਚ ਵਿੱਚ ਮੈਦਾਨ ‘ਚ ਉਤਰਦੇ ਹੀ ਉਹ ਵਰਲਡ ਕਪ ਮੈਚ ਦੀ ਸ਼ੁਰੂਆਤ ਕਰਨ ਵਾਲੇ ਭਾਰਤੀ ਮੂਲ ਦੇ ਪਹਿਲੇ ਖਿਡਾਰੀ ਬਣ ਗਏ। ਇਹ ਉਪਲਬਧੀ ਦੁਨੀਆ ਭਰ ਦੇ ਭਾਰਤੀ, ਖਾਸ ਕਰਕੇ ਪੰਜਾਬੀ ਅਤੇ ਸਿੱਖ ਭਾਈਚਾਰੇ ਲਈ ਮਾਣ ਵਾਲਾ ਪਲ ਹੈ।

27 ਸਾਲਾਂ ਦੇ ਸਰਪ੍ਰੀਤ ਸਿੰਘ ਨੇ ਕਿਹਾ ਕਿ ਵਰਲਡ ਕਪ ਵਿੱਚ ਖੇਡਣਾ ਉਹਨਾਂ ਲਈ ਸੁਪਨਾ ਸੱਚ ਹੋਣ ਵਰਗਾ ਹੈ। ਉਹਨਾਂ ਨੇ ਦੱਸਿਆ ਕਿ ਮੈਚ ਤੋਂ ਪਹਿਲਾਂ ਹੀ ਉਹਨਾਂ ਨੂੰ ਪਤਾ ਸੀ ਕਿ ਉਹ ਇੱਕ ਵੱਡਾ ਇਤਿਹਾਸ ਬਣਾਉਣ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਉਹ ਪਹਿਲੇ ਖਿਡਾਰੀ ਹਨ, ਪਰ ਉਹ ਚਾਹੁੰਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਸਿੱਖ, ਪੰਜਾਬੀ ਅਤੇ ਭਾਰਤੀ ਮੂਲ ਦੇ ਖਿਡਾਰੀ ਇਸ ਵੱਡੇ ਮੰਚ ‘ਤੇ ਖੇਡਣ।

ਸਰਪ੍ਰੀਤ ਸਿੰਘ ਦੇ ਮਾਪੇ ਭਾਰਤ ਦੇ ਪੰਜਾਬ ਦੇ ਜਲੰਧਰ ਤੋਂ ਨਿਊਜ਼ੀਲੈਂਡ ਗਏ ਸਨ। ਉਥੇ ਜਾ ਕੇ ਉਹਨਾਂ ਨੇ ਆਪਣੀ ਨਵੀਂ ਜ਼ਿੰਦਗੀ ਸ਼ੁਰੂ ਕੀਤੀ। ਸਰਪ੍ਰੀਤ ਦਾ ਕਹਿਣਾ ਹੈ ਕਿ ਉਹ ਸਿਰਫ ਨਿਊਜ਼ੀਲੈਂਡ ਦੀ ਨਹੀਂ, ਸਗੋਂ ਆਪਣੇ ਪਰਿਵਾਰ, ਆਪਣੀ ਸੰਸਕ੍ਰਿਤੀ ਅਤੇ ਆਪਣੀਆਂ ਭਾਰਤੀ ਜੜ੍ਹਾਂ ਦੀ ਵੀ ਨੁਮਾਇੰਦਗੀ ਕਰ ਰਹੇ ਹਨ। ਉਹਨਾਂ ਨੂੰ ਦੁਨੀਆ ਭਰ ਤੋਂ ਮਿਲ ਰਹੇ ਪਿਆਰ ਅਤੇ ਸਹਿਯੋਗ ‘ਤੇ ਮਾਣ ਮਹਿਸੂਸ ਹੁੰਦਾ ਹੈ।

ਇਰਾਨ ਖ਼ਿਲਾਫ਼ ਮੈਚ ਵਿੱਚ ਸਰਪ੍ਰੀਤ ਸਿੰਘ ਦਾ ਪ੍ਰਦਰਸ਼ਨ ਵੀ ਕਾਫ਼ੀ ਵਧੀਆ ਰਿਹਾ। ਉਹ ਨਿਊਜ਼ੀਲੈਂਡ ਦੇ ਦੋਵੇਂ ਗੋਲਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਿੱਚ ਸਫਲ ਰਹੇ। ਹਾਲਾਂਕਿ ਮੈਚ 2-2 ਦੀ ਬਰਾਬਰੀ ‘ਤੇ ਖਤਮ ਹੋਇਆ, ਪਰ ਉਹਨਾਂ ਦੇ ਖੇਡ ਨੇ ਸਭ ਦਾ ਧਿਆਨ ਆਪਣੀ ਵੱਲ ਖਿੱਚਿਆ।

ਆਕਲੈਂਡ ਵਿੱਚ ਜਨਮੇ ਸਰਪ੍ਰੀਤ ਸਿੰਘ ਨੂੰ ਬਚਪਨ ਤੋਂ ਹੀ ਫੁੱਟਬਾਲ ਦਾ ਸ਼ੌਕ ਸੀ। ਉਹਨਾਂ ਨੇ ਛੋਟੀ ਉਮਰ ਵਿੱਚ ਹੀ ਟ੍ਰੇਨਿੰਗ ਲੈਣੀ ਸ਼ੁਰੂ ਕਰ ਦਿੱਤੀ ਸੀ। ਆਪਣੀ ਮਿਹਨਤ ਨਾਲ ਉਹ ਨਿਊਜ਼ੀਲੈਂਡ ਦੀ ਯੂਥ ਟੀਮ ਤੱਕ ਪਹੁੰਚੇ ਅਤੇ ਬਾਅਦ ਵਿੱਚ ਜਰਮਨੀ ਦੇ ਮਸ਼ਹੂਰ ਕਲੱਬ ਬਾਯਰਨ ਮਿਊਨਿਖ ਨਾਲ ਵੀ ਜੁੜੇ। ਉਹ ਬੁੰਡੇਸਲੀਗਾ ਵਿੱਚ ਖੇਡਣ ਵਾਲੇ ਭਾਰਤੀ ਮੂਲ ਦੇ ਪਹਿਲੇ ਖਿਡਾਰੀਆਂ ਵਿੱਚੋਂ ਇੱਕ ਹਨ।

ਵਰਲਡ ਕਪ 2026 ਵਿੱਚ ਕਈ ਹੋਰ ਭਾਰਤੀ ਮੂਲ ਦੇ ਖਿਡਾਰੀ ਵੀ ਵੱਖ-ਵੱਖ ਦੇਸ਼ਾਂ ਲਈ ਖੇਡ ਰਹੇ ਹਨ। ਇਹ ਗੱਲ ਭਾਰਤੀ ਭਾਈਚਾਰੇ ਲਈ ਮਾਣ ਵਾਲੀ ਹੈ ਕਿ ਉਹਨਾਂ ਦੀ ਹਾਜ਼ਰੀ ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਟੂਰਨਾਮੈਂਟ ਵਿੱਚ ਵਧ ਰਹੀ ਹੈ।

ਸਰਪ੍ਰੀਤ ਸਿੰਘ ਦਾ ਮੰਨਣਾ ਹੈ ਕਿ ਭਾਰਤ ਵਿੱਚ ਟੈਲੈਂਟ ਦੀ ਕੋਈ ਘਾਟ ਨਹੀਂ ਹੈ। ਉਹਨਾਂ ਨੇ ਕਿਹਾ ਕਿ ਜੇ ਚੰਗੀਆਂ ਸਹੂਲਤਾਂ ਅਤੇ ਸਹੀ ਟ੍ਰੇਨਿੰਗ ਮਿਲੇ ਤਾਂ ਭਾਰਤੀ ਖਿਡਾਰੀ ਵੀ ਦੁਨੀਆ ਦੇ ਵੱਡੇ ਮੰਚ ‘ਤੇ ਕਾਮਯਾਬ ਹੋ ਸਕਦੇ ਹਨ।

ਹੁਣ ਨਿਊਜ਼ੀਲੈਂਡ ਦੀ ਟੀਮ ਆਪਣਾ ਅਗਲਾ ਮੈਚ ਮਿਸਰ ਨਾਲ ਖੇਡੇਗੀ। ਟੀਮ ਦੀ ਕੋਸ਼ਿਸ਼ ਰਹੇਗੀ ਕਿ ਉਹ ਪਹਿਲੀ ਵਾਰ ਵਰਲਡ ਕਪ ਦੇ ਨਾਕਆਉਟ ਸਟੇਜ ਵਿੱਚ ਜਗ੍ਹਾ ਬਣਾਏ।

Tagged:

Leave a Reply

Your email address will not be published. Required fields are marked *