ਭਾਰਤ ਵਿੱਚ ਕੈਂਸਰ ਦੇ ਮਾਮਲੇ ਲਗਾਤਾਰ ਵਧ ਰਹੇ ਹਨ। ਅੰਕੜਿਆਂ ਮੁਤਾਬਕ ਹਰ ਸਾਲ ਕਰੀਬ 15 ਲੱਖ ਨਵੇਂ ਕੈਂਸਰ ਦੇ ਕੇਸ ਸਾਹਮਣੇ ਆਉਂਦੇ ਹਨ। ਬਹੁਤ ਸਾਰੇ ਮਾਮਲੇ ਦੇਰ ਨਾਲ ਪਤਾ ਲੱਗਦੇ ਹਨ, ਕਿਉਂਕਿ ਸ਼ੁਰੂਆਤੀ ਲੱਛਣ ਸਾਫ਼ ਨਹੀਂ ਹੁੰਦੇ।
ਕਈ ਕਿਸਮਾਂ ਦਾ ਕੈਂਸਰ ਸ਼ੁਰੂ ਵਿੱਚ ਬਿਨਾਂ ਦਰਦ ਜਾਂ ਵੱਡੇ ਲੱਛਣਾਂ ਦੇ ਵਧਦਾ ਹੈ, ਖਾਸ ਕਰਕੇ ਪੇਟ ਅਤੇ ਛਾਤੀ ਨਾਲ ਜੁੜੇ ਕੈਂਸਰ। ਹਲਕੀ ਤਕਲੀਫ਼, ਪੇਟ ਫੁੱਲਣਾ, ਥਕਾਵਟ ਜਾਂ ਹਲਕਾ ਦਰਦ ਅਕਸਰ ਲੋਕ ਐਸਿਡਿਟੀ, ਤਣਾਅ ਜਾਂ ਉਮਰ ਨਾਲ ਜੋੜ ਦਿੰਦੇ ਹਨ। ਇਸ ਕਰਕੇ ਜਾਂਚ ਦੇਰ ਨਾਲ ਹੁੰਦੀ ਹੈ।
ਡਾਕਟਰਾਂ ਦੇ ਅਨੁਸਾਰ, ਕਈ ਮਰੀਜ਼ ਮਹੀਨਿਆਂ ਤੱਕ ਲੱਛਣ ਸਹਿੰਦੇ ਰਹਿੰਦੇ ਹਨ ਅਤੇ ਸੋਚਦੇ ਹਨ ਕਿ ਇਹ ਆਮ ਸਮੱਸਿਆ ਹੈ। ਪਰ ਅਸਲ ਮੁਸ਼ਕਲ ਬਿਮਾਰੀ ਨਹੀਂ, ਸਗੋਂ ਦੇਰ ਨਾਲ ਡਾਕਟਰ ਕੋਲ ਜਾਣਾ ਹੁੰਦਾ ਹੈ।
ਕੁਝ ਲੱਛਣ ਆਉਂਦੇ ਅਤੇ ਜਾਂਦੇ ਰਹਿੰਦੇ ਹਨ, ਜਿਵੇਂ ਕਦੇ-ਕਦੇ ਖੂਨ ਆਉਣਾ, ਖੰਘ ਜੋ ਠੀਕ ਹੋ ਕੇ ਮੁੜ ਆ ਜਾਵੇ ਜਾਂ ਆਵਾਜ਼ ਦਾ ਬਾਰ-ਬਾਰ ਭਰ ਜਾਣਾ। ਇਹ ਲੱਛਣ ਵੀ ਗੰਭੀਰ ਸਮੱਸਿਆ ਵੱਲ ਇਸ਼ਾਰਾ ਕਰ ਸਕਦੇ ਹਨ।
ਕਈ ਵਾਰ ਕੈਂਸਰ ਬਿਨਾਂ ਦਰਦ ਦੇ ਵੀ ਵਧਦਾ ਹੈ। ਛਾਤੀ, ਗਰਦਨ ਜਾਂ ਸਰੀਰ ਦੇ ਕਿਸੇ ਹਿੱਸੇ ਵਿੱਚ ਬਿਨਾਂ ਦਰਦ ਦੀ ਗੰਢ ਜ਼ਿਆਦਾ ਚਿੰਤਾ ਵਾਲੀ ਹੋ ਸਕਦੀ ਹੈ। ਬਿਨਾਂ ਕਾਰਨ ਖੂਨ ਆਉਣਾ ਜਾਂ ਨਿਗਲਣ ਵਿੱਚ ਦਿੱਕਤ ਵੀ ਗੰਭੀਰ ਸੰਕੇਤ ਹੋ ਸਕਦੇ ਹਨ।
ਮਰਦਾਂ ਅਤੇ ਔਰਤਾਂ ਵਿੱਚ ਕੁਝ ਲੱਛਣ ਵੱਖਰੇ ਵੀ ਹੋ ਸਕਦੇ ਹਨ। ਔਰਤਾਂ ਕਈ ਵਾਰ ਅਸਧਾਰਣ ਖੂਨ ਆਉਣ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜਦਕਿ ਮਰਦ ਪੇਸ਼ਾਬ ਜਾਂ ਹੋਰ ਸਰੀਰਕ ਬਦਲਾਵਾਂ ਨੂੰ ਉਮਰ ਨਾਲ ਜੋੜ ਦਿੰਦੇ ਹਨ।
ਡਾਕਟਰਾਂ ਮੁਤਾਬਕ, ਤਿੰਨ ਲੱਛਣ ਐਸੇ ਹਨ ਜੋ ਕਿਸੇ ਵੀ ਉਮਰ ਵਿੱਚ ਨਜ਼ਰਅੰਦਾਜ਼ ਨਹੀਂ ਕਰਨੇ ਚਾਹੀਦੇ—
ਬਿਨਾਂ ਕਾਰਨ ਵਜ਼ਨ ਘਟਣਾ,
ਕੋਈ ਗੰਢ ਜਾਂ ਸੁਜਨ ਜੋ ਠੀਕ ਨਾ ਹੋਵੇ,
ਅਤੇ ਪੇਸ਼ਾਬ, ਪਾਖਾਨੇ ਜਾਂ ਮੂੰਹ ਰਾਹੀਂ ਬਿਨਾਂ ਕਾਰਨ ਖੂਨ ਆਉਣਾ।
ਸਰੀਰ ਦੇ ਸੰਕੇਤਾਂ ਨੂੰ ਸਮਝਣਾ ਅਤੇ ਸਮੇਂ ’ਤੇ ਡਾਕਟਰ ਨਾਲ ਸਲਾਹ ਕਰਨਾ ਬਹੁਤ ਜ਼ਰੂਰੀ ਹੈ। ਸ਼ੁਰੂਆਤੀ ਪੜਾਅ ’ਚ ਕੈਂਸਰ ਦੀ ਪਛਾਣ ਨਾਲ ਇਲਾਜ ਆਸਾਨ ਹੁੰਦਾ ਹੈ ਅਤੇ ਜਾਨ ਬਚਣ ਦੀ ਸੰਭਾਵਨਾ ਵਧ ਜਾਂਦੀ ਹੈ।








