ਮਿਡਲ ਈਸਟ: ਮਿਡਲ ਈਸਟ ਵਿੱਚ ਚੱਲ ਰਹੇ ਤਣਾਅ ਅਤੇ ਹਵਾਈ ਇੰਧਨ ਦੀਆਂ ਵੱਧ ਰਹੀਆਂ ਕੀਮਤਾਂ ਦਾ ਅਸਰ ਹੁਣ ਭਾਰਤ ਦੀਆਂ ਏਅਰਲਾਈਨਾਂ ‘ਤੇ ਵੀ ਦਿਖਾਈ ਦੇਣਾ ਸ਼ੁਰੂ ਹੋ ਗਿਆ ਹੈ। ਦੇਸ਼ ਦੀ ਵੱਡੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੇ ਜੂਨ ਤੋਂ ਅਗਸਤ 2026 ਤੱਕ ਆਪਣੀਆਂ ਕਈ ਘਰੇਲੂ ਉਡਾਣਾਂ ਘਟਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਵਿੱਚ ਤੇਜ਼ ਵਾਧੇ ਕਾਰਨ ਕਈ ਰੂਟਾਂ ‘ਤੇ ਉਡਾਣਾਂ ਚਲਾਉਣਾ ਮਹਿੰਗਾ ਪੈ ਰਿਹਾ ਹੈ।
ਰਿਪੋਰਟਾਂ ਮੁਤਾਬਕ ਏਅਰ ਇੰਡੀਆ ਆਪਣੀਆਂ ਘਰੇਲੂ ਉਡਾਣਾਂ ਵਿੱਚ ਲਗਭਗ 20 ਤੋਂ 22 ਫੀਸਦੀ ਤੱਕ ਕਟੌਤੀ ਕਰ ਸਕਦੀ ਹੈ। ਇਸ ਸਮੇਂ ਕੰਪਨੀ ਹਰ ਹਫ਼ਤੇ ਕਰੀਬ 4,400 ਉਡਾਣਾਂ ਚਲਾਉਂਦੀ ਹੈ, ਜਿਨ੍ਹਾਂ ਵਿੱਚ ਘਰੇਲੂ ਅਤੇ ਅੰਤਰਰਾਸ਼ਟਰੀ ਦੋਵੇਂ ਸੇਵਾਵਾਂ ਸ਼ਾਮਲ ਹਨ। ਕੰਪਨੀ ਪਹਿਲਾਂ ਹੀ ਕੁਝ ਅੰਤਰਰਾਸ਼ਟਰੀ ਉਡਾਣਾਂ ਘਟਾ ਚੁੱਕੀ ਹੈ ਅਤੇ ਹੁਣ ਘਰੇਲੂ ਨੈੱਟਵਰਕ ਵਿੱਚ ਵੀ ਕਮੀ ਕੀਤੀ ਜਾ ਰਹੀ ਹੈ ਤਾਂ ਜੋ ਵੱਧ ਰਹੇ ਖਰਚੇ ਨੂੰ ਕਾਬੂ ਕੀਤਾ ਜਾ ਸਕੇ।
ਏਅਰ ਇੰਡੀਆ ਦੇ ਅਧਿਕਾਰੀਆਂ ਦੇ ਅਨੁਸਾਰ ਪਹਿਲਾਂ ਹਵਾਈ ਇੰਧਨ ਦੀ ਕੀਮਤ ਲਗਭਗ 80 ਹਜ਼ਾਰ ਰੁਪਏ ਪ੍ਰਤੀ ਕਿਲੋਲੀਟਰ ਸੀ, ਜੋ ਹੁਣ ਵੱਧ ਕੇ 1 ਲੱਖ ਰੁਪਏ ਪ੍ਰਤੀ ਕਿਲੋਲੀਟਰ ਤੋਂ ਵੀ ਉੱਪਰ ਪਹੁੰਚ ਗਈ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਕਿਸੇ ਵੀ ਏਅਰਲਾਈਨ ਦੇ ਕੁੱਲ ਖਰਚੇ ਵਿੱਚ ਫਿਊਲ ਦਾ ਹਿੱਸਾ ਲਗਭਗ 40 ਫੀਸਦੀ ਤੱਕ ਹੁੰਦਾ ਹੈ, ਇਸ ਲਈ ਕੀਮਤਾਂ ਵਿੱਚ ਵਾਧਾ ਸਿੱਧਾ ਕੰਪਨੀਆਂ ‘ਤੇ ਅਸਰ ਪਾਂਦਾ ਹੈ।
ਮਿਡਲ ਈਸਟ ਦੇ ਤਣਾਅ ਕਾਰਨ ਕਈ ਏਅਰਲਾਈਨਾਂ ਨੂੰ ਲੰਮੇ ਰਸਤੇ ਵਰਤਣੇ ਪੈ ਰਹੇ ਹਨ, ਜਿਸ ਨਾਲ ਫਿਊਲ ਦੀ ਖਪਤ ਅਤੇ ਖਰਚ ਦੋਵੇਂ ਵਧ ਗਏ ਹਨ। ਇਸਦਾ ਅਸਰ ਦਿੱਲੀ ਅਤੇ ਮੁੰਬਈ ਵਰਗੇ ਵੱਡੇ ਸ਼ਹਿਰਾਂ ਦੀਆਂ ਕਨੈਕਟਿੰਗ ਫਲਾਈਟਾਂ ‘ਤੇ ਵੀ ਪੈ ਰਿਹਾ ਹੈ। ਯਾਤਰੀਆਂ ਦੀ ਗਿਣਤੀ ਵਿੱਚ ਵੀ ਕੁਝ ਕਮੀ ਦੇਖੀ ਜਾ ਰਹੀ ਹੈ।
ਏਅਰ ਇੰਡੀਆ ਨੇ ਯਾਤਰੀਆਂ ਨੂੰ ਭਰੋਸਾ ਦਿੱਤਾ ਹੈ ਕਿ ਜਿਨ੍ਹਾਂ ਉਡਾਣਾਂ ‘ਤੇ ਅਸਰ ਪਵੇਗਾ, ਉਨ੍ਹਾਂ ਨੂੰ ਹੋਰ ਫਲਾਈਟ ਦਾ ਵਿਕਲਪ, ਮੁਫ਼ਤ ਡੇਟ ਬਦਲਣ ਦੀ ਸਹੂਲਤ ਜਾਂ ਪੂਰਾ ਰਿਫੰਡ ਦਿੱਤਾ ਜਾਵੇਗਾ। ਕੰਪਨੀ ਨੇ ਕਿਹਾ ਹੈ ਕਿ ਹਾਲਾਤ ਸਧਾਰਨ ਹੋਣ ‘ਤੇ ਉਡਾਣਾਂ ਦੀ ਗਿਣਤੀ ਦੁਬਾਰਾ ਵਧਾਈ ਜਾ ਸਕਦੀ ਹੈ।
ਦੂਜੇ ਪਾਸੇ ਇੰਡੀਗੋ ਵਰਗੀਆਂ ਹੋਰ ਏਅਰਲਾਈਨਾਂ ਵੀ ਕੁਝ ਰੂਟਾਂ ‘ਤੇ ਉਡਾਣਾਂ ਘਟਾਉਣ ਬਾਰੇ ਸੋਚ ਰਹੀਆਂ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਹਵਾਈ ਇੰਧਨ ਦੀਆਂ ਕੀਮਤਾਂ ਇਸੇ ਤਰ੍ਹਾਂ ਵਧਦੀਆਂ ਰਹੀਆਂ ਤਾਂ ਆਉਣ ਵਾਲੇ ਸਮੇਂ ਵਿੱਚ ਹਵਾਈ ਟਿਕਟਾਂ ਹੋਰ ਮਹਿੰਗੀਆਂ ਹੋ ਸਕਦੀਆਂ ਹਨ, ਜਿਸਦਾ ਸਿੱਧਾ ਅਸਰ ਆਮ ਲੋਕਾਂ ਦੀ ਜੇਬ ‘ਤੇ ਪਵੇਗਾ।








