ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ (ਆਈਸੀਈ) ਦੇ ਏਜੰਟ ਉਸ ਘਟਨਾ ਵਾਲੀ ਥਾਂ ‘ਤੇ ਖੜ੍ਹੇ ਹਨ ਜਿੱਥੇ ਇਸਦੇ ਏਜੰਟਾਂ ਨੇ 7 ਜਨਵਰੀ, 2026 ਨੂੰ ਅਮਰੀਕਾ ਦੇ ਮਿਨੀਐਪੋਲਿਸ, ਮਿਨੀਸੋਟਾ ਵਿੱਚ ਦਿਨ-ਦਿਹਾੜੇ 37 ਸਾਲਾ ਰੇਨੀ ਨਿਕੋਲ ਗੁੱਡ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।
ਮਿਨੀਐਪੋਲਿਸ ਵਿੱਚ 37 ਸਾਲਾ ਰੇਨੀ ਨਿਕੋਲ ਗੁੱਡ ਦੀ ਮੌਤ ਤੋਂ ਬਾਅਦ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਘਟਨਾ ਤੋਂ ਬਾਅਦ ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਏਜੰਸੀ (ਆਈਸੀਈ) ਦੀਆਂ ਕਾਰਵਾਈਆਂ ਦੀ ਹੁਣ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਟਰੰਪ ਦੇ ਵ੍ਹਾਈਟ ਹਾਊਸ ਵਾਪਸ ਆਉਣ ਤੋਂ ਬਾਅਦ ਆਈਸੀਈ ਨੇ ਹਜ਼ਾਰਾਂ ਗ੍ਰਿਫਤਾਰੀਆਂ ਕੀਤੀਆਂ ਹਨ, ਜੋ ਅਕਸਰ ਜਨਤਕ ਥਾਵਾਂ ‘ਤੇ ਹੋਈਆਂ ਹਨ।
ਇਨ੍ਹਾਂ ਕਾਰਵਾਈਆਂ ਕਾਰਨ ਏਜੰਸੀ ਦੇ ਏਜੰਟ ਦੇਸ ਭਰ ਦੇ ਵੱਖ-ਵੱਖ ਭਾਈਚਾਰਿਆਂ ਵਿੱਚ ਪਹੁੰਚ ਰਹੇ ਹਨ। ਏਜੰਸੀ ਦੀਆਂ ਇਨ੍ਹਾਂ ਕਾਰਵਾਈਆਂ ਦਾ ਕੁਝ ਸਥਾਨਕ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ।
ਟਰੰਪ ਦੀ ਚੋਣ ਮੁਹਿੰਮ ਦਾ ਇੱਕ ਮੁੱਖ ਵਾਅਦਾ ‘ਦੇਸ ਨਿਕਾਲਾ’ ਦੀ ਇੱਕ ਵਿਆਪਕ ਮੁਹਿੰਮ ਸੀ। ਹੁਣ ਆਈਸੀਈ ਇਸ ਮੁਹਿੰਮ ਦੀ ਅਗਵਾਈ ਕਰ ਰਹੀ।
ਰਾਸ਼ਟਰਪਤੀ ਡੌਨਲਡ ਟਰੰਪ ਨੇ ਵ੍ਹਾਈਟ ਹਾਊਸ ਪਰਤਣ ਤੋਂ ਬਾਅਦ ਆਈਸੀਈ, ਇਸ ਦੇ ਬਜਟ ਅਤੇ ਮਿਸ਼ਨ ਨੂੰ ਕਾਫੀ ਵਧਾਇਆ ਹੈ। ਇਹ ਏਜੰਸੀ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਅਤੇ ਬਿਨਾਂ ਦਸਤਾਵੇਜ਼ਾਂ ਵਾਲੇ ਪਰਵਾਸੀਆਂ ਦੀ ਜਾਂਚ ਕਰਦੀ ਹੈ। ਇਹ ਅਮਰੀਕਾ ਤੋਂ ਗੈਰ-ਦਸਤਾਵੇਜ਼ੀ ਪਰਵਾਸੀਆਂ ਨੂੰ ਬਾਹਰ ਕੱਢਣ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ।
11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਦੇ ਜਵਾਬ ਵਜੋਂ ਆਈਸੀਈ ਦਾ ਗਠਨ 2002 ਦੇ ‘ਹੋਮਲੈਂਡ ਸਕਿਓਰਿਟੀ ਐਕਟ’ ਦੇ ਤਹਿਤ ਕੀਤਾ ਗਿਆ ਸੀ। ਇਸ ਕਾਨੂੰਨ ਨੇ ਹੋਮਲੈਂਡ ਸਕਿਓਰਿਟੀ ਵਿਭਾਗ (ਡੀਐਚਐੱਸ) ਬਣਾਇਆ, ਜਿਸ ਵਿੱਚ ਆਈਸੀਈ ਇੱਕ ਸਹਾਇਕ ਏਜੰਸੀ ਵਜੋਂ ਸ਼ਾਮਲ ਸੀ।





