ਕੈਨੇਡੀਅਨ ਕ੍ਰਿਕਟ ਟੀਮ ਦਾ ਨਵਾਂ ਕਪਤਾਨ ਸਿੱਖ ਨੌਜਵਾਨ ਦਿਲਪ੍ਰੀਤ ਸਿੰਘ ਬਾਜਵਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਸ਼ਹਿਰ ਦਾ ਜੰਮਪਲ ਹੈ ।
ਦਿਲਪ੍ਰੀਤ ਇੱਕ ਹਰਫਨਮੌਲਾ ਖਿਡਾਰੀ ਹਨ ਜੋ ਸੱਜੇ ਹੱਥ ਦੇ ਬੱਲੇਬਾਜ਼ ਹਨ ਅਤੇ ਰਾਈਟ ਆਰਮ ਆਫ-ਬਰੇਕ ਸਟਾਈਲ ਦੀ ਗੇਂਦਬਾਜ਼ੀ ਕਰਦੇ ਹਨ।
ਦਿਲਪ੍ਰੀਤ ਦੇ ਕੌਮਾਂਤਰੀ ਕ੍ਰਿਕਟ ਜੀਵਨ ਦੀ ਸ਼ੁਰੂਆਤ ਕੈਨੇਡਾ ਵਿੱਚ ਹੀ ਹੋਈ ਸੀ।
ਦਿਲਪ੍ਰੀਤ ਨੇ ਆਪਣਾ ਪਹਿਲਾ ਟੀ-20 ਮੈਚ ਕੈਨੇਡਾ ਵੱਲੋਂ ਬਰਮੂਡਾ ਦੇ ਖਿਲਾਫ਼ ਸੈਂਡਸ ਪੈਰਿਸ਼ ਵਿੱਚ ਸਤੰਬਰ 2024 ਵਿੱਚ ਹੀ ਖੇਡਿਆ ਸੀ।
ਦਿਲਪ੍ਰੀਤ ਸਿੰਘ ਬਾਜਵਾ ਸਾਲ 2020 ਚ ਆਪਣੀ ਮਾਂ ਹਰਲੀਨ ਕੌਰ ਨਾਲ ਕੈਨੇਡਾ ਚਲੇ ਗਏ ਸਨ। ਉਨ੍ਹਾਂ ਦੇ ਪਿਤਾ ਹਰਪ੍ਰੀਤ ਸਿੰਘ ਜੋ ਪਹਿਲਾ ਪੰਜਾਬ ਖੇਤੀਬਾੜੀ ਵਿਭਾਗ ਵਿੱਚ ਮੁਲਾਜ਼ਮ ਸਨ, ਉਹ ਵੀ ਸਾਲ 2010 ਵਿੱਚ ਕੈਨੇਡਾ ਚੱਲੇ ਗਏ ਸਨ ।
ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਐਕਸ ਪੋਸਟ ਰਾਹੀਂ ਦਿਲਪ੍ਰੀਤ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਉਨ੍ਹਾਂ ਨੇ ਇਸ ਨੂੰ ਦਿਲਪ੍ਰੀਤ ਦੀ “”ਸਖ਼ਤ ਮਿਹਨਤ, ਦ੍ਰਿੜਤਾ ਅਤੇ ਪ੍ਰਤਿਭਾ” ਦੀ ਜਿੱਤ ਦੱਸਦਿਆਂ, “ਭਵਿੱਖ ਵਿੱਚ ਅਪਾਰ ਸਫਲਤਾ ਲਈ ਸ਼ੁਭਕਾਮਨਾਵਾਂ” ਦਿੱਤੀਆਂ ਹਨ।
ਦਿਲਪ੍ਰੀਤ ਸਿੰਘ ਦੱਸਦੇ ਹਨ ਕਿ ਉਸਦਾ ਜਨਮ ਬਟਾਲਾ ਵਿੱਚ ਹੋਇਆ ਅਤੇ ਉਸਨੇ ਮੁੱਢਲੀ ਸਿੱਖਿਆ ਇੱਥੋਂ ਦੇ ਡੀਏਵੀ ਸੈਂਟੇਨਰੀ ਸਕੂਲ ਤੋਂ ਹਾਸਲ ਕੀਤੀ। ਕ੍ਰਿਕਟ ਦੀ ਸ਼ੁਰੂਆਤ ਵੀ ਸਕੂਲ ਤੋਂ ਹੋਈ ਜਦਕਿ ਜ਼ਿਲ੍ਹਾ ਪੱਧਰੀ ਕੈਂਪ ਵਿੱਚ ਹਿੱਸਾ ਲੈਣ ਤੋਂ ਬਾਅਦ ਉਹ ਗੁਰਦਾਸਪੁਰ ਵਿੱਚ ਕ੍ਰਿਕਟ ਕੋਚ ਰਾਕੇਸ਼ ਮਾਰਸ਼ਲ ਕੋਲ ਉਨ੍ਹਾਂ ਦੀ ਅਕੈਡਮੀ ਵਿੱਚ ਸਿਖਲਾਈ ਲਈ ਚਲੇ ਗਏ।






