Gulf Akashbani

Tuesday, June 16, 2026 12:17 AM

ਸੋਮਵਾਰ, ੧ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਅੰਤਰਰਾਸ਼ਟਰੀ / ਬ੍ਰਿਟੇਨ ਵਿੱਚ ਵਿਦਿਆਰਥੀ ਦੇ ਕਤਲ ਮਾਮਲੇ ‘ਚ ਨੌਜਵਾਨ ਨੂੰ ਉਮਰ ਕੈਦ, ਧਾਰਮਿਕ ਚਾਕੂ ਨੂੰ ਲੈ ਕੇ ਛਿੜੀ ਨਵੀਂ ਚਰਚਾ

ਬ੍ਰਿਟੇਨ ਵਿੱਚ ਵਿਦਿਆਰਥੀ ਦੇ ਕਤਲ ਮਾਮਲੇ ‘ਚ ਨੌਜਵਾਨ ਨੂੰ ਉਮਰ ਕੈਦ, ਧਾਰਮਿਕ ਚਾਕੂ ਨੂੰ ਲੈ ਕੇ ਛਿੜੀ ਨਵੀਂ ਚਰਚਾ

ਬ੍ਰਿਟੇਨ: ਬ੍ਰਿਟੇਨ ਦੇ ਸਾਊਥਹੈਂਪਟਨ ਸ਼ਹਿਰ ਵਿੱਚ 18 ਸਾਲਾ ਯੂਨੀਵਰਸਿਟੀ ਵਿਦਿਆਰਥੀ ਹੈਨਰੀ ਨੋਵਾਕ ਦੇ ਕਤਲ ਮਾਮਲੇ ਵਿੱਚ ਅਦਾਲਤ ਨੇ 23 ਸਾਲਾ ਵਿਕਰਮ ਡਿਗਵਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਹੁਕਮਾਂ ਅਨੁਸਾਰ ਉਹ ਘੱਟੋ-ਘੱਟ 21 ਸਾਲ ਜੇਲ੍ਹ ਵਿੱਚ ਬਿਤਾਉਣ ਤੋਂ ਬਾਅਦ ਹੀ ਪੈਰੋਲ ਲਈ ਅਰਜ਼ੀ ਦੇ ਸਕੇਗਾ।

ਇਹ ਘਟਨਾ ਦਸੰਬਰ 2025 ਵਿੱਚ ਵਾਪਰੀ ਸੀ। ਜਾਣਕਾਰੀ ਮੁਤਾਬਕ ਹੈਨਰੀ ਨੋਵਾਕ ਆਪਣੇ ਦੋਸਤਾਂ ਨਾਲ ਸਮਾਂ ਬਿਤਾਉਣ ਤੋਂ ਬਾਅਦ ਘਰ ਵਾਪਸ ਜਾ ਰਿਹਾ ਸੀ, ਜਦੋਂ ਉਸ ਦੀ ਮੁਲਾਕਾਤ ਵਿਕਰਮ ਡਿਗਵਾ ਨਾਲ ਹੋਈ। ਕੁਝ ਸਮੇਂ ਬਾਅਦ ਦੋਵਾਂ ਵਿਚਕਾਰ ਤਿੱਖੀ ਬਹਿਸ ਹੋ ਗਈ ਅਤੇ ਡਿਗਵਾ ਨੇ ਚਾਕੂ ਨਾਲ ਹੈਨਰੀ ਨੋਵਾਕ ‘ਤੇ ਕਈ ਵਾਰ ਕਰ ਦਿੱਤੇ। ਗੰਭੀਰ ਜ਼ਖ਼ਮੀ ਹੋਏ ਹੈਨਰੀ ਦੀ ਬਾਅਦ ਵਿੱਚ ਮੌਤ ਹੋ ਗਈ।

ਸੁਣਵਾਈ ਦੌਰਾਨ ਦੋਸ਼ੀ ਨੇ ਦਲੀਲ ਦਿੱਤੀ ਕਿ ਉਹ ਆਪਣੇ ਨਾਲ ਜੋ ਵੱਡਾ ਚਾਕੂ ਰੱਖਦਾ ਸੀ, ਉਹ ਉਸ ਦੇ ਧਾਰਮਿਕ ਵਿਸ਼ਵਾਸ ਨਾਲ ਜੁੜਿਆ ਹੋਇਆ ਸੀ। ਹਾਲਾਂਕਿ ਅਦਾਲਤ ਨੇ ਇਸ ਦਲੀਲ ਨੂੰ ਸਵੀਕਾਰ ਨਹੀਂ ਕੀਤਾ। ਜੱਜ ਨੇ ਕਿਹਾ ਕਿ ਦੋਸ਼ੀ ਕੋਲ ਪਹਿਲਾਂ ਹੀ ਇੱਕ ਛੋਟੀ ਕਿਰਪਾਨ ਮੌਜੂਦ ਸੀ ਅਤੇ ਕਤਲ ਵਿੱਚ ਵਰਤਿਆ ਗਿਆ ਚਾਕੂ ਧਾਰਮਿਕ ਲੋੜ ਤੋਂ ਕਾਫ਼ੀ ਵੱਡਾ ਅਤੇ ਖ਼ਤਰਨਾਕ ਸੀ।

ਸਜ਼ਾ ਸੁਣਾਉਂਦੇ ਹੋਏ ਜੱਜ ਵਿਲੀਅਮ ਮੌਸਲੇ ਨੇ ਕਿਹਾ ਕਿ ਦੋਸ਼ੀ ਦੇ ਇਸ ਕਦਮ ਨੇ ਨਾ ਸਿਰਫ਼ ਇੱਕ ਨੌਜਵਾਨ ਦੀ ਜਾਨ ਲਈ ਹੈ, ਸਗੋਂ ਉਸ ਦੇ ਆਪਣੇ ਪਰਿਵਾਰ, ਭਾਈਚਾਰੇ ਅਤੇ ਧਰਮ ਦੀ ਸਾਖ਼ ਨੂੰ ਵੀ ਨੁਕਸਾਨ ਪਹੁੰਚਾਇਆ ਹੈ।

ਇਸ ਮਾਮਲੇ ਨੇ ਉਸ ਵੇਲੇ ਹੋਰ ਵੀ ਧਿਆਨ ਖਿੱਚਿਆ ਜਦੋਂ ਘਟਨਾ ਤੋਂ ਬਾਅਦ ਦੋਸ਼ੀ ਨੇ ਪੁਲਿਸ ਨੂੰ ਦੱਸਿਆ ਕਿ ਉਸ ਨਾਲ ਨਸਲੀ ਭੇਦਭਾਵ ਕੀਤਾ ਗਿਆ ਸੀ। ਇਸ ਜਾਣਕਾਰੀ ਦੇ ਆਧਾਰ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਸ਼ੁਰੂ ਵਿੱਚ ਜ਼ਖ਼ਮੀ ਵਿਦਿਆਰਥੀ ਨੂੰ ਹੀ ਸ਼ੱਕੀ ਸਮਝ ਲਿਆ ਸੀ। ਬਾਅਦ ਵਿੱਚ ਸਾਹਮਣੇ ਆਈ ਬਾਡੀ ਕੈਮਰਾ ਫੁਟੇਜ ਵਿੱਚ ਹੈਨਰੀ ਨੂੰ ਮਦਦ ਲਈ ਅਪੀਲ ਕਰਦੇ ਹੋਏ ਦੇਖਿਆ ਗਿਆ, ਜਿਸ ਤੋਂ ਬਾਅਦ ਪੁਲਿਸ ਦੀ ਕਾਰਵਾਈ ‘ਤੇ ਵੀ ਸਵਾਲ ਉੱਠੇ।

ਇਸ ਘਟਨਾ ਤੋਂ ਬਾਅਦ ਬ੍ਰਿਟੇਨ ਵਿੱਚ ਧਾਰਮਿਕ ਕਾਰਨਾਂ ਕਰਕੇ ਜਨਤਕ ਥਾਵਾਂ ‘ਤੇ ਧਾਰਦਾਰ ਹਥਿਆਰ ਰੱਖਣ ਦੇ ਨਿਯਮਾਂ ਬਾਰੇ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਕਈ ਸਿਆਸੀ ਆਗੂਆਂ ਅਤੇ ਭਾਈਚਾਰਕ ਨੁਮਾਇੰਦਿਆਂ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਇੱਕ ਵਿਅਕਤੀ ਦੀ ਕਰਤੂਤ ਲਈ ਕਿਸੇ ਪੂਰੇ ਭਾਈਚਾਰੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਜਾਣਾ ਚਾਹੀਦਾ।

ਹੈਨਰੀ ਨੋਵਾਕ ਦੇ ਪਰਿਵਾਰ ਨੇ ਅਦਾਲਤ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਇਨਸਾਫ਼ ਮਿਲਣਾ ਜ਼ਰੂਰੀ ਸੀ, ਪਰ ਉਹ ਆਪਣੇ ਪੁੱਤਰ ਦੀ ਕਮੀ ਕਦੇ ਪੂਰੀ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਸ ਦੁਖਦਾਈ ਘਟਨਾ ਨੇ ਉਨ੍ਹਾਂ ਦੀ ਜ਼ਿੰਦਗੀ ਹਮੇਸ਼ਾ ਲਈ ਬਦਲ ਦਿੱਤੀ ਹੈ।

Tagged:

Leave a Reply

Your email address will not be published. Required fields are marked *