ਯੂਏਈ ਵਿੱਚ ਡਾਕਟਰਾਂ ਨੇ ਮੁੜ ਚੇਤਾਵਨੀ ਦਿੱਤੀ ਹੈ ਕਿ ਐਂਟੀਬਾਇਓਟਿਕ ਦਵਾਈਆਂ ਦੀ ਗਲਤ ਅਤੇ ਬੇਵਜ੍ਹਾ ਵਰਤੋਂ ਲੋਕਾਂ ਦੀ ਸਿਹਤ ਲਈ ਗੰਭੀਰ ਸਮੱਸਿਆ ਬਣ ਰਹੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਇਸ ਕਾਰਨ ਬੈਕਟੀਰੀਆ ਦਵਾਈਆਂ ਦੇ ਅਸਰ ਤੋਂ ਬਚਣ ਲੱਗ ਪੈਂਦੇ ਹਨ, ਜਿਸ ਨਾਲ ਆਮ ਇਨਫੈਕਸ਼ਨ ਦਾ ਇਲਾਜ ਵੀ ਔਖਾ ਹੋ ਜਾਂਦਾ ਹੈ।
ਫਲੂ ਦੇ ਮੌਸਮ ਦੌਰਾਨ ਕਈ ਕਲੀਨਿਕਾਂ ਵਿੱਚ ਅਜੇਹੇ ਮਰੀਜ਼ ਆ ਰਹੇ ਹਨ ਜਿਨ੍ਹਾਂ ਨੂੰ ਬੁਖ਼ਾਰ, ਖੰਘ ਅਤੇ ਸਰੀਰ ਦਰਦ ਹੈ।
ਕਈ ਲੋਕ ਡਾਕਟਰ ਕੋਲ ਜਾਣ ਤੋਂ ਪਹਿਲਾਂ ਹੀ ਆਪਣੇ ਆਪ ਐਂਟੀਬਾਇਓਟਿਕ ਲੈ ਲੈਂਦੇ ਹਨ, ਜਿਸ ਨਾਲ ਸਮੱਸਿਆ ਹੋਰ ਵਧ ਜਾਂਦੀ ਹੈ।
ਸਿਹਤ ਮਾਹਿਰਾਂ ਨੇ ਦੱਸਿਆ ਕਿ ਜ਼ੁਕਾਮ, ਫਲੂ ਅਤੇ ਗਲੇ ਦੀ ਦਰਦ ਅਕਸਰ ਵਾਇਰਸ ਕਾਰਨ ਹੁੰਦੇ ਹਨ। ਐਂਟੀਬਾਇਓਟਿਕ ਵਾਇਰਸ ‘ਤੇ ਅਸਰ ਨਹੀਂ ਕਰਦੀ।
ਫਿਰ ਵੀ ਕਈ ਲੋਕ ਇਹ ਸੋਚ ਕੇ ਦਵਾਈ ਲੈਂਦੇ ਹਨ ਕਿ ਜਲਦੀ ਠੀਕ ਹੋ ਜਾਣਗੇ।
ਡਾਕਟਰਾਂ ਨੇ ਕਿਹਾ ਕਿ ਕਈ ਲੋਕ ਪਿਛਲੀ ਬਿਮਾਰੀ ਤੋਂ ਬਚੀ ਹੋਈ ਦਵਾਈ ਵਰਤ ਲੈਂਦੇ ਹਨ ਜਾਂ ਬਾਹਰ ਦੇਸ਼ਾਂ ਤੋਂ ਦਵਾਈ ਲਿਆ ਕੇ ਖਾਂਦੇ ਹਨ। ਇਹ ਆਦਤ ਖ਼ਤਰਨਾਕ ਹੈ।
ਦਵਾਈ ਗਲਤ ਤਰੀਕੇ ਨਾਲ ਲੈਣ ਨਾਲ ਸਰੀਰ ਵਿੱਚ ਦਵਾਈ ਦੇ ਅਸਰ ਨੂੰ ਰੋਕਣ ਵਾਲੇ ਕੀਟਾਣੂ ਤਿਆਰ ਹੋ ਜਾਂਦੇ ਹਨ।
ਸਿਹਤ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਂਟੀਬਾਇਓਟਿਕ ਸਿਰਫ਼ ਡਾਕਟਰੀ ਸਲਾਹ ਨਾਲ ਹੀ ਵਰਤੀ ਜਾਵੇ।
ਦਵਾਈ ਦਾ ਕੋਰਸ ਪੂਰਾ ਕਰਨਾ ਜ਼ਰੂਰੀ ਹੈ ਅਤੇ ਬਚੀ ਹੋਈ ਦਵਾਈ ਕਿਸੇ ਹੋਰ ਨੂੰ ਨਹੀਂ ਦੇਣੀ ਚਾਹੀਦੀ। ਡਾਕਟਰਾਂ ਮੁਤਾਬਕ ਲੋਕਾਂ ਵਿੱਚ ਸਹੀ ਜਾਣਕਾਰੀ ਅਤੇ ਸਾਵਧਾਨੀ ਹੀ ਇਸ ਸਮੱਸਿਆ ਨੂੰ ਰੋਕ ਸਕਦੀ ਹੈ। ਸਮੇਂ ‘ਤੇ ਡਾਕਟਰ ਨਾਲ ਸਲਾਹ ਲੈਣਾ ਸਿਹਤ ਲਈ ਸਭ ਤੋਂ ਸੁਰੱਖਿਅਤ ਹੈ।








