ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀਰਵਾਰ ਨੂੰ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਪੇਸ਼ ਹੋਏ ਹਨ।
5 ਜਨਵਰੀ ਨੂੰ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਆਦੇਸ਼ ਮੁਤਾਬਕ ਅਕਾਲ ਤਖ਼ਤ ਸਕੱਤਰੇਤ ਵੱਲੋਂ ਮੁੱਖ ਮੰਤਰੀ ਨੂੰ ਸਿੱਖ ਰਹਿਤ ਮਰਿਆਦਾ ‘ਤੇ ਕਥਿਤ ਇਤਰਾਜ਼ਯੋਗ ਬਿਆਨ ਦੇਣ ਅਤੇ ਇੱਕ ਵਾਇਰਲ ਵੀਡੀਓ ਨੂੰ ਲੈ ਕੇ ਬਾਰੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਸੀ।
ਸੀਐੱਮ ਮਾਨ ਵੀਰਵਾਰ ਨੂੰ ਲਗਭਗ 11 ਵਜੇ ਆਪਣੇ ਵੀਆਈਪੀ ਕਾਫਲੇ ਨਾਲ ਹਰਿਮੰਦਰ ਸਾਹਿਬ ਪਹੁੰਚੇ ਸਨ ਅਤੇ ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਅਕਾਲ ਤਖ਼ਤ ਸਕੱਤਰੇਤ ਅੰਦਰ ਦਾਖਲ ਹੋਏ।
ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਅੱਗੇ ਪੇਸ਼ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੱਤਰੇਤ ਦੇ ਬਾਹਰ ਆ ਕੇ ਮੀਡੀਆ ਨੂੰ ਸੰਬੋਧਨ ਕੀਤਾ।
ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਮਾਨ ਨੇ ਕਿਹਾ, “ਜਥੇਦਾਰ ਅਕਾਲ ਤਖ਼ਤ ਸਾਹਿਬ ਵੱਲੋਂ ਜੋ ਆਦੇਸ਼ ਹੋਏ ਸੀ ਕਿ ਮੈਂ ਆਪਣਾ ਸਪਸ਼ਟੀਕਰਨ ਸਕੱਤਰੇਤ ਵਿੱਚ ਪੇਸ਼ ਹੋ ਕੇ ਆਪਣਾ ਪੱਖ ਰੱਖਾਂ। ਉਸੇ ਸਿਲਸਿਲੇ ਵਿੱਚ ਮੈਂ ਨਿਮਾਣੇ ਸਿੱਖ ਵਜੋਂ ਅੱਜ ਅਕਾਲ ਤਖ਼ਤ ਸਕੱਤਰੇਤ ਵਿੱਚ ਨਤਮਸਤਕ ਹੋਇਆ ਹਾਂ। ਸਿੰਘ ਸਾਹਿਬ ਕੋਲ ਮੇਰੀਆਂ ਸਟੇਟਮੈਂਟਸ ਜਾਂ ਸਰਕਾਰ ਨਾਲ ਸੰਬੰਧਿਤ ਕੰਮਾਂ ਦੀ ਸ਼ਿਕਾਇਤ ਉਹਨਾਂ ਕੋਲ ਪਹੁੰਚੀ ਹੋਵੇਗੀ, ਉਸ ਬਾਰੇ ਮੈਂ ਆਪਣਾ ਸਪਸ਼ਟੀਕਰਨ ਦੇ ਦਿੱਤਾ ਹੈ।”
“ਬਤੌਰ ਪੰਜਾਬ ਦੇ ਮੁੱਖ ਮੰਤਰੀ ਮੇਰੇ ਕੋਲ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਬਾਰੇ ਜੋ ਸ਼ਿਕਾਇਤ ਆਉਂਦੀ ਸੀ, ਉਸ ਸੰਬੰਧੀ ਕੁਝ ਸਬੂਤ ਮੈਂ ਅਕਾਲ ਤਖ਼ਤ ਸਾਹਿਬ ਵਿੱਚ ਜਮਾ ਕਰਵਾ ਆਇਆ ਹਾਂ। ਸਿੰਘ ਸਾਹਿਬ ਨੇ ਵੀ ਕਿਹਾ ਕਿ ਅਸੀਂ ਇਸ ਦੀ ਜਾਂਚ ਕਰਾਵਾਂਗੇ।”
“ਮੈਂ ਇਹ ਵੀ ਪੱਖ ਰੱਖਿਆ ਕਿ ਜੋ ਨੈਰੇਟਿਵ ਬਣਾਇਆ ਜਾ ਰਿਹਾ ਸੀ ਕਿ ਮੈਂ ਅਕਾਲ ਤਖ਼ਤ ਨਾਲ ਮੱਥਾ ਲਾਉਣ ਦੀ ਗੱਲ ਕਰ ਰਿਹਾ ਹਾਂ ਤਾਂ ਮੈਂ ਸਪੱਸ਼ਟ ਕੀਤਾ ਹੈ ਕਿ ਅਜਿਹਾ ਕੁਝ ਨਹੀਂ ਹੈ।”
“ਇਸ ਤੋਂ ਬਾਅਦ ਸਿੰਘ ਸਾਹਿਬ ਨੇ ਕਿਹਾ ਕਿ ਸਾਡੇ ਕੋਲ ਤੁਹਾਡਾ ਪੱਖ ਪਹੁੰਚ ਗਿਆ ਹੈ, ਜੋ ਵੀ ਫੈਸਲੇ ਹੋਣਗੇ ਤੁਹਾਨੂੰ ਅਗਾਹ ਕਰ ਦਿੱਤਾ ਜਾਵੇਗਾ।”





