ਅੰਮ੍ਰਿਤਸਰ: ਅੰਮ੍ਰਿਤਸਰ ਦੇ ਇੱਕ ਪਰਿਵਾਰ ਲਈ ਜਰਮਨੀ ਤੋਂ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਲਾਕੇ ਦੇ ਇੱਕ ਪਿੰਡ ਦੇ ਨੌਜਵਾਨ ਦੀ ਉੱਥੇ ਇੱਕ ਝੀਲ ਵਿੱਚ ਡੁੱਬਣ ਕਾਰਨ ਮੌਤ ਹੋ ਗਈ। ਇਸ ਅਚਾਨਕ ਵਾਪਰੀ ਦਰਦਨਾਕ ਘਟਨਾ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ ਅਤੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ ਹੈ।
ਮ੍ਰਿਤਕ ਹਰਸ਼ਪ੍ਰੀਤ ਸਿੰਘ ਅੰਮ੍ਰਿਤਸਰ ਦੇ ਬਿਆਸ ਨੇੜਲੇ ਪਿੰਡ ਬੁੱਢਾ ਥੇ ਦਾ ਰਹਿਣ ਵਾਲਾ ਸੀ। ਉਸ ਦੀ ਉਮਰ ਕਰੀਬ 16 ਤੋਂ 18 ਸਾਲ ਦੱਸੀ ਜਾ ਰਹੀ ਹੈ। ਉਸ ਦੇ ਪਿਤਾ ਪਿਛਲੇ ਕਈ ਸਾਲਾਂ ਤੋਂ ਜਰਮਨੀ ਵਿੱਚ ਰਹਿ ਕੇ ਕੰਮ ਕਰ ਰਹੇ ਹਨ। ਹਰਸ਼ਪ੍ਰੀਤ ਕਰੀਬ ਇੱਕ ਸਾਲ ਪਹਿਲਾਂ ਆਪਣੇ ਪਿਤਾ ਨੂੰ ਮਿਲਣ ਲਈ ਜਰਮਨੀ ਗਿਆ ਸੀ।
ਦੋਸਤਾਂ ਨਾਲ ਝੀਲ ਵਿੱਚ ਨਹਾਉਣ ਗਿਆ ਸੀ ਹਰਸ਼ਪ੍ਰੀਤ
ਪਰਿਵਾਰਕ ਸਰੋਤਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਹਰਸ਼ਪ੍ਰੀਤ ਪਿਛਲੇ ਸਾਲ ਵੀਜ਼ਾ ਮਿਲਣ ਤੋਂ ਬਾਅਦ ਆਪਣੇ ਪਿਤਾ ਕੋਲ ਘੁੰਮਣ ਲਈ ਜਰਮਨੀ ਗਿਆ ਸੀ। ਉੱਥੇ ਉਹ ਆਪਣੇ ਕੁਝ ਦੋਸਤਾਂ ਨਾਲ ਇੱਕ ਝੀਲ ‘ਤੇ ਘੁੰਮਣ ਅਤੇ ਨਹਾਉਣ ਗਿਆ। ਇਸ ਦੌਰਾਨ ਨਹਾਉਂਦੇ ਸਮੇਂ ਉਹ ਡੂੰਘੇ ਪਾਣੀ ਵਿੱਚ ਚਲਾ ਗਿਆ ਅਤੇ ਡੁੱਬ ਗਿਆ। ਉਸ ਦੇ ਦੋਸਤਾਂ ਅਤੇ ਸਥਾਨਕ ਲੋਕਾਂ ਨੇ ਉਸ ਨੂੰ ਬਚਾਉਣ ਲਈ ਕਾਫ਼ੀ ਕੋਸ਼ਿਸ਼ ਕੀਤੀ, ਪਰ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।
ਪਰਿਵਾਰ ਦਾ ਇਕਲੌਤਾ ਪੁੱਤਰ ਸੀ ਹਰਸ਼ਪ੍ਰੀਤ
ਮ੍ਰਿਤਕ ਹਰਸ਼ਪ੍ਰੀਤ ਦੀ ਮਾਤਾ ਨੇ ਰੋਂਦਿਆਂ ਦੱਸਿਆ ਕਿ ਹਰਸ਼ਪ੍ਰੀਤ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਅਤੇ ਪੂਰੇ ਪਰਿਵਾਰ ਨੂੰ ਉਸ ਤੋਂ ਬਹੁਤ ਉਮੀਦਾਂ ਸਨ। ਉਸ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ।
ਅਮਿਤ ਸ਼ਾਹ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਮਦਦ ਦੀ ਅਪੀਲ
ਸੋਗ ਵਿੱਚ ਡੁੱਬੇ ਪਰਿਵਾਰ ਅਤੇ ਪਿੰਡ ਬੁੱਢਾ ਥੇ ਦੇ ਵਸਨੀਕਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਕੋਲ ਇਸ ਮੁਸ਼ਕਲ ਘੜੀ ਵਿੱਚ ਮਦਦ ਦੀ ਅਪੀਲ ਕੀਤੀ ਹੈ। ਹਰਸ਼ਪ੍ਰੀਤ ਦੀ ਮਾਤਾ ਅਤੇ ਪਿੰਡ ਵਾਸੀਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਬੇਨਤੀ ਕੀਤੀ ਹੈ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਤੌਰ ‘ਤੇ ਦਖ਼ਲ ਦੇਣ।
ਪਰਿਵਾਰ ਨੇ ਮੰਗ ਕੀਤੀ ਹੈ ਕਿ ਅੰਤਰਰਾਸ਼ਟਰੀ ਪੱਧਰ ਦੀਆਂ ਸਾਰੀਆਂ ਲੋੜੀਂਦੀਆਂ ਕਾਰਵਾਈਆਂ ਜਲਦੀ ਤੋਂ ਜਲਦੀ ਪੂਰੀਆਂ ਕਰਵਾਈਆਂ ਜਾਣ ਤਾਂ ਜੋ ਹਰਸ਼ਪ੍ਰੀਤ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾ ਸਕੇ ਅਤੇ ਉਸ ਦਾ ਸਸਕਾਰ ਸਿੱਖ ਧਾਰਮਿਕ ਰੀਤੀ-ਰਿਵਾਜਾਂ ਅਨੁਸਾਰ ਕੀਤਾ ਜਾ ਸਕੇ।
ਪਿੰਡ ਵਿੱਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ ਅਤੇ ਪਿੰਡ ਵਾਸੀਆਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾਵੇ।








