ਤੇਲੰਗਾਨਾ ਸੂਬੇ ਦੇ ਭਦਰਾਦਰੀ ਕੋਠਾਗੁਡੇਮ ਜ਼ਿਲ੍ਹੇ ਦੇ ਅਸਵਾਰਾਓਪੇਟ ਮੰਡਲ ਦੇ ਇੱਕ ਉੱਚੇ ਪਹਾੜ ਉੱਤੇ ਸਥਿਤ ਸੰਘਣੇ ਜੰਗਲ ਵਿੱਚ ਪਿਛਲੇ 25 ਸਾਲਾਂ ਤੋਂ ਸਿਰਫ਼ ਤਿੰਨ ਮੈਂਬਰਾਂ ਦਾ ਇੱਕ ਕਬਾਇਲੀ ਪਰਿਵਾਰ ਰਹਿ ਰਿਹਾ ਹੈ।
ਬਸ ਤਿੰਨ ਜਣੇ- ਪਤੀ, ਪਤਨੀ ਅਤੇ ਪੁੱਤਰ।
ਇੱਥੋਂ ਤੱਕ ਜੇ ਤੁਸੀਂ ਇਸ ਪਹਾੜੀ ਜੰਗਲ ਤੋਂ ਤਿੰਨ ਕਿਲੋਮੀਟਰ ਹੇਠਾਂ ਵੀ ਚਲੇ ਜਾਓ, ਤਾਂ ਵੀ ਤੁਹਾਨੂੰ ਕਿਸੇ ਮਨੁੱਖ ਦੀ ਮੌਜੂਦਗੀ ਦਾ ਨਿਸ਼ਾਨ ਤੱਕ ਨਹੀਂ ਮਿਲੇਗਾ। ਅੱਜ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਬਣ ਚੁੱਕੀਆਂ ਟੈਲੀਫ਼ੋਨ ਅਤੇ ਬਿਜਲੀ ਦੀਆਂ ਸਹੂਲਤਾਂ ਉੱਥੇ ਮੌਜੂਦ ਨਹੀਂ ਹਨ। ਫਿਰ ਵੀ ਉਹ ਤਿੰਨ ਜਣੇ ਉੱਥੇ ਹੀ ਰਹਿ ਰਹੇ ਹਨ।
ਪਰ ਆਖ਼ਰ ਉਹ ਤਿੰਨੇ ਉੱਥੇ ਕਿਉਂ ਰਹਿ ਰਹੇ ਹਨ? ਉਨ੍ਹਾਂ ਦੀ ਰੋਜ਼ਾਨਾ ਜ਼ਿੰਦਗੀ ਕਿਹੋ ਜਿਹੀ ਹੈ? ਛੇ ਸਾਲਾਂ ਤੋਂ ਜੰਗਲ ਨਾ ਛੱਡਣ ਵਾਲੇ ਇਨ੍ਹਾਂ ਲੋਕਾਂ ਬਾਰੇ ਪ੍ਰਸ਼ਾਸਨ ਕੀ ਕਹਿੰਦਾ ਹੈ? ਆਓ ਜਾਣਦੇ ਹਾਂ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ…
ਕਬਾਇਲੀ ਲੋਕਾਂ ਵੱਲੋਂ ਪੂਜੀ ਜਾਣ ਵਾਲੀ ਦੇਵੀ ਗੁੱਬਾਲਾਮੰਗਅੰਮਾ ਦਾ ਮੰਦਰ ਤੇਲੰਗਾਨਾ ਦੇ ਅਸਵਾਰਾਓਪੇਟ ਮੰਡਲ ਅਤੇ ਆਂਧਰਾ ਪ੍ਰਦੇਸ਼ ਦੇ ਬੁੱਟਾਇਗੁਡੇਮ ਮੰਡਲ ਦੀ ਸਰਹੱਦ ‘ਤੇ ਸਥਿਤ ਏਜੰਸੀ ਖੇਤਰ ਵਿੱਚ ਹੈ।
ਉਸ ਮੰਦਰ ਤੋਂ ਅੱਗੇ ਟੇਕਰੀਆਂ ਅਤੇ ਸੰਘਣੇ ਜੰਗਲਾਂ ਦਾ ਸਾਰਾ ਇਲਾਕਾ ਤੇਲੰਗਾਨਾ ਦੇ ਕਾਂਥਲਮ ਜੰਗਲ ਖੇਤਰ ਵਿੱਚ ਆਉਂਦਾ ਹੈ।
ਸ਼ਾਮ 6 ਵਜੇ ਤੋਂ ਬਾਅਦ ਗੁੱਬਾਲਾਮੰਗਅੰਮਾ ਮੰਦਰ ‘ਚ ਕੋਈ ਵੀ ਨਹੀਂ ਆਉਂਦਾ-ਜਾਂਦਾ। ਮੰਦਰ ਤੋਂ ਲਗਭਗ ਤਿੰਨ ਕਿਲੋਮੀਟਰ ਉੱਪਰ ਪਹਾੜ ਉੱਤੇ ਸਥਿਤ ਸੰਘਣੇ ਜੰਗਲ ਵਿੱਚ ਕਈ ਸਾਲਾਂ ਤੋਂ 40 ਕਬਾਇਲੀ ਪਰਿਵਾਰ ਰਹਿ ਰਹੇ ਸਨ। ਇਸ ਪਿੰਡ ਨੂੰ ਗੋਗੁਲਾਪੁਡੀ ਕਿਹਾ ਜਾਂਦਾ ਸੀ।
ਸਾਲ 1990 ਤੋਂ ਪ੍ਰਸ਼ਾਸਨ ਉਨ੍ਹਾਂ ਪਰਿਵਾਰਾਂ ਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕਰਦਾ ਆ ਰਿਹਾ ਸੀ, ਕਿਉਂਕਿ ਉੱਥੇ ਬੁਨਿਆਦੀ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਨਹੀਂ ਜਾ ਸਕਦੀਆਂ ਸਨ।






