Skip to main content

Gulf Akashbani

Saturday, August 1, 2026 5:43 PM

ਮੰਗਲਵਾਰ, ੮ ਵੈਸਾਖ (ਸੰਮਤ ੫੫੮ ਨਾਨਕਸ਼ਾਹੀ)

Saturday, August 1, 2026 5:43 PM

ਬੁੱਧਵਾਰ, ੧੪ ਸਾਵਣ (ਸੰਮਤ ੫੫੮ ਨਾਨਕਸ਼ਾਹੀ)

Home / ਟਰੈਵਲ / ਇਬੋਲਾ ਦੇ ਖਤਰੇ ਕਾਰਨ ਕੈਨੇਡਾ ਨੇ ਸਖ਼ਤ ਕੀਤੇ ਯਾਤਰਾ ਤੇ ਇਮੀਗ੍ਰੇਸ਼ਨ ਨਿਯਮ

ਇਬੋਲਾ ਦੇ ਖਤਰੇ ਕਾਰਨ ਕੈਨੇਡਾ ਨੇ ਸਖ਼ਤ ਕੀਤੇ ਯਾਤਰਾ ਤੇ ਇਮੀਗ੍ਰੇਸ਼ਨ ਨਿਯਮ

ਕੈਨੇਡਾ: ਅਫਰੀਕੀ ਦੇਸ਼ਾਂ ਵਿੱਚ ਤੇਜ਼ੀ ਨਾਲ ਫੈਲ ਰਹੇ ਇਬੋਲਾ ਵਾਇਰਸ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਨੇ ਨਵੇਂ ਯਾਤਰਾ ਅਤੇ ਇਮੀਗ੍ਰੇਸ਼ਨ ਨਿਯਮ ਲਾਗੂ ਕਰ ਦਿੱਤੇ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਕਦਮ ਇਬੋਲਾ ਦੇ ਮਾਮਲਿਆਂ ਨੂੰ ਕੈਨੇਡਾ ਤੱਕ ਪਹੁੰਚਣ ਤੋਂ ਰੋਕਣ ਲਈ ਚੁੱਕੇ ਗਏ ਹਨ। ਇਹ ਨਵੇਂ ਨਿਯਮ ਫਿਲਹਾਲ ਕਾਂਗੋ, ਯੂਗਾਂਡਾ ਅਤੇ ਦੱਖਣੀ ਸੁਡਾਨ ਵਰਗੇ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ‘ਤੇ ਲਾਗੂ ਕੀਤੇ ਗਏ ਹਨ।

ਕੈਨੇਡਾ ਸਰਕਾਰ ਮੁਤਾਬਕ ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਹੁਣ 21 ਦਿਨਾਂ ਤੱਕ ਆਪਣੇ ਆਪ ਨੂੰ ਇਕਾਂਤਵਾਸ ਵਿਚ ਰੱਖਣਾ ਪਵੇਗਾ। ਜੇ ਕਿਸੇ ਵਿਅਕਤੀ ਵਿੱਚ ਬੁਖਾਰ, ਕਮਜ਼ੋਰੀ ਜਾਂ ਇਬੋਲਾ ਨਾਲ ਜੁੜੇ ਲੱਛਣ ਮਿਲਦੇ ਹਨ ਤਾਂ ਉਸਨੂੰ ਤੁਰੰਤ ਮੈਡੀਕਲ ਜਾਂਚ ਲਈ ਭੇਜਿਆ ਜਾਵੇਗਾ। ਜਿਨ੍ਹਾਂ ਲੋਕਾਂ ਕੋਲ ਅਲੱਗ ਰਹਿਣ ਲਈ ਢੰਗ ਦੀ ਥਾਂ ਨਹੀਂ ਹੋਵੇਗੀ, ਉਨ੍ਹਾਂ ਲਈ ਸਰਕਾਰ ਵੱਖਰੀ ਸਹੂਲਤ ਦੇ ਸਕਦੀ ਹੈ। ਇਹ ਨਿਯਮ ਫਿਲਹਾਲ ਅਗਸਤ 2026 ਤੱਕ ਲਾਗੂ ਰਹਿਣਗੇ।

ਇਸਦੇ ਨਾਲ ਹੀ ਕੈਨੇਡਾ ਨੇ ਇਮੀਗ੍ਰੇਸ਼ਨ ਨਾਲ ਜੁੜੇ ਕਈ ਫੈਸਲੇ ਵੀ ਅਸਥਾਈ ਤੌਰ ‘ਤੇ ਰੋਕ ਦਿੱਤੇ ਹਨ। ਪ੍ਰਭਾਵਿਤ ਦੇਸ਼ਾਂ ਦੇ ਲੋਕਾਂ ਲਈ ਵੀਜ਼ਾ, ਟਰੈਵਲ ਪਰਮਿਟ ਅਤੇ ਹੋਰ ਇਮੀਗ੍ਰੇਸ਼ਨ ਦਸਤਾਵੇਜ਼ਾਂ ਦੀ ਮਨਜ਼ੂਰੀ ‘ਤੇ ਅਸਥਾਈ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਨੇ ਕਿਹਾ ਹੈ ਕਿ ਅਗਲੇ 90 ਦਿਨਾਂ ਤੱਕ ਨਵੇਂ ਅਤੇ ਪੁਰਾਣੇ ਕਈ ਕੇਸਾਂ ‘ਤੇ ਆਖਰੀ ਫੈਸਲਾ ਨਹੀਂ ਲਿਆ ਜਾਵੇਗਾ।

ਰਿਪੋਰਟਾਂ ਅਨੁਸਾਰ ਇਸ ਫੈਸਲੇ ਨਾਲ ਹਜ਼ਾਰਾਂ ਲੋਕ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ਵਿੱਚ ਅਸਥਾਈ ਵੀਜ਼ਾ, eTA ਅਤੇ ਪੱਕੀ ਰਿਹਾਇਸ਼ ਨਾਲ ਜੁੜੇ ਕੁਝ ਦਸਤਾਵੇਜ਼ ਵੀ ਸ਼ਾਮਲ ਹਨ। ਕੈਨੇਡਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਦਮ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕਿਆ ਗਿਆ ਹੈ ਤਾਂ ਜੋ ਕੋਈ ਵੀ ਸੰਭਾਵਿਤ ਖਤਰਾ ਪਹਿਲਾਂ ਹੀ ਰੋਕਿਆ ਜਾ ਸਕੇ।

ਵਿਸ਼ਵ ਸਿਹਤ ਸੰਸਥਾ (WHO) ਨੇ ਹਾਲ ਹੀ ਵਿੱਚ ਕਾਂਗੋ ਅਤੇ ਨੇੜਲੇ ਇਲਾਕਿਆਂ ਵਿੱਚ ਫੈਲ ਰਹੇ ਇਬੋਲਾ ਨੂੰ ਗੰਭੀਰ ਸਿਹਤ ਖਤਰਾ ਕਰਾਰ ਦਿੱਤਾ ਹੈ। ਰਿਪੋਰਟਾਂ ਮੁਤਾਬਕ ਸੈਂਕੜਿਆਂ ਲੋਕ ਇਸ ਬਿਮਾਰੀ ਨਾਲ ਪ੍ਰਭਾਵਿਤ ਹੋ ਚੁੱਕੇ ਹਨ ਅਤੇ ਕਈ ਲੋਕਾਂ ਦੀ ਮੌਤ ਵੀ ਹੋਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਇਬੋਲਾ ਦਾ ਇੱਕ ਖਤਰਨਾਕ ਰੂਪ ਹੈ ਜਿਸ ‘ਤੇ ਕਾਬੂ ਪਾਉਣਾ ਮੁਸ਼ਕਲ ਸਾਬਤ ਹੋ ਰਿਹਾ ਹੈ।

ਕੈਨੇਡਾ ਤੋਂ ਇਲਾਵਾ ਅਮਰੀਕਾ, ਮੈਕਸੀਕੋ ਅਤੇ ਹੋਰ ਕਈ ਦੇਸ਼ਾਂ ਨੇ ਵੀ ਏਅਰਪੋਰਟ ਸਕ੍ਰੀਨਿੰਗ, ਯਾਤਰਾ ਜਾਂਚ ਅਤੇ ਇਕਾਂਤਵਾਸ ਵਰਗੇ ਕਦਮ ਚੁੱਕਣ ਸ਼ੁਰੂ ਕਰ ਦਿੱਤੇ ਹਨ। ਮੰਨਿਆ ਜਾ ਰਿਹਾ ਹੈ ਕਿ ਜੇ ਇਬੋਲਾ ਦੇ ਮਾਮਲੇ ਵਧਦੇ ਰਹੇ ਤਾਂ ਆਉਣ ਵਾਲੇ ਸਮੇਂ ਵਿੱਚ ਅੰਤਰਰਾਸ਼ਟਰੀ ਯਾਤਰਾ ਨਿਯਮ ਹੋਰ ਵੀ ਸਖ਼ਤ ਹੋ ਸਕਦੇ ਹਨ।

Tagged:

Leave a Reply

Your email address will not be published. Required fields are marked *