Gulf Akashbani

Tuesday, June 16, 2026 11:49 AM

ਮੰਗਲਵਾਰ, ੨ ਹਾੜ (ਸੰਮਤ ੫੫੮ ਨਾਨਕਸ਼ਾਹੀ)

Home / ਯੂ.ਏ.ਈ / ਦੁਬਈ / ਸ਼ੇਖ ਹਮਦਾਨ ਵੱਲੋਂ ਭਾਰਤੀ ਅਧਿਆਪਕ ਨੂੰ 10 ਲੱਖ ਡਾਲਰ ਦਾ ਜੈਮਜ਼ ਗਲੋਬਲ ਟੀਚਰ ਇਨਾਮ

ਸ਼ੇਖ ਹਮਦਾਨ ਵੱਲੋਂ ਭਾਰਤੀ ਅਧਿਆਪਕ ਨੂੰ 10 ਲੱਖ ਡਾਲਰ ਦਾ ਜੈਮਜ਼ ਗਲੋਬਲ ਟੀਚਰ ਇਨਾਮ

ਇੱਕ ਮਿਲੀਅਨ ਬੱਚਿਆਂ ਲਈ ਆਸ ਦੀ ਮਿਸਾਲ ਬਣੀ ਰੂਬਲ ਨਾਗੀ

ਭਾਰਤੀ ਕਲਾਕਾਰ, ਸਮਾਜਿਕ ਨਵੀਨਤਾ ਕਰਨ ਵਾਲੀ ਅਤੇ ਸਮਰਪਿਤ ਅਧਿਆਪਕਾ ਰੂਬਲ ਨਾਗੀ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਧਿਆਪਕ ਸਨਮਾਨ — 1 ਮਿਲੀਅਨ ਅਮਰੀਕੀ ਡਾਲਰ ਦਾ ਜੈਮਜ਼ ਐਜੂਕੇਸ਼ਨ ਗਲੋਬਲ ਟੀਚਰ ਪ੍ਰਾਈਜ਼ — ਨਾਲ ਨਵਾਜ਼ਿਆ ਗਿਆ ਹੈ।

ਰੂਬਲ ਨਾਗੀ ਨੂੰ ਇਸ ਸਾਲ 139 ਦੇਸ਼ਾਂ ਤੋਂ ਆਈਆਂ 5,000 ਤੋਂ ਵੱਧ ਅਰਜ਼ੀਆਂ ਅਤੇ ਨਾਮਜ਼ਦਗੀਆਂ ਵਿੱਚੋਂ ਚੁਣਿਆ ਗਿਆ। ਇਹ ਐਲਾਨ ਵਰਲਡ ਗਵਰਨਮੈਂਟ ਸਮਿੱਟ ਦੇ ਆਖ਼ਰੀ ਦਿਨ ਕੀਤਾ ਗਿਆ। ਇਨਾਮ ਦੂਬਈ ਦੇ ਕ੍ਰਾਊਨ ਪ੍ਰਿੰਸ ਸ਼ੇਖ ਹਮਦਾਨ ਬਿਨ ਮੁਹੰਮਦ ਬਿਨ ਰਾਸ਼ਿਦ ਅਲ ਮਕਤੂਮ ਨੇ ਜੈਮਜ਼ ਐਜੂਕੇਸ਼ਨ ਦੇ ਸਥਾਪਕ ਸਨੀ ਵਰਕੀ ਅਤੇ ਵਰਕੀ ਫਾਊਂਡੇਸ਼ਨ ਨਾਲ ਮਿਲ ਕੇ ਸੌਂਪਿਆ।

ਇਨਾਮ ਸਵੀਕਾਰ ਕਰਦੇ ਸਮੇਂ ਰੂਬਲ ਨਾਗੀ ਭਾਵੁਕ ਨਜ਼ਰ ਆਈ। ਅੱਖਾਂ ਵਿੱਚ ਹੰਝੂਆਂ ਨਾਲ ਉਸ ਨੇ ਕਿਹਾ ਕਿ ਇਹ ਪਲ ਉਸਦੇ ਸੁਪਨੇ ਦੇ ਸਚ ਹੋਣ ਵਰਗਾ ਹੈ। ਉਸ ਨੇ ਦੱਸਿਆ ਕਿ ਪਿਛਲੇ 24 ਸਾਲਾਂ ਤੋਂ ਉਹ ਹਰ ਸਵੇਰ ਦੂਰ-ਦੁਰਾਜ਼ ਇਲਾਕਿਆਂ, ਝੁੱਗੀ-ਝੋਪੜੀਆਂ ਅਤੇ ਪਿੱਛੜੇ ਸਮਾਜਾਂ ਵਿੱਚ ਬੱਚਿਆਂ ਨੂੰ ਪੜ੍ਹਾਉਣ ਲਈ ਜਾਂਦੀ ਰਹੀ ਹੈ। ਉਸਦਾ ਇਕੋ ਮਕਸਦ ਸੀ ਕਿ ਕਿਸੇ ਵੀ ਬੱਚੇ ਦੀ ਪੜ੍ਹਾਈ ਅੱਧ ਵਿਚਕਾਰ ਨਾ ਛੁੱਟੇ ਅਤੇ ਹਰ ਬੱਚਾ ਸਕੂਲ ਤੱਕ ਪਹੁੰਚੇ।

ਰੂਬਲ ਨਾਗੀ ਨੇ ‘ਮਿਸਾਲ ਇੰਡੀਆ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ, ਜਿਸ ਦੇ ਰਾਹੀਂ ਘੱਟ ਖਰਚੇ ‘ਚ ਕਲਾ ਅਧਾਰਿਤ ਸਿੱਖਿਆ ਦਿੱਤੀ ਜਾਂਦੀ ਹੈ। ਇਸ ਪ੍ਰੋਗਰਾਮ ਨਾਲ 100 ਤੋਂ ਵੱਧ ਝੁੱਗੀਆਂ ਅਤੇ ਪਿੰਡਾਂ ਵਿੱਚ ਇੱਕ ਮਿਲੀਅਨ ਤੋਂ ਜ਼ਿਆਦਾ ਬੱਚਿਆਂ ਨੂੰ ਲਾਭ ਮਿਲਿਆ। ਇਸ ਤਰੀਕੇ ਵਿੱਚ ਪੜ੍ਹਨਾ-ਲਿਖਣਾ, ਗਿਣਤੀ, ਜੀਵਨ ਕੌਸ਼ਲ ਅਤੇ ਰੁਜ਼ਗਾਰਕ ਤਾਲੀਮ ਨੂੰ ਕਲਾ ਨਾਲ ਜੋੜ ਕੇ ਪੜ੍ਹਾਇਆ ਜਾਂਦਾ ਹੈ, ਤਾਂ ਜੋ ਬੱਚੇ ਦਿਲਚਸਪੀ ਨਾਲ ਸਿੱਖਣ।

ਉਸਨੇ ‘ਮਿਸਾਲ ਮੁੰਬਈ’ ਪ੍ਰੋਜੈਕਟ ਦੀ ਵੀ ਨੀਂਹ ਰੱਖੀ, ਜੋ ਭਾਰਤ ਦੀ ਪਹਿਲੀ ਝੁੱਗੀ ਸੁਧਾਰ ਮੁਹਿੰਮ ਹੈ। ਇਸ ਤਹਿਤ 1.55 ਲੱਖ ਤੋਂ ਵੱਧ ਘਰਾਂ ਨੂੰ ਰੰਗਿਆ ਗਿਆ, ਨਾਲ ਹੀ ਸਾਫ਼-ਸਫ਼ਾਈ, ਪਾਣੀ ਤੋਂ ਬਚਾਅ ਅਤੇ ਸਿਹਤ ਸੰਬੰਧੀ ਜਾਗਰੂਕਤਾ ਕਾਰਜਕ੍ਰਮ ਵੀ ਚਲਾਏ ਗਏ।

ਗਲੋਬਲ ਟੀਚਰ ਪ੍ਰਾਈਜ਼ ਇਸ ਸਾਲ ਆਪਣਾ 10ਵਾਂ ਸਾਲ ਮਨਾ ਰਿਹਾ ਹੈ। ਇਹ ਇਨਾਮ ਹਰ ਸਾਲ ਦੁਨੀਆ ਦੇ ਇੱਕ ਅਸਾਧਾਰਣ ਅਧਿਆਪਕ ਨੂੰ ਦਿੱਤਾ ਜਾਂਦਾ ਹੈ। ਇਹ ਵਰਕੀ ਫਾਊਂਡੇਸ਼ਨ ਵੱਲੋਂ ਯੂਨੇਸਕੋ ਦੇ ਸਹਿਯੋਗ ਨਾਲ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ ਇਸ ਇਨਾਮ ਲਈ ਦੁਨੀਆ ਭਰ ਤੋਂ ਇੱਕ ਲੱਖ ਤੋਂ ਵੱਧ ਅਰਜ਼ੀਆਂ ਆ ਚੁੱਕੀਆਂ ਹਨ।

ਰੂਬਲ ਨਾਗੀ ਨੇ ਕਿਹਾ ਕਿ ਅਧਿਆਪਕ ਹਮੇਸ਼ਾ ਮਹੱਤਵਪੂਰਨ ਰਹੇ ਹਨ, ਪਰ ਅੱਜ ਉਹਨਾਂ ਦੀ ਭੂਮਿਕਾ ਹੋਰ ਵੀ ਵੱਧ ਗਈ ਹੈ। ਅਧਿਆਪਕ ਹੀ ਬੱਚਿਆਂ ਨੂੰ ਪ੍ਰੇਰਿਤ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਚੰਗੀ ਸਿੱਖਿਆ ਵੱਲ ਲੈ ਜਾ ਸਕਦੇ ਹਨ।

ਰੂਬਲ ਨਾਗੀ ਦੀ ਇਹ ਉਪਲਬਧੀ ਨਾ ਸਿਰਫ਼ ਭਾਰਤ ਲਈ ਮਾਣ ਦੀ ਗੱਲ ਹੈ, ਸਗੋਂ ਉਹਨਾਂ ਸਾਰੇ ਅਧਿਆਪਕਾਂ ਲਈ ਪ੍ਰੇਰਣਾ ਹੈ ਜੋ ਚੁੱਪਚਾਪ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਲੱਗੇ ਹੋਏ।

Leave a Reply

Your email address will not be published. Required fields are marked *