ਯੂਏਈ : ਯੂਏਈ ਵਿੱਚ ਰਹਿੰਦੇ ਭਾਰਤੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਯੂਏਈ ਦੇ ਵੱਖ-ਵੱਖ ਹਿੱਸਿਆਂ ਵਿੱਚ ਭਾਰਤੀ ਪਾਸਪੋਰਟ, ਵੀਜ਼ਾ ਅਤੇ ਹੋਰ ਕੌਂਸਲਰ ਸੇਵਾਵਾਂ ਲਈ 16 ਨਵੇਂ ਸਰਵਿਸ ਸੈਂਟਰ ਖੋਲ੍ਹੇ ਜਾਣਗੇ। ਇਹ ਸੈਂਟਰ ਕੇਰਲ ਦੀ ਮਸ਼ਹੂਰ ਕੰਪਨੀ Alhind Group ਵੱਲੋਂ ਚਲਾਏ ਜਾਣਗੇ। ਨਵੀਂ ਸੇਵਾ 1 ਜੁਲਾਈ 2026 ਤੋਂ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਸ ਨਵੇਂ ਬਦਲਾਅ ਨਾਲ ਪਿਛਲੇ ਕਈ ਸਾਲਾਂ ਤੋਂ ਇਹ ਸੇਵਾਵਾਂ ਦੇ ਰਹੀ ਕੰਪਨੀ BLS International ਦੀ ਜਗ੍ਹਾ ਹੁਣ Alhind Group ਕੰਮ ਸੰਭਾਲੇਗੀ। ਭਾਰਤੀ ਦੂਤਾਵਾਸ ਨੇ ਟੈਂਡਰ ਪ੍ਰਕਿਰਿਆ ਤੋਂ ਬਾਅਦ Alhind ਨੂੰ ਇਹ ਠੇਕਾ ਦਿੱਤਾ ਹੈ। ਇਸ ਦੌਰਾਨ VFS Global, DU Digital Global ਅਤੇ SGIVS Global ਵਰਗੀਆਂ ਕੰਪਨੀਆਂ ਵੀ ਦੌੜ ਵਿੱਚ ਸ਼ਾਮਲ ਸਨ।
ਨਵੀਂ ਵਿਵਸਥਾ ਹੇਠ ਭਾਰਤੀ ਨਾਗਰਿਕਾਂ ਨੂੰ ਪਾਸਪੋਰਟ ਰੀਨਿਊਅਲ, ਨਵਾਂ ਪਾਸਪੋਰਟ ਬਣਵਾਉਣ, ਵੀਜ਼ਾ ਪ੍ਰੋਸੈਸਿੰਗ, OCI ਕਾਰਡ, ਪੁਲਿਸ ਕਲੀਅਰੈਂਸ ਸਰਟੀਫਿਕੇਟ (PCC), ਸਰੈਂਡਰ ਸਰਟੀਫਿਕੇਟ, ਅਟੈਸਟੇਸ਼ਨ ਅਤੇ ਹੋਰ ਕੌਂਸਲਰ ਸੇਵਾਵਾਂ ਮਿਲਣਗੀਆਂ। ਇਹ ਸਾਰੀਆਂ ਸੇਵਾਵਾਂ ਅਬੂ ਧਾਬੀ ਸਥਿਤ ਭਾਰਤੀ ਦੂਤਾਵਾਸ ਅਤੇ ਦੁਬਈ ਵਿੱਚ ਭਾਰਤੀ ਕੌਂਸਲੇਟ ਨਾਲ ਜੁੜੀਆਂ ਹੋਣਗੀਆਂ।
Alhind Group ਨੇ ਦੱਸਿਆ ਹੈ ਕਿ ਉਹ ਯੂਏਈ ਦੇ ਸਾਰੇ ਸੱਤ ਅਮੀਰਾਤ ਵਿੱਚ ਆਪਣੇ ਸੈਂਟਰ ਖੋਲ੍ਹੇਗੀ। ਇਨ੍ਹਾਂ ਵਿੱਚ ਅਬੂ ਧਾਬੀ, ਦੁਬਈ, ਸ਼ਾਰਜਾਹ, ਅਜਮਾਨ, ਫੁਜੈਰਾਹ, ਅਲ ਐਨ, ਕਲਬਾ ਅਤੇ ਖੋਰ ਫੱਕਾਨ ਵਰਗੇ ਇਲਾਕੇ ਸ਼ਾਮਲ ਹਨ। ਇਸ ਨਾਲ ਉਹਨਾਂ ਲੋਕਾਂ ਨੂੰ ਵੱਡੀ ਸਹੂਲਤ ਮਿਲੇਗੀ ਜਿਨ੍ਹਾਂ ਨੂੰ ਹੁਣ ਤੱਕ ਦੂਰ ਜਾ ਕੇ ਪਾਸਪੋਰਟ ਜਾਂ ਵੀਜ਼ਾ ਨਾਲ ਜੁੜੇ ਕੰਮ ਕਰਨੇ ਪੈਂਦੇ ਸਨ।
ਕੰਪਨੀ ਦਾ ਕਹਿਣਾ ਹੈ ਕਿ ਨਵੀਂ ਪ੍ਰਣਾਲੀ ਵਿੱਚ ਆਨਲਾਈਨ ਸਿਸਟਮ ਨੂੰ ਹੋਰ ਆਸਾਨ ਅਤੇ ਤੇਜ਼ ਬਣਾਇਆ ਜਾਵੇਗਾ। ਨਵਾਂ ਵੈਬਸਾਈਟ ਅਤੇ ਡਿਜ਼ਿਟਲ ਪ੍ਰੋਸੈਸ ਲਿਆਂਦੇ ਜਾਣਗੇ ਤਾਂ ਜੋ ਲੋਕਾਂ ਨੂੰ ਅਪਾਇੰਟਮੈਂਟ ਬੁੱਕ ਕਰਨ ਅਤੇ ਦਸਤਾਵੇਜ਼ ਜਮ੍ਹਾਂ ਕਰਵਾਉਣ ਵਿੱਚ ਘੱਟ ਸਮਾਂ ਲੱਗੇ।
ਰਿਪੋਰਟਾਂ ਮੁਤਾਬਕ Alhind Group ਨੇ ਸਰਵਿਸ ਚਾਰਜ ਵੀ ਘੱਟ ਰੱਖਣ ਦੀ ਯੋਜਨਾ ਬਣਾਈ ਹੈ। ਦੂਤਾਵਾਸ ਦੀ ਫੀਸ ਤੋਂ ਇਲਾਵਾ ਕਰੀਬ 19 ਦਿਰਹਮ ਦਾ ਇੱਕੋ ਜਿਹਾ ਸਰਵਿਸ ਚਾਰਜ ਲਿਆ ਜਾ ਸਕਦਾ ਹੈ, ਜਿਸ ਵਿੱਚ ਫੋਟੋ ਅਤੇ ਫੋਟੋਕਾਪੀ ਵਰਗੀਆਂ ਸਹੂਲਤਾਂ ਵੀ ਸ਼ਾਮਲ ਹੋ ਸਕਦੀਆਂ ਹਨ।
ਇਸ ਬਦਲਾਅ ਦਾ ਅਸਰ ਯੂਏਈ ਵਿੱਚ ਰਹਿੰਦੇ 40 ਲੱਖ ਤੋਂ ਵੱਧ ਭਾਰਤੀਆਂ ‘ਤੇ ਪਵੇਗਾ। ਹਰ ਸਾਲ ਲੱਖਾਂ ਲੋਕ ਪਾਸਪੋਰਟ ਰੀਨਿਊਅਲ, ਵੀਜ਼ਾ ਅਤੇ ਹੋਰ ਦਸਤਾਵੇਜ਼ੀ ਕੰਮਾਂ ਲਈ ਇਨ੍ਹਾਂ ਸੇਵਾਵਾਂ ਦੀ ਵਰਤੋਂ ਕਰਦੇ ਹਨ। ਇਸ ਲਈ ਇਹ ਤਬਦੀਲੀ ਭਾਰਤੀ ਭਾਈਚਾਰੇ ਲਈ ਕਾਫ਼ੀ ਮਹੱਤਵਪੂਰਨ ਮੰਨੀ ਜਾ ਰਹੀ ਹੈ।
ਨਵੇਂ ਸੈਂਟਰ ਸ਼ੁਰੂ ਹੋਣ ਨਾਲ Alhind Group ਵੱਡੇ ਪੱਧਰ ‘ਤੇ ਭਰਤੀਆਂ ਵੀ ਕਰ ਰਹੀ ਹੈ। ਕੰਪਨੀ ਨੇ 300 ਤੋਂ ਵੱਧ ਨੌਕਰੀਆਂ ਲਈ ਅਰਜ਼ੀਆਂ ਮੰਗੀਆਂ ਹਨ, ਜਿਨ੍ਹਾਂ ਵਿੱਚ ਫਰੰਟ ਡੈਸਕ ਸਟਾਫ, ਸਬਮਿਸ਼ਨ ਅਫਸਰ, ਓਪਰੇਸ਼ਨ ਸਟਾਫ ਅਤੇ ਬ੍ਰਾਂਚ ਹੈੱਡ ਵਰਗੀਆਂ ਪੋਸਟਾਂ ਸ਼ਾਮਲ ਹਨ।








